-ਜਗਤਾਰ ਸਿੰਘ ਸਿੱਧੂ
ਸਤ੍ਹਾ ‘ਚ ਬੈਠੇ ਲੋਕ ਕਈ ਵਾਰ ਐਨੇ ਅੰਨੇ ਹੋ ਜਾਂਦੇ ਹਨ ਕਿ ਉਹ ਆਪਣੀ ਪਾਰਟੀ ਦੇ ਅੰਦਰੋਂ ਉੱਠੀਆਂ ਵਿਰੋਧੀ ਸੁਰਾਂ ਨੂੰ ਵੀ ਬਗਾਵਤ ਦਾ ਨਾਂ ਦੇ ਕੇ ਵਿਰੋਧੀਆਂ ਦੀ ਆਵਾਜ਼ ਨੂੰ ਹਮੇਸ਼ਾ ਲਈ ਚੁੱਪ ਕਰਵਾਉਣਾ ਹੀ ਬੇਹਤਰ ਰਾਜਸੀ ਦਾਅ ਪੇਚ ਮੰਨ ਲੈਂਦੇ ਹਨ। ਬੜਾ ਅਜੀਬ ਵਰਤਾਰਾ ਹੈ ਕਿ ਫਿਰ ਵੀ ਆਪਣੇ ਆਪ ਨੂੰ ਬਹੁਤ ਸ਼ਕਤੀਸ਼ਾਲੀ ਸਮਝਣ ਵਾਲੇ ਨੇਤਾ ਦੇ ਹੱਥੋਂ ਵੀ ਤਾਕਤ ਰੇਤ ਦੇ ਕਣਾਂ ਵਾਂਗ ਕਿਰ ਜਾਂਦੀ ਹੈ। ਇਸ ਦੀਆਂ ਅਨੇਕਾਂ ਮਿਸਾਲਾਂ ਹਨ। ਅਕਾਲੀ ਦਲ ਦੇ ਸ਼ਕਤੀਸ਼ਾਲੀ ਨੇਤਾ ਪ੍ਰਕਾਸ਼ ਸਿੰਘ ਬਾਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੰਮਾ ਸਮਾਂ ਰਹੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਅਵਾਜ਼ ਨੂੰ ਤਾਕਤ ਦੇ ਨਸ਼ੇ ਨਾਲ ਕੁਚਲਣ ਦੀ ਕੋਸ਼ਿਸ਼ ਕੀਤੀ ਤਾਂ ਨਤੀਜਾ ਇਹ ਨਿਕਲਿਆ ਕਿ ਪੰਜਾਬ ‘ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆ ਗਈ। ਇਹ ਵੱਖਰੀ ਗੱਲ ਹੈ ਕਿ ਰਾਜ ਭਾਗ ਗੁਆ ਕੇ ਅਤੇ ਭ੍ਰਿਸ਼ਟਾਚਾਰ ਦੇ ਕੇਸ ਪੁਆ ਕੇ ਉਸੇ ਜਥੇਦਾਰ ਟੌਹੜਾ ਨਾਲ ਬਾਦਲ ਨੂੰ ਹੱਥ ਮਿਲਾਉਣਾ ਪਿਆ। ਪਿਛਲੀ ਵਿਧਾਨ ਸਭਾ ਚੋਣ ਵੇਲੇ ਆਮ ਆਦਮੀ ਪਾਰਟੀ ਨੂੰ ਲੱਗਦਾ ਸੀ ਕਿ ਸਰਕਾਰ ਤਾਂ ਬਣੀ ਪਈ ਹੈ। ਉਨ੍ਹਾਂ ਨੇ ਪਾਰਟੀ ਦੇ ਹੀ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਨੂੰ ਦੋਸ਼ ਲਾ ਕੇ ਅਤੇ ਜ਼ਲੀਲ ਕਰ ਕੇ ਪਾਰਟੀ ਤੋਂ ਬਾਹਰ ਦਾ ਰਾਹ ਵਿਖਾ ਦਿੱਤਾ। ਆਮ ਆਦਮੀ ਪਾਰਟੀ ਨਾਲ ਕੀ ਹੋਇਆ? ਪਾਠਕਾਂ ਨੂੰ ਦੱਸਣ ਦੀ ਲੋੜ ਨਹੀਂ। ਪੰਜਾਬ ਕਾਂਗਰਸ ਵੀ ਕੁਝ ਇਸੇ ਤਰ੍ਹਾਂ ਪੰਜਾਬ ਦਾ ਰਾਜਸੀ ਇਤਿਹਾਸ ਦੁਹਰਾਉਣ ਜਾ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਪਾਰਟੀ ਦੇ ਦੋ ਸਾਬਕਾ ਪ੍ਰਧਾਨ ਅਤੇ ਰਾਜ ਸਭਾ ਮੈਂਬਰਾਂ ਨੂੰ ਸਤ੍ਹਾ ਦੇ ਨਸ਼ੇ ‘ਚ ਠੇਡਾ ਮਾਰ ਕੇ ਕਾਂਗਰਸ ਦੇ ਬੂਹੇ ਤੋਂ ਬਾਹਰ ਸੁੱਟਣ ਦਾ ਢੰਗ ਅਪਣਾਇਆ ਹੈ। ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋਂ ਦੀ ਕਾਰਜਸ਼ੇਲੀ ‘ਚ ਵੀ ਨੁਕਸ਼ ਹੋਣਗੇ ਪਰ ਇਹ ਤਾਂ ਸਹੀ ਹੈ ਕਿ ਦੋਵੇਂ ਨੇਤਾ ਟਕਸਾਲੀ ਕਾਂਗਰਸੀ ਹਨ। ਦੂਲੋਂ ਉੱਪਰ ਖਾੜਕੂਵਾਦ ਦੇ ਸਮੇਂ ‘ਚ ਹਮਲੇ ਵੀ ਹੋਏ। ਮਰਹੂਮ ਬੇਅੰਤ ਸਿੰਘ ਤੋਂ ਬਾਅਦ ਉਹ ਪਹਿਲਾਂ ਅਜਿਹਾ ਨੇਤਾ ਹੈ ਜਿਹੜਾ ਕਿ ਕਾਂਗਰਸ ਪ੍ਰਧਾਨ ਹੋਣ ਸਮੇਂ ਚੰਡੀਗੜ੍ਹ ਕਾਂਗਰਸ ਭਵਨ ‘ਚ ਹੀ ਸੌਂਦਾ ਸੀ ਅਤੇ ਕਾਂਗਰਸ ਦੇ ਹੇਠਲੇ ਪੱਧਰ ਦੇ ਵਰਕਰਾਂ ਨਾਲ ਉਸ ਦਾ ਤਾਲਮੇਲ ਸੀ। ਇਨ੍ਹਾਂ ਦੋਹਾਂ ਆਗੂਆਂ ਦਾ ਦਾਅਵਾ ਹੈ ਕਿ ਮੁੱਖ ਮੰਤਰੀ ਨੇ ਕਦੇ ਉਨ੍ਹਾਂ ਦੀ ਗੱਲ ਨਹੀਂ ਸੁਣੀ ਅਤੇ ਨਾ ਹੀ ਪੱਤਰ ਦਾ ਜਵਾਬ ਦਿੱਤਾ। ਪੰਜਾਬ ‘ਚ ਨਸ਼ੇ ਦੇ ਦੋ ਨੰਬਰ ਦੇ ਧੰਦੇ ਦਾ ਕਾਫੀ ਸਮੇਂ ਤੋਂ ਰੌਲਾ ਪੈ ਰਿਹਾ ਹੈ। ਮੁੱਖ ਮੰਤਰੀ ਦੇ ਜ਼ਿਲ੍ਹੇ ‘ਚ ਸ਼ਰਾਬ ਦੀਆਂ ਨਜਾਇਜ਼ ਡਿਸ਼ਟਿਲਰੀਆਂ ਫੜੀਆਂ ਗਈਆਂ। ਕਈ ਵਿਧਾਇਕਾਂ ਅਤੇ ਆਗੂਆਂ ਦੇ ਨਾਂ ਇਸ ਧੰਦੇ ‘ਚ ਆ ਰਹੇ ਹਨ। ਬਾਜਵਾ ਅਤੇ ਦੂਲੋਂ ਨੇ ਇਸ ਮਾਮਲੇ ਜਾਂਚ ਸੀ.ਬੀ.ਆਈ. ਤੋਂ ਕਰਵਾਉਣ ਲਈ ਰਾਜਪਾਲ ਨੂੰ ਮੰਗ ਪੱਤਰ ਦੇ ਦਿੱਤਾ। ਕਾਂਗਰਸ ਪ੍ਰਧਾਨ ਜਾਖੜ ਨੇ ਦੋਹਾਂ ਨੂੰ ਪਾਰਟੀ ਤੋਂ ਬਾਹਰ ਕਰਨ ਲਈ ਕੇਂਦਰੀ ਲੀਡਰਸ਼ਿਪ ਨੂੰ ਸ਼ਿਫਾਰਿਸ਼ ਕਰ ਦਿੱਤੀ। ਉਸ ਸਿਫਾਰਸ਼ ਬਾਰੇ ਕੇਂਦਰੀ ਲੀਡਰਸ਼ਿਪ ਦਾ ਤਾਂ ਕੋਈ ਫੈਸਲਾ ਅਜੇ ਆਇਆ ਨਹੀਂ ਪਰ ਇਹ ਦੋਵੇਂ ਹੋਰ ਵੀ ਖੁਲ੍ਹ ਕੇ ਮੀਡੀਆ ‘ਚ ਕੈਪਟਨ ਅਤੇ ਜਾਖੜ ਵਿਰੁੱਧ ਬੋਲ ਰਹੇ ਹਨ। ਜਦੋਂ ਛੋਟੇਪੁਰ ਨੂੰ ਪਾਰਟੀ ਨੇ ਬਾਹਰ ਕੱਢ ਦਿੱਤਾ ਸੀ ਤਾਂ ਕੈਪਟਨ ਅਮਰਿੰਦਰ ਸਿੰਘ ਛੋਟੇਪੁਰ ਦੇ ਹੱਕ ‘ਚ “ਬਹੁਤ ਸਤਿਕਾਰਤ” ਭਾਸ਼ਾ ਦਾ ਇਸਤੇਮਾਲ ਕਰਦੇ ਸਨ ਅਤੇ ਕੇਜਰੀਵਾਲ ਨੂੰ ਡਿਕਟੇਟਰ ਆਖਦੇ ਸਨ। ਹੁਣ ਆਪਣੀ ਪਾਰਟੀ ਦੇ ਦਹਾਕਿਆਂ ਪੁਰਾਣੇ ਆਗੂਆਂ ਨੇ ਮੁੱਖ ਮੰਤਰੀ ਦੀ ਕਾਰਜਸ਼ੈਲੀ ਵਿਰੁੱਧ ਬੋਲਿਆ ਹੈ ਤਾਂ ਕਿਹਾ ਜਾ ਰਿਹਾ ਹੈ ਕਿ ਬਾਜਵਾ ਅਤੇ ਦੁਲੋਂ ਨੇ ਪਾਰਟੀ ਦੀ ਪਿੱਠ ‘ਚ ਛੁਰਾ ਮਾਰਿਆ? ਇਸੇ ਨੂੰ ਪੰਜਾਬੀ ‘ਚ ਆਖਦੇ ਹਨ ਕਿ ਆਪਣੇ ਘਰ ਅੱਗ ਲੱਗੇ ਤਾਂ ਅੱਗ ਹੈ ਅਤੇ ਦੂਜੇ ਦਾ ਘਰ ਸੜੇ ਤਾਂ ਅਗਨੀ ਬਸੰਤਰ ਹੈ। ਸਾਡੀ ਰਾਜਨੀਤੀ ‘ਚ ਝੋਲੀ ਚੁੱਕੀ ਦਾ ਸਭਿਆਚਾਰ ਐਨਾ ਭਾਰੂ ਹੋ ਗਿਆ ਹੈ ਕਿ ਪਾਰਟੀਆਂ ਅੰਦਰ ਜਮਹੂਰੀਅਤ ਤਾਂ ਖਤਮ ਹੀ ਹੋ ਗਈ ਹੈ। ਪੰਜਾਬ ਮੰਤਰੀ ਮੰਡਲ ਨੇ ਵੀ ਦੋਹਾਂ ਆਗੂਆਂ ਵਿਰੁੱਧ ਮਤਾ ਪਾਸ ਕਰਕੇ ਕੈਪਟਨ ਦੀ ਜੈ-ਜੈ ਕਾਰ ਕੀਤੀ ਹੈ। ਕਿਸੇ ਨੇਤਾ ਨੇ ਇਹ ਨਹੀਂ ਮਹਿਸੂਸ ਕੀਤਾ ਕਿ ਪਾਰਟੀ ਦੇ ਮਾਮਲੇ ਨੂੰ ਅੰਦਰ ਬੈਠ ਕੇ ਹੱਲ ਕਰਨ ਦੀ ਕੋਸ਼ਿਸ਼ ਕਰੀ ਜਾਵੇ। ਰਾਜਨੀਤੀ ਚੀਜ਼ ਹੀ ਐਸੀ ਹੈ ਕਿ ਜਦੋਂ ਕੋਈ ਆਪਣੇ ‘ਚੋਂ ਬਾਹਰ ਨਿਕਲਦਾ ਹੈ ਤਾਂ ਉਸ ਦੇ ਗਿੱਟੇ ਛਾਂਗ ਕੇ ਹੋਰ ਵੀ ਸਵਾਦ ਆਉਂਦਾ ਹੈ। ਪੰਜਾਬ ਸਰਕਾਰ ਨੇ ਫੌਰੀ ਬਾਜਵਾ ਦੀ ਸੁਰੱਖਿਆ ਟੀਮ ਵੀ ਵਾਪਸ ਬੁਲਾ ਲਈ। ਬਜ਼ੁਰਗ ਦਲਿਤ ਕਾਂਗਰਸੀ ਨੇਤਾ ਦੂਲੋਂ ਦਾ ਕਾਂਗਰਸੀ ਆਗੂਆਂ ਨੇ ਘਰ ਜਾ ਘੇਰਿਆ? ਉਸ ਗਰੀਬ ਦੇ ਪੱਲੇ ਤਾਂ ਪਹਿਲਾਂ ਹੀ ਕੁਝ ਨਹੀਂ ਹੈ। ਉਸ ਨੇ ਘਰ ਘੇਰਨ ਆਏ ਕਾਂਗਰਸੀਆਂ ਨੂੰ ਠੰਡੇ ਦੀਆਂ ਬੋਤਲਾਂ ਲਿਆ ਪਿਆ ਕੇ ਕਾਂਗਰਸ ਲਈ ਕੰਮ ਕਰਨ ਦਾ ਸੁਨੇਹਾ ਦੇ ਕੇ ਵਾਪਸ ਭੇਜ ਦਿੱਤਾ।
ਹੋਰ ਕੁਝ ਮਹੀਨਿਆਂ ਤੱਕ ਪੰਜਾਬ ਬਕਾਇਦਾ ਚੋਣ ਦੇ ਮੈਦਾਨ ‘ਚ ਆ ਜਾਵੇਗਾ। ਕਾਂਗਰਸ ਅੰਦਰ ਜਿਹੜੀਆਂ ਤਲਵਾਰਾਂ ਇੱਕ ਦੂਜੇ ਵਿਰੁੱਧ ਘੁਮਾਈਆਂ ਜਾ ਰਹੀਆਂ ਹਨ, ਇਸ ਨਾਲ ਕਿਸ ਦੀ ਸੇਵਾ ਹੋ ਰਹੀ ਹੈ? ਵਿਰੋਧੀ ਪਾਰਟੀਆਂ ਨੂੰ ਕਾਂਗਰਸ ਵਿਰੁੱਧ ਬੋਲਣ ਦਾ ਹੋਰ ਮੌਕਾ ਮਿਲ ਗਿਆ ਹੈ। ਮੀਡੀਆ ਨੂੰ ਵੀ ਆਏ ਦਿਨ ਨਵੀਆਂ ਸੁਰਖੀਆਂ ਚਾਹੀਦੀਆਂ ਹਨ। ਹੁਣ ਕਿਸੇ ਪਾਠਕ ਨੇ ਛੋਟੇਪੁਰ ਦਾ ਮੀਡੀਆ ‘ਚ ਕੋਈ ਬਿਆਨ ਦੇਖਿਆ? ਇਸ ਨੇਤਾ ਦੀਆਂ ਚੋਣਾਂ ਵੇਲੇ ਪੂਰੀਆਂ ਇੰਟਰਵਿਊ ਚਲਦੀਆਂ ਸਨ। ਛੋਟੇਪੁਰ ਤਾਂ ਪਤਾ ਨਹੀਂ ਕਿਧਰ ਚਲੇ ਗਏ ਪਰ ਆਪ ਦੇ ਸੁਪਨੇ ਵੀ ਚਕਨਾ ਚੂਰ ਹੋ ਗਏ। ਹੋ ਸਕਦੈ ਕਿ ਚੋਣ ਬਾਅਦ ਬਾਜਵਾ ਅਤੇ ਦੂਲੋਂ ਕਿਧਰੇ ਨਜ਼ਰ ਆਉਣ ਜਾਂ ਨਾ ਆਉਣ ਪਰ ਕਾਂਗਰਸ ਨੂੰ ਕੀ ਗਾਰੰਟੀ ਹੈ ਕਿ ਪਾਰਟੀ ਅੰਦਰ ਕਲੇਸ਼ ਪਾ ਕੇ ਅਗਲੀ ਵਾਰ ਸਤ੍ਹਾ ਦਾ ਤਾਜ ਕਾਂਗਰਸ ਦੇ ਸਿਰ ਹੀ ਸਜੇਗਾ? ਹੁਣ ਦੋਵੇਂ ਨੇਤਾ ਆਖ ਰਹੇ ਹਨ ਕਿ ਸੋਨੀਆ ਕਮੇਟੀ ਤੋਂ ਹੇਠਾਂ ਉਨ੍ਹਾਂ ਨੂੰ ਕਾਂਗਰਸ ‘ਚੋਂ ਕੋਈ ਨਹੀਂ ਕੱਢ ਸਕਦਾ। ਜੇਕਰ ਪਹਿਲਾਂ ਹੀ ਭਾਜਪਾ ਨਾਲ ਪਰੇਸ਼ਾਨੀਆਂ ‘ਚ ਉਲਝੀ ਪਾਰਟੀ ਹਾਈਕਮਾਂਡ ਬਾਜਵਾ ਅਤੇ ਦੂਲੋਂ ਬਾਰੇ ਛੇਤੀ ਕੋਈ ਫੈਸਲਾ ਨਹੀਂ ਲੈਂਦੀ ਹੈ ਤਾਂ ਜਾਖੜ ਅਤੇ ਕੈਪਟਨ ਦਾ ਕੀ ਬਣੇਗਾ ? ਬੇਹਤਰ ਹੈ ਕਿ ਇਨ੍ਹਾਂ ਦੋਹਾਂ ਦੇ ਜਵਾਬਾਂ ਲਈ ਪਾਠਕ ਕੁਝ ਦਿਨ ਇੰਤਜ਼ਾਰ ਕਰਨ।
ਸੰਪਰਕ : 98140-02186