ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਬਠਿੰਡਾ ਤਹਿਸੀਲ ਦਫ਼ਤਰ ਦੀ ਅਚਨਚੇਤੀ ਚੈਕਿੰਗ

Global Team
2 Min Read

ਚੰਡੀਗੜ੍ਹ/ਬਠਿੰਡਾ: ਪੰਜਾਬ ਦੇ ਮਾਲ ਤੇ ਮੁੜ ਵਸੇਬਾ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਅੱਜ ਬਠਿੰਡਾ ਵਿਖੇ ਤਹਿਸੀਲ ਦਫ਼ਤਰ ਵਿਖੇ ਅਚਨਚੇਤ ਚੈਕਿੰਗ ਕਰਦਿਆਂ ਸਬ-ਰਜਿਸਟਰਾਰ ਦਫ਼ਤਰ, ਫ਼ਰਦ ਕੇਂਦਰ ਤੇ ਹੋਰ ਵੱਖ-ਵੱਖ ਬਰਾਂਚਾਂ ਦਾ ਦੌਰਾ ਕਰਕੇ ਕੰਮ ਦਾ ਨਿਰੀਖਣ ਕੀਤਾ।

ਕੈਬਨਿਟ ਮੰਤਰੀ ਮੁੰਡੀਆਂ ਨੇ ਸਬ-ਰਜਿਸਟਰਾਰ ਦਫ਼ਤਰ ਦੀ ਚੈਕਿੰਗ ਦੌਰਾਨ ਹਦਾਇਤ ਕੀਤੀ ਕਿ ਰਜਿਸਟਰੀ ਮੌਕੇ ਖ਼ਰੀਦਦਾਰ ਤੇ ਵੇਚਣ ਵਾਲੇ ਦੋਵਾਂ ਦਾ ਹੋਣਾ ਲਾਜ਼ਮੀ ਬਣਾਇਆ ਜਾਵੇ ਅਤੇ ਸੀ.ਸੀ.ਟੀ.ਵੀ. ਕੈਮਰੇ ਹਮੇਸ਼ਾ ਚਾਲੂ ਹਾਲਤ ਵਿੱਚ ਰੱਖੇ ਜਾਣ। ਫ਼ਰਦ ਕੇਂਦਰ ਦੇ ਨਿਰੀਖਣ ਦੌਰਾਨ ਉਨ੍ਹਾਂ ਆਦੇਸ਼ ਦਿੱਤੇ ਕਿ ਕੰਮ ਕਰਵਾਉਣ ਵਾਲੇ ਹਰੇਕ ਵਿਅਕਤੀ ਨੂੰ ਟੋਕਣ ਦੇਣਾ ਅਤੇ ਉਸ ਦਾ ਸਮੇਂ-ਸਿਰ ਕੰਮ ਕਰਨਾ ਯਕੀਨੀ ਬਣਾਇਆ ਜਾਵੇ ਅਤੇ ਕੋਈ ਵੀ ਪੈਂਡਿੰਗ ਇੰਤਕਾਲ ਨਾ ਰਹਿਣ ਦਿੱਤਾ ਜਾਵੇ।

ਉਨ੍ਹਾਂ ਇਹ ਵੀ ਕਿਹਾ ਕਿ ਦਫ਼ਤਰੀ ਕੰਮਕਾਜ ਆਉਣ ਵਾਲੇ ਲੋਕਾਂ ਨਾਲ ਵਧੀਆ ਵਤੀਰਾ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਬੈਠਣ ਅਤੇ ਪੀਣ ਵਾਲੇ ਪਾਣੀ ਆਦਿ ਦਾ ਵੀ ਢੁਕਵਾਂ ਪ੍ਰਬੰਧ ਯਕੀਨੀ ਬਣਾਇਆ ਜਾਵੇ। ਇਸ ਦੌਰਾਨ ਉਨ੍ਹਾਂ ਵੱਲੋਂ ਰਜਿਸਟਰੀ ਬਰਾਂਚ ਦਾ ਵੀ ਦੌਰਾ ਕਰਕੇ ਨਿਰੀਖਣ ਕੀਤਾ ਗਿਆ।

ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਮਾਲ ਤੇ ਮੁੜ ਵਸੇਬਾ ਅਤੇ ਸ਼ਹਿਰੀ ਵਿਕਾਸ ਤੇ ਮਕਾਨ ਉਸਾਰੀ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਇਹ ਪ੍ਰਮੁੱਖ ਤਰਜੀਹ ਹੈ ਕਿ ਪਾਰਦਰਸ਼ੀ, ਸਮੇਂ-ਸਿਰ ਤੇ ਬਿਨਾਂ ਖੱਜਲ-ਖੁਆਰੀ ਤੋਂ ਆਮ ਲੋਕਾਂ ਨੂੰ ਸੇਵਾਵਾਂ ਮਿਲਣ। ਉਨ੍ਹਾਂ ਇੱਕ ਸਵਾਲ ਦੇ ਜਵਾਬ ਵਿੱਚ ਇਹ ਵੀ ਦੱਸਿਆ ਕਿ ਸੂਬੇ ਅੰਦਰ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਬਿਹਤਰ ਅਤੇ ਸਮਾਂਬੱਧ ਸੇਵਾਵਾਂ ਮਿਲ ਰਹੀਆਂ ਹਨ।

ਮੁੰਡੀਆ ਨੇ ਇਹ ਵੀ ਕਿਹਾ ਕਿ ਚੈਕਿੰਗ ਦੌਰਾਨ ਜੋ ਵੀ ਥੋੜ੍ਹੀ ਬਹੁਤ ਕਮੀ ਦੇਖਣ ਨੂੰ ਮਿਲੀ ਹੈ, ਉਸ ਸਬੰਧੀ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ। ਦੌਰੇ ਦੌਰਾਨ ੳਨ੍ਹਾਂ ਕੰਮਕਾਜ ਲਈ ਆਏ ਲੋਕਾਂ ਨਾਲ ਵੀ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਦਫ਼ਤਰੀ ਕੰਮਕਾਜ ਦੌਰਾਨ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸਰਕਾਰ ਉਨ੍ਹਾਂ ਨੂੰ ਸੇਵਾਵਾਂ ਸਮੇਂ-ਸਿਰ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਇਸ ਮੌਕੇ ਪੰਜਾਬ ਲਘੂ ਉਦਯੋਗ ਵਿਕਾਸ ਬੋਰਡ ਦੇ ਚੇਅਰਮੈਨ ਨੀਲ ਗਰਗ, ਸ਼ੂਗਰਫੈਡ ਦੇ ਚੇਅਰਮੈਨ ਨਵਦੀਪ ਜੀਦਾ, ਐਸ.ਡੀ.ਐਮ. ਬਲਕਰਨ ਸਿੰਘ ਮਾਹਲ, ਤਹਿਸੀਲਦਾਰ ਮੈਡਮ ਦਿਵਿਆ ਸਿੰਗਲਾ ਵੀ ਹਾਜ਼ਰ ਸਨ।

Share This Article
Leave a Comment