ਲੁਧਿਆਣਾ : ਕੇਂਦਰੀ ਰੇਲ ਅਤੇ ਖਾਦ ਪ੍ਰੋਸੈਸਿੰਗ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਮੰਗਲਵਾਰ ਨੂੰ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਭਾਜਪਾ ਉਮੀਦਵਾਰ ਜੀਵਨ ਗੁਪਤਾ ਖ਼ਿਲਾਫ਼ ਦਿੱਤੇ ਗਏ ਜਾਤੀਵਾਦੀ ਬਿਆਨ ਦੀ ਕੜੀ ਨਿੰਦਾ ਕੀਤੀ ਹੈ।
ਰਵਨੀਤ ਸਿੰਘ ਬਿੱਟੂ ਨੇ ਆਰੋਪ ਲਗਾਇਆ ਹੈ ਕਿ ਕਾਂਗਰਸ ਭਵਨ ‘ਚ ਖੜ੍ਹੇ ਹੋ ਕੇ ਰਾਜਾ ਵੜਿੰਗ ਨੇ ਗੁਪਤਾ ਭਾਈਚਾਰੇ ਦਾ ਮਜ਼ਾਕ ਉਡਾਇਆ ਤੇ ਕਿਹਾ ‘ਗੁਪਤਾ ਕਦੇ ਰੁਕਦਾ ਨਹੀਂ’। ਬਿੱਟੂ ਨੇ ਕਿਹਾ ਕਿ ਕਾਂਗਰਸ ਖੁੱਦ ਨੂੰ ਇੱਕ ਸੈਕੁਲਰ ਪਾਰਟੀ ਕਹਿੰਦੀ ਹੈ, ਪਰ ਵੜਿੰਗ ਦਾ ਇਹ ਬਿਆਨ ਪਾਰਟੀ ਦੇ ਅਸਲੀ ਰੂਪ ਨੂੰ ਉਜਾਗਰ ਕਰਦਾ ਹੈ। ਰਾਜਾ ਵੜਿੰਗ ਦਾ ਬਿਆਨ ਸਿਰਫ਼ ਇਕ ਵਿਅਕਤੀ ਨਹੀਂ ਸਗੋਂ ਪੂਰੇ ਹਿੰਦੂ ਭਾਈਚਾਰੇ ‘ਤੇ ਹਮਲਾ ਹੈ। ਗੁਪਤਾ ਦੀ ਜਾਤੀ ਨੂੰ ਘਟੀਆ ਢੰਗ ਨਾਲ ਦਰਸਾ ਕੇ ਰਾਜਾ ਵੜਿੰਗ ਨੇ ਉਸ ਭਾਈਚਾਰੇ ਦੀ ਬੇਇੱਜ਼ਤੀ ਕੀਤੀ ਹੈ, ਜੋ ਪੰਜਾਬ ਦੇ ਸਮਾਜਿਕ ਅਤੇ ਆਰਥਿਕ ਢਾਂਚੇ ਵਿੱਚ ਅਹਿਮ ਯੋਗਦਾਨ ਪਾ ਰਿਹਾ ਹੈ। ਕਾਂਗਰਸ ਪ੍ਰਧਾਨ ਨੇ ਉਨ੍ਹਾਂ ਦੀ ਸੇਵਾ ਦੀ ਕਦਰ ਕਰਨ ਦੀ ਬਜਾਏ, ਉਨ੍ਹਾਂ ਦਾ ਮਜ਼ਾਕ ਬਣਾਇਆ ਹੈ। ਵਿਧਾਨ ਸਭਾ ਹਲਕਾ ਪੱਛਮੀ ਦੇ ਵੋਟਰਾਂ ਨੂੰ ਸੰਬੋਧਨ ਕਰਦਿਆਂ ਬਿੱਟੂ ਨੇ ਕਿਹਾ ਕਿ ਉਹ ਇਸ ‘ਜਾਤੀ ਆਧਾਰਤ ਅਹੰਕਾਰ’ ਨੂੰ ਵੋਟ ਦੇ ਅਧਿਕਾਰ ਨਾਲ ਜਵਾਬ ਦੇਣ।
ਬਿੱਟੂ ਨੇ ਕਿਹਾ ਕਿ ਪੂਰੇ ਗੁਪਤਾ ਭਾਈਚਾਰੇ, ਹਿੰਦੂ ਤੇ ਸਿੱਖ ਭਾਈਚਾਰੇ ਨੂੰ ਅਪੀਲ ਹੈ ਕਿ ਵੜਿੰਗ ਦੀ ਇਸ ਸਟੇਟਮੈਂਟ ਦਾ ਵਿਰੋਧ ਕਰਨ। ਰਾਜਾ ਵੜਿੰਗ ਨੇ ਮਨ ‘ਚ ਜੋ ਜ਼ਹਿਰ ਹੈ, ਉਹ ਅੱਜ ਬਾਹਰ ਆ ਗਿਆ ਹੈ। ਵੜਿੰਗ ਨੇ ਅੱਜ ਬਹੁੱਤ ਗਲਤ ਗੱਲ ਕੀਤੀ ਹੈ। ਉਨ੍ਹਾਂ ਨੂੰ ਸੋਚਣਾ ਚਾਹੀਦਾ ਹੈ ਕਿ ਕਿਸ ਪਾਰਟੀ ਦੇ ਪ੍ਰਧਾਨ ਹਨ ਤੇ ਕਿਸ ਤਰ੍ਹਾਂ ਦਾ ਕੰਮ ਕਰ ਰਹੇ ਹਨ।