ਚੰਡੀਗੜ੍ਹ : ਰਵਨੀਤ ਬਿੱਟੂ ਅੱਜ ਪੰਜਾਬ ਐਸਸੀ ਕਮਿਸ਼ਨ ਅੱਗੇ ਪੇਸ਼ ਹੋਏ। ਉਨ੍ਹਾਂ ਖਿਲਾਫ ਅਕਾਲੀ ਦਲ ਨੇ ਸ਼ਿਕਾਇਤ ਕੀਤੀ ਸੀ। ਬਿੱਟੂ ਨੇ ਆਨੰਦਪੁਰ ਸਾਹਿਬ ਤੇ ਚਮਕੌਰ ਸਾਹਿਬ ਦੀਆਂ ਸੀਟਾਂ ਬਸਪਾ ਨੂੰ ਦੇਣ ਦੇ ਮਾਮਲੇ ’ਤੇ ਟਿੱਪਣੀ ਕੀਤੀ ਸੀ ਜਿਸਨੂੰ ਲੈ ਕੇ ਅਕਾਲੀ ਦਲ ਨੇ ਐਸਸੀ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਸੀ।
ਇਸ ਮੌਕੇ ਰਵਨੀਤ ਬਿੱਟੂ ਨੇ ਆਪਣੇ ਬਿਆਨ ‘ਤੇ ਦਲਿਤ ਭਾਈਚਾਰੇ ਤੋਂ ਮੁਆਫੀ ਮੰਗ ਲਈ ਹੈ। ਉਨ੍ਹਾਂ ਕਿਹਾ ਕਿ, ‘ਮੇਰਾ ਮਕਸਦ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਮੈਂ ਇਸ ਗੱਲ ਲਈ ਭਾਈਚਾਰੇ ਤੋਂ ਇੱਕ ਵਾਰ ਨਹੀਂ 100 ਵਾਰ ਮੁਆਫੀ ਮੰਗਦਾ ਹਾਂ।’
ਜ਼ਿਕਰਯੋਗ ਹੈ ਕਿ ਰਵਨੀਤ ਸਿੰਘ ਬਿੱਟੂ ਨੂੰ ਪੰਜਾਬ ਐਸ.ਸੀ.ਕਮਿਸ਼ਨ ਦੀ ਚੇਅਰਪਰਸਨ ਤਜਿੰਦਰ ਕੌਰ ਵੱਲੋਂ 22 ਜੂਨ, ਮੰਗਲਵਾਰ ਨੂੰ ਕਮਿਸ਼ਨ ਸਾਹਮਣੇ ਪੇਸ਼ ਹੋਣ ਲਈ ਤਲਬ ਕੀਤਾ ਸੀ। ਇਸ ਤੋਂ ਬਾਅਦ ਬਿੱਟੂ ਨੇ ਕਮਿਸ਼ਨ ਨੂੰ 22 ਜੂਨ ਨੂੰ ਕੁਝ ਹੋਰ ਜ਼ਰੂਰੀ ਰੁਝੇਵੇਂ ਹੋਣ ਸੰਬੰਧੀ ਇਤਲਾਹ ਦਿੰਦਿਆਂ ਇਹ ਬੇਨਤੀ ਕੀਤੀ ਸੀ ਕਿ ਉਨ੍ਹਾਂ ਨੂੰ ਆਪਣਾ ਪੱਖ ਰੱਖਣ ਲਈ 21 ਜੂਨ ਨੂੰ ਹੀ ਸਮਾਂ ਦੇ ਦਿੱਤਾ ਜਾਵੇ।
ਇਸੇ ਦੇ ਚੱਲਦਿਆਂ ਕਮਿਸ਼ਨ ਨੇ ਉਨ੍ਹਾਂ ਨੂੰ ਅੱਜ 11.30 ਵਜੇ ਕਮਿਸ਼ਨ ਦੇ ਦਫ਼ਤਰ ਵਿੱਚ ਪੇਸ਼ ਹੋਣ ਲਈ ਸਮਾਂ ਦਿੱਤਾ ਸੀ ਜਿਸ ਦੇ ਮੱਦੇਨਜ਼ਰ ਬਿੱਟੂ ਸਮੇਂ ਸਿਰ ਕਮਿਸ਼ਨ ਸਾਹਮਣੇ ਆਪਣਾ ਪੱਖ ਰੱਖਣ ਲਈ ਪੁੱਜੇ।