ਪਟਿਆਲਾ – ਪੰਜਾਬ ’ਚ ਨਗਰ ਕੌਂਸਲ ਦੀਆਂ 14 ਫਰਵਰੀ ਨੂੰ ਹੋਈਆਂ ਚੋਣਾਂ ਦੌਰਾਨ ਪਟਿਆਲਾ ਜ਼ਿਲ੍ਹੇ ਦੇ ਸਮਾਣਾ ਤੇ ਪਾਤੜਾਂ ਸ਼ਹਿਰਾਂ ’ਚ ਤਿੰਨ ਵੋਟਿੰਗ ਮਸ਼ੀਨਾਂ ਤੋੜੇ ਜਾਣ ਦੀ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਸੂਬਾਈ ਚੋਣ ਕਮਿਸ਼ਨ ਨੇ ਇਨ੍ਹਾਂ ਤਿੰਨ ਬੂਥਾਂ ’ਤੇ ਹੋਈ ਵੋਟਿੰਗ ਨੂੰ ਰੱਦ ਕਰਦਿਆਂ ਨਵੇਂ ਸਿਰੇ ਤੋਂ ਪੋਲਿੰਗ ਕਰਵਾਉਣ ਦਾ ਐਲਾਨ ਕੀਤਾ ਹੈ। ਪੋਲਿੰਗ ਰੱਦ ਕਰਨ ਦਾ ਫੈਸਲਾ ਸਮਾਣਾ ਤੇ ਪਾਤੜਾਂ ਦੇ ਰਿਟਰਨਿੰਗ ਅਫਸਰਾਂ ਵੱਲੋਂ ਭੇਜੀ ਰਿਪੋਰਟ ਦੇ ਆਧਾਰ ’ਤੇ ਲਿਆ ਗਿਆ ਹੈ। ਤਿੰਨ ਬੂਥਾਂ ’ਤੇ ਅੱਜ 16 ਫਰਵਰੀ ਨੂੰ ਮੁੜ ਵੋਟਾਂ ਪੈਣਗੀਆਂ। ਵੋਟਾਂ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ ਤੇ ਇਨ੍ਹਾਂ ਦੀ ਗਿਣਤੀ 17 ਫਰਵਰੀ ਨੂੰ ਬਾਕੀ ਵੋਟਾਂ ਦੇ ਨਾਲ ਹੀ ਹੋਵੇਗੀ।
ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਵੋਟਿੰਗ ਦੌਰਾਨ ਸਿਆਸੀ ਧਿਰਾਂ ਦੇ ਇਕ ਦੂਜੇ ਨਾਲ ਖਹਿਬੜਨ ਦੀਆਂ ਰਿਪੋਰਟਾਂ ਆਈਆਂ, ਪਰ ਚੋਣਾਂ ਰੱਦ ਕਰਨ ਦੀ ਨੌਬਤ ਸਿਰਫ਼ ਮੁੱਖ ਮੰਤਰੀ ਦੇ ਜੱਦੀ ਜ਼ਿਲ੍ਹੇ ਪਟਿਆਲਾ ’ਚ ਹੀ ਆਈ। ਨਗਰ ਕੌਂਸਲ ਸਮਾਣਾ ਦੀ ਵਾਰਡ ਨੰਬਰ 11 ਦੇ ਬੂਥ ਨੰ. 22 ਤੇ 23 ਹੋਈ ਚੋਣ ਦੌਰਾਨ ਲੰਘੇ ਦਿਨ ਕੁਝ ਅਣਪਛਾਤੇ ਨੌਜਵਾਨਾਂ ਨੇ ਦੋਵਾਂ ਬੂਥਾਂ ’ਚ ਦਾਖ਼ਲ ਹੋ ਕੇ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ (ਈਵੀਐਮ) ਤੋੜ ਦਿੱਤੀਆਂ ਸਨ। ਪੁਲੀਸ ਨੇ ਇਸ ਘਟਨਾ ਲਈ ਕੁਝ ਅਣਪਛਾਤਿਆਂ ਖਿਲਾਫ਼ ਕੇਸ ਦਰਜ ਕੀਤਾ ਹੈ, ਪਰ ਅਜੇ ਤੱਕ ਇਹ ਸਪਸ਼ਟ ਨਹੀਂ ਕਿ ਉਹ ਕਿਹੜੀ ਪਾਰਟੀ ਨਾਲ ਸਬੰਧਤ ਸੀ। ਸਮਾਣਾ ਦੇ ਮੌਜੂਦਾ ਵਿਧਾਇਕ ਰਾਜਿੰਦਰ ਸਿੰਘ ਤੇ ਸਾਬਕਾ ਵਿਧਾਇਕ ਸੁਰਜੀਤ ਰੱਖੜਾ ਇਸ ਲਈ ਇੱਕ ਦੂਜੀ ਧਿਰ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਚੋਣ ਕਮਿਸ਼ਨ ਨੇ ਇਨ੍ਹਾਂ ਦੋਵਾਂ ਬੂਥਾਂ ’ਤੇ ਮੁੜ ਚੋਣ ਕਰਵਾਉਣ ਦਾ ਫੈਸਲਾ ਸਮਾਣਾ ਹਲਕੇ ਦੇ ਰਿਟਰਨਿੰਗ ਅਫਸਰ ਨਮਨ ਮੜਕਣ (ਪੀਸੀਐੱਸ) ਵੱਲੋਂ ਭੇਜੀ ਰਿਪੋਰਟ ਦੇ ਆਧਾਰ ’ਤੇ ਲਿਆ ਹੈ। ਐੱਸਐੱਸਪੀ ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਉਪਰੋਕਤ ਤਿੰਨੋਂ ਥਾਵਾਂ ’ਤੇ ਲੋੜੀਂਦੀ ਪੁਲੀਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ।