ਨਿਊਜ ਡੈਸਕ : ਪੰਜਾਬ ਅੰਦਰ ਧਮਕੀਆਂ ਮਿਲਣ ਦਾ ਸਿਲਸਿਲਾ ਲਗਾਤਾਰ ਤੇਜ਼ ਹੁੰਦਾ ਜਾ ਰਿਹਾ ਹੈ। ਆਏ ਦਿਨ ਸ਼ਰੇਆਮ ਦਹਿਸ਼ਤਗਰਦਾਂ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਜਿਸ ਦੇ ਚਲਦਿਆਂ ਹੁਣ ਪੰਜਾਬੀ ਕਲਾਕਾਰ ਬੱਬੂ ਮਾਨ ਨੂੰ ਜਾਨੋਂ ਮਾਰਨ ਦੀ ਧਮਕੀ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਉਨ੍ਹਾਂ ਦੀ ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਮਸਲੇ ‘ਤੇ ਹੁਣ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਪ੍ਰਤੀਕਿਰਿਆ ਦਿੱਤੀ ਗਈ ਹੈ। ਰਾਜਾ ਵੜਿੰਗ ਦਾ ਕਹਿਣਾ ਹੈ ਕਿ ਅਜੇ ਤਾਂ ਅੱਗੇ ਅੱਗੇ ਦੇਖੋ ਕੀ ਹੁੰਦਾ ਹੈ।
ਇੱਥੇ ਹੀ ਬੱਸ ਨਹੀਂ ਸਰਕਾਰ ‘ਤੇ ਤੰਜ ਕਸਦਿਆਂ ਕਿਹਾ ਕਿ ਸਰਕਾਰ ਪਾਸੋਂ ਗੈਂਗਸਟਰ ਫੜੇ ਨਹੀਂ ਜਾਂਦੇ ਤੇ ਇਹ ਕਿਸਾਨਾਂ ‘ਤੇ ਪਰਚੇ ਦਰਜ ਕਰ ਰਹੇ ਹਨ,।ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਦੇ ਉਸ ਵਾਅਦੇ ਦੀ ਵੀ ਗੱਲ ਕੀਤੀ ਜਿਸ ‘ਚ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ 500 ਰੁ. ਦੇ ਹਿਸਾਬ ਨਾਲ ਕਿਸਾਨਾਂ ਨੂੰ ਪੈਸੇ ਪੰਜਾਬ ਸਰਕਾਰ ਦੇਵੇਗੀ ਜਦੋਂ ਕਿ 500 ਰੁਪਏ ਦਿੱਲੀ ਸਰਕਾਰ ਦੇਵੇਗੀ। ਰਾਜਾ ਵੜਿੰਗ ਨੇ ਕਿਹਾ ਕਿ ਅੱਜ ਹਰ ਵਿਅਕਤੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਭਾਵੇਂ ਇੰਡਸਟਰੀਅਲਿਸਟ ਹੋਣ ਭਾਵੇਂ ਡਾਕਟਰ ਜਾਂ ਭਾਵੇਂ ਕੋਈ ਹੋਰ।
ਇਸ ਮੌਕੇ ਰਾਜਾ ਵਡਿੰਗ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਨ੍ਹਾਂ ਕੋਲ ਕੋਈ ਵੀ ਸੂਚਨਾ 6 ਮਹੀਨੇ ਪਹਿਲਾਂ ਆ ਜਾਂਦੀ ਹੈ ਸਾਡੀਆਂ ਸੁਰੱਖਿਆਂ ਏਜੰਸੀਆਂ ਬਦੌਲਤ ਪਰ ਅੱਜ ਗੁਜਰਾਤ ਚੋਣਾਂ ਦੇ ਮੱਦੇਨਜ਼ਰ ਉਹ ਬਿਆਨ ਦੇ ਰਹੇ ਹਨ ਕਿ ਪੰਜਾਬ ਦੇ ਹਾਲਾਤ ਖਰਾਬ ਹਨ। ਉਨ੍ਹਾਂ ਸਵਾਲ ਕੀਤਾ ਕਿ ਸ਼ਾਹ ਵੱਲੋਂ ਇਹ ਬਿਆਨ ਪਹਿਲਾਂ ਜਾਰੀ ਕਿਉਂ ਨਹੀਂ ਕੀਤਾ ਗਿਆ।