ਚੰਡੀਗੜ੍ਹ (ਅਵਤਾਰ ਸਿੰਘ) : ਪੀ.ਏ.ਯੂ. ਵਿੱਚ ਹਾੜ੍ਹੀ ਦੀਆਂ ਫ਼ਸਲਾਂ ਲਈ ਪਸਾਰ ਅਤੇ ਖੋਜ ਮਾਹਿਰਾਂ ਦੀ ਇੱਕ ਰੋਜ਼ਾ ਆਨਲਾਈਨ ਗੋਸ਼ਟੀ ਕਰਵਾਈ ਗਈ। ਇਸ ਗੋਸ਼ਟੀ ਵਿੱਚ ਮੁੱਖ ਮਹਿਮਾਨ ਵਜੋਂ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਪਦਮਸ਼੍ਰੀ ਸ਼ਾਮਿਲ ਹੋਏ ਜਦਕਿ ਖੇਤੀਬਾੜੀ ਵਿਭਾਗ ਪੰਜਾਬ ਦੇ ਨਿਰਦੇਸ਼ਕ ਡਾ. ਸੁਤੰਤਰ ਕੁਮਾਰ ਏਰੀ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਸਨ। ਗੋਸ਼ਟੀ ਵਿੱਚ ਖੇਤੀਬਾੜੀ ਵਿਭਾਗ ਦੇ ਜੁਆਇੰਟ ਤੇ ਡਿਪਟੀ ਡਾਇਰੈਕਟਰਾਂ ਤੋਂ ਬਿਨਾਂ ਜ਼ਿਲਾ ਪਸਾਰ ਮਾਹਿਰ ਅਤੇ ਪੀ.ਏ.ਯੂ. ਦੇ ਵੱਖ-ਵੱਖ ਖੇਤਰਾਂ ਦੇ ਵਿਗਿਆਨੀ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ ਫਾਰਮ ਸਲਾਹਕਾਰ ਸੇਵਾ ਕੇਂਦਰ ਦੇ ਮਾਹਿਰਾਂ ਨੇ ਹਿੱਸਾ ਲਿਆ। ਜ਼ੂਮ ਉਪਰ ਆਨਲਾਈਨ ਹੋਈ ਇਸ ਗੋਸ਼ਟੀ ਦਾ ਉਦੇਸ਼ ਬੀਤੇ ਸਮੇਂ ਦੌਰਾਨ ਪੀ.ਏ.ਯੂ. ਵੱਲੋਂ ਨਵੀਆਂ ਕਿਸਮਾਂ, ਉਤਪਾਦਨ ਤੇ ਪੌਦ ਸੁਰੱਖਿਆ ਤਕਨੀਕਾਂ ਦੇ ਖੇਤਰ ਵਿੱਚ ਕੀਤੀਆਂ ਗਈਆਂ ਖੋਜਾਂ ਤੋਂ ਖੇਤੀਬਾੜੀ ਵਿਭਾਗ ਦੇ ਪਸਾਰ ਮਾਹਿਰਾਂ ਨੂੰ ਜਾਣੂੰ ਕਰਵਾਉਣਾ ਤਾਂ ਹੈ ਹੀ ਨਾਲ ਹੀ ਪਸਾਰ ਕਾਰਜਾਂ ਦੌਰਾਨ ਆਉਂਦੀਆਂ ਸਮੱਸਿਆਵਾਂ ਬਾਰੇ ਨਿੱਠ ਕੇ ਵਿਚਾਰ ਕਰਨਾ ਵੀ ਹੈ। ਇਸ ਗੋਸ਼ਟੀ ਵਿੱਚ ਵੱਖ-ਵੱਖ ਵਿਭਾਗਾਂ ਤੋਂ 408 ਮਾਹਿਰ ਸ਼ਾਮਿਲ ਹੋਏ।
ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ, ਪਦਮ ਸ਼੍ਰੀ ਅਵਾਰਡੀ ਨੇ ਆਪਣੇ ਵਿਸ਼ੇਸ਼ ਭਾਸ਼ਣ ਵਿੱਚ ਪੀ.ਏ.ਯੂ. ਅਤੇ ਖੇਤੀਬਾੜੀ ਵਿਭਾਗ ਵੱਲੋਂ ਪੰਜਾਬ ਦੀ ਖੇਤੀ ਦੀ ਬਿਹਤਰੀ ਲਈ ਸਾਂਝੇ ਤੌਰ ਤੇ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਉਪਰ ਤਸੱਲੀ ਪ੍ਰਗਟ ਕੀਤੀ। ਉਹਨਾਂ ਨੇ ਕਿਹਾ ਕਿ ਦੋਵਾਂ ਸੰਸਥਾਵਾਂ ਨੇ ਬੀਤੇ ਸਾਲਾਂ ਵਿੱਚ ਜੋ ਜੀ ਤੋੜ ਕੰਮ ਕੀਤਾ ਹੈ ਜਿਸਦੇ ਨਤੀਜੇ ਹੁਣ ਸਾਹਮਣੇ ਆ ਰਹੇ ਹਨ। ਉਹਨਾਂ ਕਿਹਾ ਕਿ ਏਨੀ ਵੱਡੀ ਗਿਣਤੀ ਵਿੱਚ ਆਨਲਾਈਨ ਮਾਹਿਰਾਂ ਦਾ ਜੁੜਨਾ ਸਰਗਰਮ ਭਾਗੀਦਾਰੀ ਵੱਲ ਇਸ਼ਾਰਾ ਕਰਦਾ ਹੈ। ਡਾ. ਢਿੱਲੋਂ ਨੇ ਪਿਛਲੇ ਸੀਜ਼ਨ ਵਿੱਚ ਕਣਕ ਦੇ ਮੰਡੀਕਰਨ ਦੌਰਾਨ ਕਿਸਾਨਾਂ ਵੱਲੋਂ ਦਿਖਾਏ ਸਹਿਯੋਗ ਉਪਰ ਤਸੱਲੀ ਪ੍ਰਗਟ ਕੀਤੀ। ਉਹਨਾਂ ਕਿਹਾ ਕਿ ਕੋਵਿਡ ਵਰਗੀਆਂ ਚੁਣੌਤੀਆਂ ਸਾਹਮਣੇ ਖੇਤੀ ਖੋਜ ਅਤੇ ਪਸਾਰ ਮਾਹਿਰਾਂ ਨੂੰ ਵਧੇਰੇ ਜ਼ਿੰਮੇਵਾਰੀ ਨਾਲ ਡੱਟ ਕੇ ਕੰਮ ਕਰਨ ਦੀ ਲੋੜ ਹੈ।
ਕਿਸਾਨਾਂ ਵੱਲੋਂ ਝੋਨੇ ਦੀ ਲਵਾਈ ਦੌਰਾਨ ਕੀਤੇ ਨਵੇਂ ਤਜਰਬਿਆਂ ਦਾ ਜ਼ਿਕਰ ਕਰਦਿਆਂ ਡਾ. ਢਿੱਲੋਂ ਨੇ ਕਿਹਾ ਕਿ ਲੋੜ ਕਾਢ ਦੀ ਮਾਂ ਹੈ ਅਤੇ ਕਿਸਾਨ ਲੋੜ ਅਨੁਸਾਰ ਹਮੇਸ਼ਾਂ ਨਵੇਂ ਤਰੀਕੇ ਅਪਨਾਉਂਦਾ ਰਿਹਾ ਹੈ । ਇਹਨਾਂ ਤਰੀਕਿਆਂ ਕੋਲੋਂ ਖੇਤੀ ਮਾਹਿਰਾਂ ਨੂੰ ਵੀ ਸਿੱਖਣ ਦੀ ਲੋੜ ਹੈ । ਡਾ. ਢਿੱਲੋਂ ਨੇ ਪੀ.ਏ.ਯੂ. ਅਤੇ ਖੇਤੀਬਾੜੀ ਵਿਭਾਗ ਪੰਜਾਬ ਦੇ ਸਹਿਯੋਗ ਬਾਰੇ ਗੱਲ ਕਰਦਿਆਂ ਕਿਹਾ ਕਿ ਨਰਮੇ ਅਤੇ ਮੱਕੀ ਹੇਠਲਾ ਰਕਬਾ ਵਧਣਾ ਸਾਰਥਕ ਸਿੱਟਿਆਂ ਵੱਲ ਇਸ਼ਾਰਾ ਕਰਦਾ ਹੈ । ਇਸੇ ਤਰ੍ਹਾਂ ਨਦੀਨ ਨਾਸ਼ਕਾਂ ਦੀ ਵਰਤੋਂ ਘਟਣੀ ਪਸਾਰ ਮਾਹਿਰਾਂ ਵੱਲੋਂ ਕੀਤੀਆਂ ਜਾਗਰੂਕਤਾ ਕੋਸ਼ਿਸ਼ਾਂ ਦਾ ਪ੍ਰਮਾਣ ਹੈ । ਡਾ. ਢਿੱਲੋਂ ਨੇ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਹੇਠ ਵਧਿਆ ਰਕਬਾ ਆਉਣ ਵਾਲੇ ਸਾਲਾਂ ਵਿੱਚ ਬਿਹਤਰ ਬਦਲ ਵਜੋਂ ਸਾਹਮਣੇ ਆ ਸਕਦਾ ਹੈ । ਪਰ ਨਾਲ ਹੀ ਇਸ ਸਮੇਂ ਬਹੁਤਾ ਧਿਆਨ ਪਰਾਲੀ ਦੀ ਸੰਭਾਲ ਵੱਲ ਹੋਣਾ ਚਾਹੀਦਾ ਹੈ । ਡਾ.ਢਿੱਲੋਂ ਨੇ ਕਿਹਾ ਕਿ ਪਰਾਲੀ ਦੀ ਸੰਭਾਲ ਲਈ ਆ ਰਹੀਆਂ ਮਸ਼ੀਨਾਂ ਸਹਿਕਾਰੀ ਸਭਾਵਾਂ ਰਾਹੀਂ ਕਿਸਾਨ ਦੀ ਵਰਤੋਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਮੰਡੀਕਰਨ ਨੂੰ ਨਵੇਂ ਕਾਨੂੰਨਾਂ ਅਨੁਸਾਰ ਢਾਲਣਾ ਵੀ ਬੇਹੱਦ ਲਾਜ਼ਮੀ ਹੈ । ਇਸਲਈ ਸਵੈ ਸਹਾਇਤਾ ਸਮੂਹ, ਸਹਿਕਾਰੀ ਸਭਾਵਾਂ ਅਤੇ ਕਿਸਾਨ ਨਿਰਮਾਤਾ ਸੰਸਥਾਵਾਂ ਦੀ ਭੂਮਿਕਾ ਵਧਣੀ ਚਾਹੀਦੀ ਹੈ । ਬਾਹਰੋਂ ਆਉਂਦੇ ਬੀਜਾਂ ਬਾਰੇ ਬੋਲਦਿਆਂ ਡਾ. ਢਿੱਲੋਂ ਨੇ ਕਿਹਾ ਕਿ ਇਸ ਦਾ ਮੁਕਾਬਲਾ ਕਰਨ ਲਈ ਕਿਸਾਨਾਂ ਨਾਲ ਬਿਹਤਰ ਸੰਪਰਕ ਬਣਾ ਕੇ ਤਜਰਬੇ ਕੀਤੇ ਜਾਣੇ ਚਾਹੀਦੇ ਹਨ । ਵਾਈਸ ਚਾਂਸਲਰ ਨੇ ਖੋਜ ਮਾਹਿਰਾਂ ਨੂੰ ਭੂਗੋਲਿਕਤਾ ਆਧਾਰਿਤ ਵਿਸ਼ੇਸ਼ ਖੇਤਰਾਂ ਅਨੁਸਾਰ ਵਿਸ਼ੇਸ਼ ਕਿਸਮਾਂ ਦੇ ਤਜਰਬੇ ਕਰਨ ਦੀ ਅਪੀਲ ਕੀਤੀ । ਉਹਨਾਂ ਨੇ ਸੂਰਜਮੁਖੀ, ਬਹਾਰ ਰੁੱਤ ਦੀ ਮੱਕੀ ਅਤੇ ਗੰਨਾ ਆਦਿ ਫ਼ਸਲਾਂ ਬਾਰੇ ਹੋਰ ਕੰਮ ਕਰਨ ਲਈ ਮਾਹਿਰਾਂ ਨੂੰ ਸੱਦਾ ਦਿੱਤਾ । ਡਾ. ਢਿੱਲੋਂ ਨੇ ਕਿਹਾ ਕਿ ਕਿਸਾਨ ਨੂੰ ਸਿੱਖਿਅਤ ਕਰਨ ਦੇ ਅਨੁਸਾਰ ਖੋਜ ਦੀ ਵਿਉਂਤ ਬਣਨੀ ਚਾਹੀਦੀ ਹੈ ਅਤੇ ਅਪਲਾਈਡ ਖੋਜ ਇਸ ਦਿਸ਼ਾ ਵਿੱਚ ਬਿਹਤਰ ਕਾਰਜ ਕਰ ਸਕਦੀ ਹੈ ।
ਖੇਤੀਬਾੜੀ ਵਿਭਾਗ ਦੇ ਨਿਰਦੇਸ਼ਕ ਡਾ. ਸੁਤੰਤਰ ਕੁਮਾਰ ਏਰੀ ਨੇ ਆਪਣੇ ਵਿਭਾਗ ਵੱਲੋਂ ਕੀਤੇ ਜਾ ਰਹੇ ਕਾਰਜਾਂ ਲਈ ਸਮੂਹ ਪੀ.ਏ.ਯੂ. ਦੇ ਅਧਿਕਾਰੀਆਂ ਦੇ ਸਹਿਯੋਗ ਲਈ ਧੰਨਵਾਦ ਕੀਤਾ । ਉਹਨਾਂ ਕਿਹਾ ਕਿ ਇਸ ਵਰਕਸ਼ਾਪ ਲਈ ਆਨਲਾਈਨ ਪਲੇਟਫਾਰਮ ਇੱਕ ਨਵਾਂ ਪਰ ਸਾਰਥਕ ਤਜਰਬਾ ਹੈ । ਇਸ ਨਾਲ ਆਉਂਦੇ ਹਾੜੀ ਸੀਜ਼ਨ ਦੌਰਾਨ ਕਿਸਾਨੀ ਦੀ ਬਿਹਤਰ ਸਹਾਇਤਾ ਹੋ ਸਕੇਗੀ । ਉਹਨਾਂ ਨੇ ਚਾਲੂ ਸਾਉਣੀ ਸੀਜ਼ਨ ਦੌਰਾਨ ਯੂਨੀਵਰਸਿਟੀ ਅਤੇ ਖੇਤੀਬਾੜੀ ਵਿਭਾਗ ਵਿੱਚ ਤਾਲਮੇਲ ਉਪਰ ਤਸੱਲੀ ਪ੍ਰਗਟਾਈ ਅਤੇ ਕਿਹਾ ਕਿ ਇਸੇ ਤਾਲਮੇਲ ਸਕਦਾ ਨਰਮੇ ਹੇਠ ਰਕਬਾ ਵਧਿਆ ਹੈ । ਝੋਨੇ ਦੀ ਚੰਗੀ ਪੈਦਾਵਾਰ ਸੰਬੰਧੀ ਨਿਰੰਤਰ ਮੀਟਿੰਗਾਂ ਬਾਰੇ ਗੱਲ ਕਰਦਿਆਂ ਡਾ. ਏਰੀ ਨੇ ਇਹ ਵੀ ਜ਼ਿਕਰ ਕੀਤਾ ਕਿ ਪਸਾਰ ਮਾਹਿਰਾਂ ਵੱਲੋਂ ਕੀਤੀਆਂ ਕੋਸ਼ਿਸ਼ਾਂ ਸਦਕਾ ਝੋਨੇ ਉਪਰ ਨਦੀਨ ਨਾਸ਼ਕਾਂ ਦੀ ਵਰਤੋਂ ਘਟੀ ਹੈ । ਡਾ. ਏਰੀ ਨੇ ਕਿਹਾ ਕਿ ਹੁਣ ਮੁੱਖ ਉਦੇਸ਼ ਪਰਾਲੀ ਦੀ ਸੰਭਾਲ ਲਈ ਕਿਸਾਨਾਂ ਤੱਕ ਪਹੁੰਚ ਕਰਨ ਦਾ ਹੈ । ਇਸ ਦੇ ਨਾਲ ਹੀ ਉਹਨਾਂ ਨੇ ਜੌਂ, ਛੋਲੇ, ਮਸਰ, ਮਟਰ, ਸਰੋਂ ਆਦਿ ਫ਼ਸਲਾਂ ਹੇਠ ਰਕਬਾ ਵਧਾਉਣ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਨ ਦੀ ਗੱਲ ਕੀਤੀ ।
ਇਸ ਮੌਕੇ ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਨੇ ਖੋਜ ਗਤੀਵਿਧੀਆਂ ਤੇ ਰੌਸ਼ਨੀ ਪਾਉਂਦਿਆਂ ਨਵੀਆਂ ਕਿਸਮਾਂ, ਉਤਪਾਦਨ ਅਤੇ ਪੌਦ ਸੁਰੱਖਿਆ ਤਕਨੀਕਾਂ ਅਤੇ ਮਸ਼ੀਨਰੀ ਸੰਬੰਧੀ ਨਵੀਆਂ ਸਿਫ਼ਾਰਸ਼ਾਂ ਸਾਂਝੀਆਂ ਕੀਤੀਆਂ। ਉਹਨਾਂ ਨੇ ਸਰੋਂ ਦੀਆਂ ਦੋਗਲੀਆਂ ਕਿਸਮਾਂ ਪੀ ਸੀ ਐਚ-1 ਅਤੇ ਪੀ ਐਚ ਆਰ-126 ਅਤੇ ਸੂਰਜਮੁਖੀ ਦੀ ਨਵੀਂ ਕਿਸਮ ਪੀ ਐਸ ਐਚ-2080 ਦਾ ਜ਼ਿਕਰ ਕੀਤਾ । ਇਸ ਤੋਂ ਬਿਨਾਂ ਕਨੋਲਾ ਗੋਭੀ ਸਰੋਂ ਪੀ ਜੀ ਐਸ ਐਚ-1707, ਦੇਸੀ ਛੋਲਿਆਂ ਦੀ ਕਿਸਮ ਪੀ ਬੀ ਜੀ-8, ਮਸਰਾਂ ਦੀ ਕਿਸਮ ਐਲ ਐਲ 1373, ਜਵੀ ਦੀਆਂ ਕਿਸਮਾਂ ਓ ਐਲ-13 ਅਤੇ ਓ ਐਲ-14, ਰਾਈ ਘਾਹ ਦੀ ਕਿਸਮ ਪੰਜਾਬ ਰਾਈ ਘਾਹ-2 ਅਤੇ ਪੁਦੀਨੇ ਦੀ ਨਵੀਂ ਕਿਸਮ ਸੀ ਆਈ ਐਮ ਕ੍ਰਾਂਤੀ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ । ਉਤਪਾਦਨ ਤਕਨੀਕਾਂ ਵਿੱਚ ਡਾ. ਬੈਂਸ ਨੇ ਪਿਛਲੇ ਤਿੰਨ ਸਾਲਾਂ ਤੋਂ ਖੇਤ ਵਿੱਚ ਪਰਾਲੀ ਮਿਲਾਉਣ ਦੀ ਸੂਰਤ ਵਿੱਚ 10 ਕਿੱਲੋ ਘੱਟ ਨਾਈਟ੍ਰੋਜਨ ਪਾਉਣ ਸੰਬੰਧੀ ਯੂਨੀਵਰਸਿਟੀ ਦੀ ਸਿਫ਼ਾਰਸ਼ ਸਾਹਮਣੇ ਲਿਆਂਦੀ । ਇਸ ਤੋਂ ਇਲਾਵਾ ਜਵੀ ਦੀ ਚਾਰੇ ਵਾਲੀ ਫ਼ਸਲ ਉਗਾਉਣ ਲਈ 15 ਕਿੱਲੋ ਪ੍ਰਤੀ ਏਕੜ ਬੀਜ ਦੀ ਵਰਤੋਂ ਅਤੇ ਕਤਾਰ ਤੋਂ ਕਤਾਰ ਦਾ ਫ਼ਾਸਲਾ 30 ਸੈਂਟੀਮੀਟਰ ਰੱਖਣ ਸੰਬੰਧੀ ਨਵੀਂ ਉਤਪਾਦਨ ਤਕਨੀਕ ਦਾ ਜ਼ਿਕਰ ਕੀਤਾ । ਗੋਭੀ ਸਰੋਂ ਦੀ ਜੈਵਿਕ ਖੇਤੀ ਲਈ ਤਕਨੀਕਾਂ ਦੀ ਸਿਫ਼ਾਰਸ਼, ਕਪਾਹ-ਕਣਕ ਦੇ ਫ਼ਸਲੀ ਚੱਕਰ ਵਿੱਚ ਜ਼ਮੀਨਦੋਜ਼ ਤੁਪਕਾ ਸਿੰਚਾਈ ਦੀ ਸਿਫ਼ਾਰਸ਼ ਅਤੇ ਹਾੜੀ ਦੇ ਪਿਆਜ਼ ਅਤੇ ਟਮਾਟਰਾਂ ਨਾਲ ਪੱਤਝੜ ਗੰਨੇ ਦੀ ਫ਼ਸਲ ਦੀ ਅੰਤਰ ਫ਼ਸਲੀ ਕਾਸ਼ਤ ਦਾ ਜ਼ਿਕਰ ਕੀਤਾ। ਡਾ. ਬੈਂਸ ਨੇ ਪੌਦ ਸੁਰੱਖਿਆ ਤਕਨੀਕਾਂ ਅਤੇ ਮਸ਼ੀਨਰੀ ਸੰਬੰਧੀ ਨਵੀਆਂ ਸਿਫ਼ਾਰਸ਼ਾਂ ਬਾਰੇ ਜਾਣਕਾਰੀ ਸਾਂਝੀ ਕੀਤੀ ।
ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਇਸ ਆਨਲਾਈਨ ਸੈਸ਼ਨ ਵਿੱਚ ਭਰਪੂਰ ਗਿਣਤੀ ਵਿੱਚ ਸ਼ਾਮਿਲ ਹੋਣ ਲਈ ਸਭ ਦਾ ਤਹਿ ਦਿਲੋ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਕੋਵਿਡ ਸੰਕਟ ਦੇ ਬਾਵਜੂਦ ਇਹ ਗੋਸ਼ਟੀ ਯਕੀਨਨ ਹੀ ਖੋਜ ਲਈ ਨਵੇਂ ਰਾਹ ਪੱਧਰੇ ਕਰੇਗੀ ਅਤੇ ਪਸਾਰ ਮਾਹਿਰਾਂ ਦੀਆਂ ਸ਼ੰਕਾਵਾਂ ਦਾ ਨਿਵਾਰਨ ਵੀ ਕਰੇਗੀ । ਇਸ ਤੋਂ ਪਹਿਲਾ ਖੇਤੀਬਾੜੀ ਕਾਲਜ ਦੇ ਡੀਨ ਡਾ. ਕੇ ਐਸ ਥਿੰਦ ਨੇ ਇਸ ਵਰਕਸ਼ਾਪ ਦੀ ਰੂਪਰੇਖਾ ਦਾ ਜ਼ਿਕਰ ਕਰਦਿਆਂ ਇਸ ਵਿੱਚ ਭਾਗ ਲੈ ਰਹੇ ਸਮੂਹ ਮਹਿਮਾਨਾਂ ਅਤੇ ਖੋਜ ਪਸਾਰ ਮਾਹਿਰਾਂ ਦਾ ਸਵਾਗਤ ਕੀਤਾ।
ਇਸ ਮੌਕੇ ਪਿਛਲੀ ਗੋਸ਼ਟੀ ਦੌਰਾਨ ਆਏ ਸੁਝਾਵਾਂ ਅਤੇ ਸਿਫ਼ਾਰਸ਼ਾਂ ਅਤੇ ਉਹਨਾਂ ਸੰਬੰਧੀ ਕਾਰਵਾਈ ਰਿਪੋਰਟ ਡਾ. ਗੁਰਮੀਤ ਸਿੰਘ ਬੁੱਟਰ ਵਧੀਕ ਨਿਰਦੇਸ਼ਕ ਪਸਾਰ ਨੇ ਪੇਸ਼ ਕੀਤੀ । ਇਸ ਵਰਕਸ਼ਾਪ ਦੀ ਰੂਪਰੇਖਾ ਅਤੇ ਸੰਚਾਲਨ ਡਾ. ਤੇਜਿੰਦਰ ਸਿੰਘ ਰਿਆੜ ਐਸੋਸੀਏਟ ਡਾਇਰੈਕਟਰ (ਸਕਿੱਲ ਡਿਵੈਲਪਮੈਂਟ ਸੈਂਟਰ) ਨੇ ਕੀਤਾ । ਇਸ ਗੋਸ਼ਟੀ ਦੇ ਤਕਨੀਕੀ ਸੈਸ਼ਨਾਂ ਵਿੱਚ ਕਣਕ, ਜੌਂ ਅਤੇ ਦਾਲਾਂ ਦੇ ਨਾਲ-ਨਾਲ ਮੱਕੀ, ਤੇਲਬੀਜ ਫ਼ਸਲਾਂ, ਅਨਾਜ ਫ਼ਸਲਾਂ, ਗੰਨਾ ਆਦਿ ਬਾਰੇ ਨਿੱਠ ਕੇ ਵਿਚਾਰ-ਚਰਚਾ ਹੋਈ । ਇਸ ਤੋਂ ਇਲਾਵਾ ਖੇਤੀ ਇੰਜਨੀਅਰਿੰਗ, ਜੰਗਲਾਤ ਅਤੇ ਅਰਥ ਸਾਸ਼ਤਰ ਦੇ ਮਸਲਿਆਂ ਨੂੰ ਵਿਚਾਰਿਆ ਗਿਆ । ਵਰਕਸ਼ਾਪ ਵਿੱਚ ਹਿੱਸਾ ਲੈਣ ਵਾਲੇ ਮਾਹਿਰਾਂ ਲਈ ਆਨਲਾਈਨ ਖੇਤ ਦਾ ਦੌਰਾ ਵੀ ਕਰਵਾਇਆ ਗਿਆ ।
ਯੂਨੀਵਰਸਿਟੀ ਦੇ ਖੋਜ ਤਜਰਬਿਆਂ ਨੂੰ ਵੀਡੀਓ ਰੂਪ ਵਿੱਚ ਢਾਲ ਕੇ ਵਰਕਸ਼ਾਪ ਦੇ ਵਿੱਚ ਭਾਗ ਲੈਣ ਵਾਲੇ ਵਿਗਿਆਨੀਆਂ ਅਤੇ ਪਸਾਰ ਮਾਹਿਰਾਂ ਨੂੰ ਜਾਣੂੰ ਕਰਵਾਇਆ ਗਿਆ।