ਅੰਮ੍ਰਿਤਸਰ: ਖੇਤੀ ਕਾਨੂੰਨਾਂ ਖਿਲਾਫ਼ ਪੰਜਾਬ ਸਰਕਾਰ ਵੱਲੋਂ ਬਿੱਲ ਪਾਸ ਕਰਨ ਤੋਂ ਬਾਅਦ ਕਈ ਕਿਸਾਨ ਜਥੇਬੰਦੀਆਂ ਨੇ ਨਰਮੀ ਦਿਖਾਈ ਹੈ। ਕਈ ਕਿਸਾਨ ਜਥੇਬੰਦੀਆਂ ਨੇ ਰੇਲ ਟਰੈਕ ਖੋਲ੍ਹਣ ਵਾਲੀ ਸਰਕਾਰ ਦੀ ਪੇਸ਼ਕਸ਼ ਮੰਨ ਲਈ ਹੈ। ਪਰ ਅੰਮ੍ਰਿਤਸਰ ਦੇ ਦੇਵੀਦਾਸਪੁਰਾ ‘ਚ ਰੇਲ ਟਰੈਕ ਜਾਮ ਕਰਕੇ ਬੈਠੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਇਹ ਪੇਸ਼ਕਸ਼ ਠੁਕਰਾਅ ਦਿੱਤੀ ਹੈ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਉਹ ਮਾਲ ਗੱਡੀਆਂ ਤੋਂ ਇਲਾਵਾ ਕਿਸੇ ਹੋਰ ਟਰੇਨ ਨੂੰ ਰਸਤਾ ਨਹੀਂ ਦੇਣਗੇ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪਿਛਲੇ 28 ਦਿਨਾਂ ਤੋਂ ਦੇਵੀਦਾਸਪੁਰਾ ‘ਚ ਰੇਲ ਰੋਕੋ ਅੰਦੋਲਨ ਚਲਾਇਆ ਗਿਆ ਹੈ। ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਕਾਰਨ ਪੰਜਾਬ ‘ਚ ਬਿਜਲੀ ਸੰਕਟ ਪੈਦਾ ਹੋ ਰਿਹਾ ਹੈ। ਇਸ ਦਾ ਖਦਸ਼ਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਵਿੱਚ ਵੀ ਜ਼ਾਹਰ ਕੀਤਾ ਸੀ।
ਇਸ ਦੇ ਚੱਲਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ‘ਚ ਕੇਂਦਰ ਦੇ ਖੇਤੀ ਕਾਨੂੰਨ ਖਿਲਾਫ਼ ਬਿੱਲ ਪਾਸ ਕਰਨ ਤੋਂ ਬਾਅਦ ਕਿਸਾਨਾਂ ਨੂੰ ਗੁਹਾਰ ਲਾਈ ਸੀ ਕਿ ਜਥੇਬੰਦੀਆਂ ਮਾਲੀ ਗੱਡੀਆਂ ਨੂੰ ਰਸਤਾ ਦੇਣ। ਪੰਜਾਬ ‘ਚ ਕੋਲੇ ਦੀ ਥੋੜ੍ਹ ਕਾਰਨ ਪਾਵਰ ਪਲਾਂਟਾ ‘ਚ ਬਿਜਲੀ ਪੈਦਾ ਕਰਨਾ ਮੁਸ਼ਕਲ ਹੋ ਗਿਆ ਹੈ। ਪੰਜਾਬ ‘ਚ 200 ਮਾਲ ਗੱਡੀਆਂ ਆਉਣ ਦੀ ਉਡੀਕ ‘ਚ ਹਨ। ਜਿਹਨਾਂ ‘ਚੋਂ 80 ਟਰੇਨਾਂ ‘ਚ ਕੋਲਾ ਭਰਿਆ ਹੋਇਆ ਹੈ।