-ਅਵਤਾਰ ਸਿੰਘ
ਅੱਜ ਲੋੜ ਹੈ ਕਿ ਅਸੀਂ ਪੀੜਤ ਮਾਨਵਤਾ ਦੀ ਭਲਾਈ ਲਈ ਆਪਣੇ ਅੰਦਰ ਦੇ ਸਵੈ-ਸੇਵਕ ਨੂੰ ਪਛਾਣੀਏ। ਅਜਿਹੀਆਂ ਮਾਨਵਤਾਵਾਦੀ ਸੰਸਥਾਵਾਂ ਨਾਲ ਜੁੜੀਏ ਅਤੇ ਸਮਾਜ ਸੇਵਾ ਦੇ ਇਸ ਦਾਇਰੇ ਨੂੰ ਹੋਰ ਵਿਸ਼ਾਲ ਕਰੀਏ ਤਾਂ ਜੋ ਦੁਖੀ ਮਾਨਵਤਾ ਦੀ ਸੇਵਾ ਦਾ ਸੰਦੇਸ਼ ਘਰ-ਘਰ ਪਹੁੰਚਾਇਆ ਜਾ ਸਕੇ। ਕੋਵਿਡ-19 ਦੇ ਇਸ ਸੰਕਟ ਦੌਰਾਨ ਜੋ ਰੈੱਡ ਕਰਾਸ ਸਟਾਫ ਮੈਂਬਰਜ਼ ਅਤੇ ਵਾਲੰਟੀਅਰ ਫਰੰਟਲਾਈਨ ਯੋਧਿਆਂ ਦੇ ਤੌਰ ‘ਤੇ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਦਿਲੋਂ ਪ੍ਰਣਾਮ।
ਰੈੱਡ ਕਰਾਸ ਹਰ ਸਾਲ 8 ਮਈ ਦਾ ਦਿਹਾੜਾ ਵਿਸ਼ਵ ਭਰ ‘ਚ ਰੈੱਡ ਕਰਾਸ ਲਹਿਰ ਦੇ ਬਾਨੀ ਸਰ ਜੀਨ ਹੈਨਰੀ ਡਿਊਨਾ (8 ਮਈ 1828-30 ਅਕਤੂਬਰ 1910) ਦੇ ਜਨਮ ਦਿਨ ਮੌਕੇ ‘ਵਰਲਡ ਰੈੱਡ ਕਰਾਸ-ਰੈੱਡ ਕਰੀਸੈਂਟ ਡੇਅ’ ਵਜੋਂ ਮਨਾਇਆ ਜਾਂਦਾ ਹੈ। ਇਸ ਸਾਲ ਕਿਉਂਕਿ ਅਸੀਂ ਕੋਵਿਡ-19 ਮਹਾਮਾਰੀ ਕਾਰਨ ਕਰਕੇ ਇਸ ਦਿਵਸ ਨੂੰ ਖ਼ੁਸ਼ੀ ਅਤੇ ਉਤਸ਼ਾਹ ਨਾਲ ਨਹੀਂ ਮਨਾ ਰਹੇ ਪਰ ਮਾਨਵਤਾ ਨੂੰ ਇਸ ਪ੍ਰਕੋਪ ਤੋਂ ਬਚਾਉਣ ਲਈ ਵਿਸ਼ਵ ਭਰ ਵਿੱਚ ਰੈੱਡ ਕਰਾਸ ਸੁਸਾਇਟੀਜ਼ ਨਾਲ ਜੁੜੇ ਸਵੈ-ਸੇਵਕ ਦਿਨ-ਰਾਤ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਫਰੰਟਲਾਈਨ ‘ਤੇ ਕੰਮ ਕਰ ਰਹੇ ਇਨ੍ਹਾਂ ਵਾਲੰਟੀਅਰਾਂ ਦਾ ਧੰਨਵਾਦ ਕਰਦੇ ਹਾਂ।
ਵਾਲੰਟਰਿਜ਼ਮ ਭਾਵ ਸਵੈ-ਸੇਵਾ ਰੈੱਡ ਕਰਾਸ ਦੇ ਸੱਤ ਸੁਨਹਿਰੀ ਅਸੂਲਾਂ ‘ਚੋਂ ਇਕ ਹੈ। ਰੈੱਡ ਕਰਾਸ ਇਕ ਸਵੈ-ਸੇਵਕਾਂ ਦੀ ਜੱਥੇਬੰਦੀ ਹੈ। ਇਸ ਦੇ ਸਮੁੱਚੇ ਕੰਮ ਦਾ ਧੁਰਾ ਹੀ ਸਵੈ-ਸੇਵਾ ਹੈ। ਦੁੱਖ ਸੰਸਾਰ ਦੇ ਕਿਸੇ ਵੀ ਕੋਨੇ ‘ਚ ਹੋਵੇ, ਰੈੱਡ ਕਰਾਸ ਦਾ ਕੰਮ ਬਿਨਾਂ ਕਿਸੇ ਭੇਦ-ਭਾਵ ਦੇ ਦੁਖੀ ਮਾਨਵਤਾ ਦੀ ਹਰ ਥਾਂ ਸੇਵਾ ਕਰਨਾ ਹੈ। ਇਸ ਦੀ ਇਹ ਸੇਵਾ ਨਿਰਸਵਾਰਥ ਹੁੰਦੀ ਹੈ। ਰੈੱਡ ਕਰਾਸ ਨੂੰ ਕਿਸੇ ਤਰ੍ਹਾਂ ਦਾ ਕੋਈ ਲਾਲਚ ਨਹੀਂ। ਸੇਵਾ ਦੇ ਕੰਮ ਤੋਂ ਰੈੱਡ ਕਰਾਸ ਆਪਣੇ ਲਈ, ਆਪਣੀ ਜੱਥੇਬੰਦੀ ਲਈ ਕੋਈ ਲਾਭ ਪ੍ਰਾਪਤ ਨਹੀਂ ਕਰਦੀ। ਰੈੱਡ ਕਰਾਸ ਸੰਸਥਾਵਾਂ ਦਾ ਵਿਸ਼ਵ ਦੇ ਲਗਭਗ 190 ਦੇਸ਼ਾਂ ‘ਚ ਬਹੁਤ ਵੱਡਾ ਦਾਇਰਾ ਹੈ ਅਤੇ ਸੰਸਾਰ ਭਰ ਵਿੱਚ ਕਰੋੜਾਂ ਲੋਕ ਇਨ੍ਹਾਂ ਨਾਲ ਜੁੜੇ ਹੋਏ ਹਨ। ਇਨ੍ਹਾਂ ਸਵੈ-ਸੇਵਕਾਂ ਸਦਕਾ ਹੀ ਰੈੱਡ ਕਰਾਸ ਦਾ ਸੇਵਾ ਦਾ ਕੰਮ ਸਾਰੇ ਸੰਸਾਰ ਵਿੱਚ ਚੱਲ ਰਿਹਾ ਹੈ।
ਭਾਰਤ ਦੀ ਗੱਲ ਕਰੀਏ ਤਾਂ ਕੋਵਿਡ-19 ਤੋਂ ਮਾਨਵ ਜਾਤੀ ਨੂੰ ਬਚਾਉਣ ‘ਚ ਜਿੱਥੇ ਕੇਂਦਰ/ਰਾਜ ਸਰਕਾਰਾਂ ਅਤੇ ਸਿਹਤ ਮੰਤਰਾਲਾ ਉਪਰਾਲੇ ਕਰ ਰਿਹਾ ਹੈ, ਉੱਥੇ ਹੀ ਰੈੱਡ ਕਰਾਸ ਸੁਸਾਇਟੀਜ਼ ਵੀ ਆਪਣੇ ਨੈੱਟਵਰਕ ਰਾਹੀਂ ਸਰਕਾਰਾਂ ਦਾ ਸਹਿਯੋਗ ਕਰ ਰਹੀਆਂ ਹਨ। ਭਾਰਤੀ ਰੈੱਡ ਕਰਾਸ ਸੁਸਾਇਟੀ ਦੇ ਦੇਸ਼ ਭਰ ‘ਚ 40000 ਦੇ ਲਗਭਗ ਵਾਲੰਟੀਅਰਜ਼ 550 ਤੋਂ ਵੱਧ ਜ਼ਿਲ੍ਹਿਆਂ ‘ਚ ਸਹਾਇਤਾ ਸੇਵਾਵਾਂ ਦੇ ਰਹੇ ਹਨ। ਕੋਵਿਡ-19 ਦੇ ਇਸ ਸੰਕਟ ਦੌਰਾਨ ਪੰਜਾਬ ਰਾਜ ਰੈੱਡ ਕਰਾਸ ਦੀਆਂ ਜ਼ਿਲ੍ਹਾ ਸ਼ਾਖਾਵਾਂ ਦੇ ਵਾਲੰਟੀਅਰਜ਼ ਵੀ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਸੁੱਕਾ ਰਾਸ਼ਨ, ਤਿਆਰ ਕੀਤੇ ਹੋਏ ਖਾਣੇ ਦੇ ਪੈਕਟਸ, ਮਰੀਜ਼ਾਂ ਲਈ ਦਵਾਈਆਂ, ਆਈਸੋਲੇਸ਼ਨ ਸੈਂਟਰ ਲਈ ਬਿਲਡਿੰਗਜ਼ ਅਤੇ ਲੋੜੀਂਦਾ ਸਾਮਾਨ, ਫੈਮਿਲੀਜ਼ ਲਈ ਹਾਈਜਿਨ ਕਿਟਸ, ਹੈੱਲਥ ਵਰਕਰਜ਼ ਲਈ ਪੀਪੀਈ ਕਿੱਟਸ, ਐਂਬੂਲੈਂਸ ਸੇਵਾਵਾਂ, ਸੈਨੀਟਾਈਜ਼ਰਜ਼, ਫੇਸ ਮਾਸਕ, ਗਲੱਵਜ਼, ਐਨੀਮਲ ਕੇਅਰ ਲਈ ਫੀਡ, ਹੈਂਡ ਵਾਸ਼ਿੰਗ ਕਿੱਟਸ, ਸੈਨੀਟਰੀ ਪੈਡਜ਼, ਇਨਫਰਾਰੈੱਡ ਥਰਮੋ-ਮੀਟਰਜ਼ ਅਤੇ ਖ਼ੂਨਦਾਨ ਸੇਵਾਵਾਂ ਪ੍ਰਦਾਨ ਕਰ ਰਹੀ ਹੈ।
ਅੱਜ ਇਸ ਦਿਵਸ ‘ਤੇ ਰੈੱਡ ਕਰਾਸ ਸੰਸਥਾ ਦੇ ਬਾਨੀ ਹੈਨਰੀ ਡਿਊਨਾ ਨੂੰ ਸ਼ਰਧਾਪੂਰਵਕ ਯਾਦ ਕੀਤਾ ਜਾਂਦਾ ਹੈ ਕਿਉਂਕਿ ਇਸ ਕਲਿਆਣਕਾਰੀ ਸੰਸਥਾ ਦਾ ਮੁੱਢ ਉਸ ਦੇ ਯਤਨਾਂ ਸਦਕਾ ਹੀ ਬੱਝਾ ਸੀ। ਉਸ ਨੇ ਭਾਵੇਂ ਸਾਰੀ ਉਮਰ ਮੁਸ਼ਕਲ ਹਾਲਾਤ ਨਾਲ ਜੱਦੋਜਹਿਦ ਕੀਤੀ ਪਰ ਮਨੁੱਖਤਾ ਦੀ ਸੇਵਾ ਹਰ ਪਲ ਉਸ ਦੇ ਸਾਹਮਣੇ ਰਹੀ। ਦੁਨੀਆ ਦੀ ਇਸ ਮਹਾਨ ਪਰਉਪਕਾਰੀ ਸੰਸਥਾ ਦਾ ਜਨਮ ਸਾਲਫਰੀਨੋ ਦੀ ਜੰਗ ਦੇ ਮੈਦਾਨ ‘ਚ ਫੱਟੜ ਹੋਏ ਸੈਨਿਕਾਂ ਦੀ ਤਰਸਯੋਗ ਹਾਲਤ ਵੇਖ ਕੇ ਸਵਿਟਜ਼ਰਲੈਂਡ ਵਾਸੀ ਹੈਨਰੀ ਡਿਊਨਾ ਦੇ ਯਤਨਾਂ ਸਦਕਾ ਹੀ ਹੋਇਆ ਸੀ।
24 ਜੂਨ 1859 ਨੂੰ ਇਟਲੀ ਦੇ ਉੱਤਰੀ ਹਿੱਸੇ ਦੇ ਇਕ ਕਸਬੇ ਸਾਲਫਰੀਨੋ ‘ਚ ਯੂਰਪ ਦੀ ਇਕ ਭਿਆਨਕ ਲੜਾਈ ਲੜੀ ਗਈ। ਹਰ ਪਾਸੇ ਫੱਟੜ ਸੈਨਿਕ ਤੜਫ ਰਹੇ ਸਨ। ਲਾਸ਼ਾਂ ਦੇ ਢੇਰ ਲੱਗ ਗਏ। ਚਾਲੀ ਹਜ਼ਾਰ ਸੈਨਿਕ ਯੁੱਧ ਖੇਤਰ ‘ਚ ਮੋਏ ਜਾਂ ਅੱਧਮੋਏ ਪਏ ਸਨ। ਪਾਣੀ ਦੀ ਇਕ-ਇਕ ਬੂੰਦ ਲਈ ਜ਼ਖ਼ਮੀ ਸੈਨਿਕ ਕਰਾਹ ਰਹੇ ਸਨ। ਉਨ੍ਹਾਂ ਦੀ ਮਲ੍ਹਮ-ਪੱਟੀ ਕਰਨ ਵਾਲਾ ਜਾਂ ਉਨ੍ਹਾਂ ਨੂੰ ਪਾਣੀ ਦਾ ਘੁੱਟ ਪਿਆਉਣ ਵਾਲਾ ਕੋਈ ਨਹੀਂ ਸੀ। ਹੈਨਰੀ ਡਿਊਨਾ ਨੇ ਆਪਣੇ ਜੀਵਨ ‘ਚ ਕਦੇ ਜੰਗ ਨਹੀਂ ਸੀ ਵੇਖੀ। ਇਹ ਸਭ ਕੁਝ ਵੇਖ ਕੇ ਉਸ ਦਾ ਦਿਲ ਹਿੱਲ ਗਿਆ। ਉਹ ਭਾਵੇਂ ਇਕੱਲਾ ਸੀ ਪਰ ਤੜਫ ਰਹੇ ਸੈਨਿਕਾਂ ਦੀ ਜਾਨ ਬਚਾਉਣ ਹਿੱਤ ਜੰਗ ਦੇ ਮੈਦਾਨ ਵਿੱਚ ਨਿੱਤਰ ਪਿਆ। ਉਸ ਨੇ ਇਟਲੀ ਵਿਚਲੇ ਕਸਬੇ ਕਾਸਟੀਲੀਅਨ ਦੇ ਪੁਰਸ਼, ਇਸਤਰੀਆਂ ਅਤੇ ਲੜਕੇ-ਲੜਕੀਆਂ ਇਕੱਠੇ ਕੀਤੇ ਅਤੇ ਉਨ੍ਹਾਂ ਨੂੰ ਜ਼ਖ਼ਮੀਆਂ ਦੀ ਸੇਵਾ ਲਈ ਪ੍ਰੇਰਿਤ ਕੀਤਾ। ਇਨ੍ਹਾਂ ਸਵੈ-ਸੇਵਕਾਂ ਪਾਸੋਂ ਡਿਊਨਾ ਨੇ ਇਹ ਪ੍ਰਣ ਲਿਆ ਕਿ ਉਹ ਫੱਟੜਾਂ ਦੀ ਸੇਵਾ ਕਰਦੇ ਸਮੇਂ ਕੌਮਾਂ ਦਾ ਭਿੰਨ-ਭੇਦ ਨਹੀਂ ਕਰਨਗੇ, ਉਨ੍ਹਾਂ ਨੂੰ ਮਨੁੱਖ ਸਮਝ ਕੇ ਉਨ੍ਹਾਂ ਦੀ ਸੇਵਾ ਕਰਨਗੇ। ਉਸ ਨੇ ਇਟਲੀ ਦੇ ਵਸਨੀਕਾਂ ਦੀ ਸਹਾਇਤਾ ਨਾਲ ਜ਼ਖ਼ਮੀਆਂ ਦੀ ਬਿਨਾਂ ਕਿਸੇ ਭੇਦ-ਭਾਵ ਦੇ ਦਿਨ-ਰਾਤ ਸੇਵਾ-ਸੰਭਾਲ ਕੀਤੀ ਅਤੇ ਮਾਨਵ ਜਾਤੀ ਦੀ ਸੇਵਾ ਲਈ ਨਵੇਂ ਦੌਰ ਦਾ ਆਰੰਭ ਹੋਇਆ ਜਿਸ ਦਾ ਮੂਲ ਆਧਾਰ ਨਿਸ਼ਕਾਮ ਸੇਵਾ ਸੀ। ਭਾਰਤ ‘ਚ ਰੈੱਡ ਕਰਾਸ ਸੰਸਥਾ ਭਾਰਤ ਸਰਕਾਰ ਦੇ ਐਕਟ 15 ਅਧੀਨ 1920 ਵਿੱਚ ਬਣੀ। ਅੱਜ ਸੰਸਾਰ ਦੇ ਲਗਪਗ ਹਰ ਮੁਲਕ ‘ਚ ਰੈੱਡ ਕਰਾਸ ਸੰਸਥਾਵਾਂ ਮਨੁੱਖਤਾ ਦੀ ਭਲਾਈ ਹਿੱਤ ਕੰਮ ਕਰ ਰਹੀਆਂ ਹਨ।ਰੈੱਡ ਕਰਾਸ ਸੰਸਥਾਵਾਂ ਦਾ ਮੁੱਖ ਉਦੇਸ਼ ਜਿੱਥੇ ਜੰਗ ਸਮੇਂ ਫੱਟੜ ਹੋਏ ਸੈਨਿਕਾਂ ਦੀ ਸੇਵਾ-ਸੰਭਾਲ ਕਰਨਾ ਹੈ, ਉੱਥੇ ਹੀ ਆਫ਼ਤਾਂ, ਹੜ੍ਹਾਂ, ਸੋਕੇ, ਭੂਚਾਲ ਅਤੇ ਬਿਮਾਰੀਆਂ ਆਦਿ ਤੋਂ ਪੀੜਤ ਲੋਕਾਂ ਦੀ ਅੱਗੇ ਹੋ ਕੇ ਸੇਵਾ ਕਰਨਾ ਵੀ ਇਸ ਸੰਸਥਾ ਦਾ ਮੁੱਖ ਮੰਤਵ ਹੈ।
ਰੈੱਡ ਕਰਾਸ ਦੇ ਬਾਨੀ ਹੈਨਰੀ ਡਿਊਨਾ ਨੇ ਮਾਨਵ ਸੇਵਾ ਦੀ ਜੋ ਲੀਹ ਸੰਨ 1859 ‘ਚ ਸਾਲਫਰੀਨੋ ਦੀ ਜੰਗ ਦੇ ਮੈਦਾਨ ਵਿੱਚ ਕੰਮ ਕਰ ਕੇ ਪਾਈ। ਹੈਨਰੀ ਡਿਊਨਾ ਤੋਂ 180 ਸਾਲ ਪਹਿਲਾਂ ਜਨਮੇ ਭਾਈ ਘਨ੍ਹੱਈਆ ਜੀ ਨੇ ਲਗਪਗ ਪੌਣੇ ਦੋ ਸਦੀਆਂ ਪਹਿਲਾਂ ਪੰਜਾਬ ਦੀ ਪਵਿੱਤਰ ਨਗਰੀ ਅਨੰਦਪੁਰ ਸਾਹਿਬ ਦੀ ਧਰਤੀ ‘ਤੇ ‘ਨਾ ਕੋ ਬੈਰੀ ਨਾ ਹੀ ਬਿਗਾਨਾ’ ਦੇ ਸਿਧਾਂਤ ‘ਤੇ ਚੱਲਦਿਆਂ ਜ਼ਖ਼ਮੀਆਂ ਨੂੰ ਪਾਣੀ ਪਿਲਾ ਕੇ ਅਤੇ ਮਰਹਮ-ਪੱਟੀ ਕਰ ਕੇ ਇਸ ਸਿਧਾਂਤ ਦੀ ਨੀਂਹ ਰੱਖੀ ਸੀ। ਇਸ ਤਰ੍ਹਾਂ ਪੰਜਾਬ ਵਿੱਚ ਭਾਈ ਘਨ੍ਹੱਈਆ ਜੀ ਨੇ ਰੈੱਡ ਕਰਾਸ ਦੀ ਵਿਚਾਰਧਾਰਾ ਨੂੰ ਬਹੁਤ ਸਮਾਂ ਪਹਿਲਾਂ ਹੀ ਜਨਮ ਦੇ ਦਿੱਤਾ ਸੀ ਅਤੇ ਮਨੁੱਖਤਾ ਦੀ ਖ਼ੂਬ ਸੇਵਾ ਕੀਤੀ ਸੀ। ਪੰਜਾਬ ‘ਚ ਭਾਈ ਘਨ੍ਹੱਈਆ ਜੀ ਨੂੰ ਵੀ ਰੈੱਡ ਕਰਾਸ ਦੇ ਪਹਿਲੇ ਪਰਿਵਰਤਕ ਦੇ ਤੌਰ ‘ਤੇ ਯਾਦ ਕੀਤਾ ਜਾਂਦਾ ਹੈ। ਭਾਈ ਘਨ੍ਹੱਈਆ ਜੀ ਅਤੇ ਹੈਨਰੀ ਡਿਊਨਾ ਦੇ ਆਦਰਸ਼ਾਂ ਨੇ ਦੁਨੀਆ ਭਰ ਦੇ ਕਰੋੜਾਂ ਸਵੈ-ਸੇਵਕਾਂ ਨੂੰ ਰੈੱਡ ਕਰਾਸ ਸੰਸਥਾਵਾਂ ਜ਼ਰੀਏ ਏਕਤਾ ਅਤੇ ਸੇਵਾ ਦੇ ਧਾਗੇ ਵਿੱਚ ਪਰੋਇਆ ਹੋਇਆ ਹੈ।