ਬਰੈਂਪਟਨ: ਪੰਜਾਬ ਤੋਂ ਆਈ ਵਿਦਿਆਰਥਣ ਨਾਲ ਜਬਰ-ਜਨਾਹ ਕਰਨ ਦੇ ਦੋਸ਼ ਹੇਠ ਕੈਨੇਡਾ ਵਾਸੀ ਨੂੰ 7 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜਾਣਕਾਰੀ ਮੁਤਾਬਕ 9 ਸਤੰਬਰ 2020 ਨੂੰ ਪੀਅਰਸਨ ਹਵਾਈ ਅੱਡੇ ‘ਤੇ ਪੁੱਜੀ ਵਿਦਿਆਰਥਣ ਨੇ ਮੌਂਟਰੀਅਲ ਜਾਣਾ ਸੀ ਪਰ ਇਸ ਤੋਂ ਪਹਿਲਾਂ ਹੀ ਉਸ ਨਾਲ ਹਾਦਸਾ ਵਾਪਰ ਗਿਆ। ਵਿਦਿਆਰਥਣ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਅਤੇ ਮੁਕੱਦਮੇ ਦੀ ਸੁਣਵਾਈ ਦੌਰਾਨ ਉਸ ਨੂੰ ਪੀ.ਕੇ. ਦੇ ਨਾਮ ਨਾਲ ਸੰਬੋਧਤ ਕੀਤਾ ਗਿਆ।
ਜਾਣਕਾਰੀ ਅਨੁਸਾਰ ਪੀ.ਕੇ. ਜਦੋਂ ਕੈਨੇਡਾ ਪੁੱਜੀ ਤਾਂ ਕੋਰੋਨਾ ਬੰਦਿਸ਼ਾਂ ਕਾਰਨ 14 ਦਿਨ ਕੁਆਰੰਟੀਨ ਰਹਿਣਾ ਜ਼ਰੂਰੀ ਸੀ ਪਰ ਮੁਲਕ ‘ਚ ਕੋਈ ਰਿਸ਼ਤੇਦਾਰ ਜਾਂ ਦੋਸਤ ਨਾਂ ਹੋਣ ਕਾਰਨ ਸੋਚਾਂ ‘ਚ ਪੈ ਗਈ। ਜਸਟਿਸ ਬਰੋਕ ਜੋਹਨਜ਼ ਨੇ ਆਪਣੇ ਫੈਸਲੇ ‘ਚ ਲਿਖਿਆ ਕਿ ਵਿਦਿਆਰਥਣ ਦੀ ਪਹਿਲੀ ਭਾਸ਼ਾ ਪੰਜਾਬੀ ਹੋਣ ਦੇ ਬਾਵਜੂਦ ਅੰਗਰੇਜ਼ੀ ਚੰਗੀ ਤਰ੍ਹਾਂ ਬੋਲ ਲੈਂਦੀ ਸੀ ਅਤੇ ਉਸ ਨੇ ਏਅਰ ਬੀ.ਐਨ.ਬੀ. ਰਾਹੀਂ ਇਕ ਕਮਰਾ ਕਿਰਾਏ ‘ਤੇ ਲੈ ਲਿਆ। ਇਥੇ ਹੀ ਉਸ ਦੀ ਮੁਲਾਕਾਤ ਕ੍ਰਿਸ਼ਯੰਤ ਕੁਗਰਾਜਾ ਨਾਲ ਹੋਈ। ਹਾਈ ਸਕੂਲ ਦੀ ਪੜਾਈ ਅੱਧ-ਵਿਚਾਲੇ ਛੱਡਣ ਦੀ ਵਾਲੇ ਕੁਸ਼ਯੰਤ ਕੁਗਰਾਜਾ ਨੂੰ ਕੋਈ ਢੰਗ ਦਾ ਕੰਮ ਨਹੀਂ ਸੀ ਮਿਲਦਾ ਜਿਸ ਕਰ ਕੇ ਉਹ ਓਨਟਾਰੀਓ ਵਰਕਸ ਤੋਂ ਪੇਮੈਂਟਸ ਇਕੱਠੀਆਂ ਕਰਦਾ। 9 ਸਾਲ ਦੀ ਉਮਰ ‘ਚ ਸ੍ਰੀਲੰਕਾ ਤੋਂ ਕੈਨੇਡਾ ਆਇਆ ਕੁਸ਼ਯੰਤ ਇਸ ਵੇਲੇ ਕੈਨੇਡਾ ਦਾ ਪੀ.ਆਰ. ਹੈ। ਸਤੰਬਰ 2020 ‘ਚ ਕ੍ਰਿਸ਼ਯੰਤ ਵੀ ਉਸੇ ਘਰ ‘ਚ ਕਿਰਾਏ ‘ਤੇ ਰਹਿੰਦਾ ਸੀ ਜਿਥੇ ਪੰਜਾਬ ਤੋਂ ਆਈ ਵਿਦਿਆਰਥਣ ਨੇ ਕਮਰਾ ਕਿਰਾਏ ‘ਤੇ ਲਿਆ।
ਅਦਾਲਤੀ ਦਸਤਾਵੇਜ਼ਾਂ ਮੁਤਾਬਕ ਕ੍ਰਿਸ਼ਯੰਤ ਨੇ ਦੋ ਵਾਰ ਵਿਦਿਆਰਥਣ ਨਾਲ ਜਬਰ-ਜਨਾਹ ਕੀਤਾ ਅਤੇ ਜ਼ਬਰਦਸਤੀ ਕਮਰੇ ਵਿਚ ਬੰਦ ਕਰ ਕੇ ਰੱਖਿਆ। ਪਹਿਲੀ ਘਟਨਾ ਉਸ ਵੇਲੇ ਵਾਪਰੀ ਜਦੋਂ ਕ੍ਰਿਸ਼ਯੰਤ ਅਤੇ ਪੀ.ਕੇ. ਨੇ ਇਕੱਠਿਆਂ ਫ਼ਿਲਮ ਦੇਖੀ ਪਰ ਇਸ ਮਗਰੋਂ ਕ੍ਰਿਸ਼ਯੰਤ ਦੂਜੀ ਫ਼ਿਲਮ ਦੇਖਣ ਦੀ ਜ਼ਿੱਦ ਕਰਨ ਲੱਗਿਆ। ਪੀ.ਕੇ. ਨੇ ਇਨਕਾਰ ਕੀਤਾ ਤਾਂ ਉਸ ਨਾਲ ਜ਼ਬਰਦਸਤੀ ਕੀਤੀ ਕ੍ਰਿਸ਼ਯੰਤ ਨੇ ਪੀ.ਕੇ. ਨੂੰ ਧਮਕਾਇਆ ਕਿ ਜੇ ਉਸ ਨੇ ਕਿਸੇ ਕੋਲ ਗੱਲ ਕੀਤੀ ਤਾਂ ਉਸ ਨੂੰ ਡਿਪੋਰਟ ਕਰਵਾ ਦੇਵੇਗਾ। ਕੈਨੇਡਾ ਵਿਚ ਨਵੀਂ ਹੋਣ ਕਾਰਨ ਵਿਦਿਆਰਥਣ ਡਰ ਗਈ ਅਤੇ ਚੁੱਪ ਧਾਰ ਲਈ। ਕੁਝ ਦਿਨ ਬਾਅਦ ਕ੍ਰਿਸ਼ਯੰਤ ਮੁੜ ਉਸ ਦੇ ਕਮਰੇ ‘ਚ ਦਾਖ਼ਲ ਹੋ ਗਿਆ। ਵਿਦਿਆਰਥਣ ਨੇ ਉਸ ਨੂੰ ਬਾਹਰ ਜਾਣ ਲਈ ਆਖਿਆ ਪਰ ਉਹ ਨਾ ਗਿਆ ਤਾਂ ਵਿਦਿਆਰਥਣ ਖੁਦ ਹੀ ਕੁਝ ਘੰਟੇ ਲਈ ਉਥੋਂ ਬਾਹਰ ਚਲੀ ਗਈ। ਜਦੋਂ ਉਹ ਵਾਪਸ ਆਈ ਤਾਂ ਕ੍ਰਿਯਤ ਕੁਗਰਾਜਾ ਕਮਰੇ ਵਿਚ ਹੀ ਮੌਜੂਦ ਸੀ ਅਤੇ ਉਸ ਨੇ ਦੂਜੀ ਵਾਰ ਹਮਲਾ ਕਰ ਦਿੱਤਾ। ਇਸੇ ਦੌਰਾਨ 20 ਸਤੰਬਰ ਨੂੰ ਕੁਗਰਾਜਾ ਮੁੜ ਉਸ ਦੇ ਕਮਰੇ ਵਿਚ ਦਾਖ਼ਲ ਹੋਇਆ ਅਤੇ ਵਿਦਿਆਰਥਣ ਨੂੰ ਥੱਪੜ ਮਾਰ ਦਿਤਾ। ਵਿਦਿਆਰਥਣ ਨੇ ਕਮਰੇ ਤੋਂ ਬਾਹਰ ਜਾਣ ਦੀ ਕੋਸ਼ਿਸ਼ ਕੀਤੀ ਤਾਂ ਕੁਗਰਾਜਾ ਨੇ ਧਮਕੀ ਦਿਤੀ ਕਿ ਉਹ ਉਸ ਦਾ ਕਤਲ ਕਰ ਦੇਵੇਗਾ। ਵਿਦਿਆਰਥਣ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਆਖਰ ਉਹ ਕੀ ਕਰੇ ਪਰ ਇਸੇ ਦੌਰਾਨ ਫੂਡ ਡਿਲੀਵਰੀ ਵਾਲਾ ਆ ਗਿਆ ਅਤੇ ਪੀ.ਕੇ. ਨੇ ਬਾਹਰ ਨਿਕਲ ਕੇ ਬਾਕੀ ਸਾਰੇ ਕਿਰਾਏਦਾਰ ਇਕੱਠੇ ਕਰ ਲਏ। ਕਿਰਾਏਦਾਰਾਂ ਨੇ ਤੁਰੰਤ ਪੁਲਿਸ ਨੂੰ ਬੁਲਾਇਆ ਅਤੇ ਕ੍ਰਿਸ਼ਯੰਤ ਗ੍ਰਿਫ਼ਤਾਰੀ ਹੋ ਗਿਆ।
ਦੂਜੇ ਪਾਸੇ ਕ੍ਰਿਸ਼ਯੰਤ ਦੇ ਬਿਆਨ ਆਪਸ ਵਿਚ ਮੇਲ ਨਹੀਂ ਸਨ ਖਾ ਰਹੇ। ਕਦੇ ਉਹ ਕਹਿੰਦਾ ਕਿ ਕਮਰੇ ਵਿਚ ਨਹੀਂ ਗਿਆ ਅਤੇ ਕਦੇ ਕਹਿਣ ਲਗਦਾ ਕਿ ਚਾਰ ਤੋਂ ਛੇ ਵਾਰ ਗਿਆ ਸੀ। ਜਸਟਿਸ ਬਰੋਕ ਜੋਨਜ਼ ਮੁਤਾਬਕ ਕ੍ਰਿਸ਼ਯੰਤ ਕਿਸੇ ਵੀ ਸਵਾਲ ਦਾ ਸਹੀ ਜਵਾਬ ਨਹੀਂ ਦੇ ਸਕਿਆ। ਸਿਰਫ਼ ਇਥੇ ਹੀ ਬੱਸ ਨਹੀਂ 26 ਸਤੰਬਰ ਨੂੰ ਸਜ਼ਾ ਸੁਣਾਏ ਜਾਣ ਵਾਲੇ ਦਿਨ ਕ੍ਰਿਸ਼ਯੰਤ ਅਦਾਲਤ ‘ਚੋਂ ਫਰਾਰ ਹੋ ਗਿਆ। ਪੁਲਿਸ ਨੇ ਉਸ ਨੂੰ 5 ਅਕਤੂਬਰ ਨੂੰ ਮੁੜ ਕਾਬੂ ਕਰ ਲਿਆ। ਸਰਕਾਰੀ ਵਕੀਲ ਨੇ ਕ੍ਰਿਸ਼ਯੰਤ ਨੂੰ ਸੱਤ ਸਾਲ ਲਈ ਜੇਲ੍ਹ ਭੇਜਣ ਦੀ ਮੰਗ ਕੀਤੀ ਅਤੇ ਜਸਟਿਸ ਬਰੋਕ ਜੋਨਜ਼ ਨੇ ਇਸ ਨੂੰ ਪ੍ਰਵਾਨ ਕਰ ਲਿਆ।