ਨਵੀਂ ਦਿੱਲੀ : ਕੇਂਦਰ ਦੀ ਮੋਦੀ ਸਰਕਾਰ ਘਰੇਲੂ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਇੱਕ ਵਾਰ ਹੋਰ ਵਾਧਾ ਕਰਨ ਕਰਕੇ ਵਿਰੋਧੀਆਂ ਦੇ ਨਿਸ਼ਾਨੇ ‘ਤੇ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਐਲਪੀਜੀ ਸਿਲੰਡਰਾਂ ਦੀਆਂ ਵਧਦੀਆਂ ਕੀਮਤਾਂ ਅਤੇ ਡੀਜ਼ਲ-ਪੈਟਰੋਲ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਜੰਮ ਕੇ ਨਿਸ਼ਾਨੇ ਸਾਧੇ । ਉਨ੍ਹਾਂ ਕਿਹਾ ਕਿ ਸਰਕਾਰ ਨੇ ਗੈਸ ਅਤੇ ਤੇਲ ਦੀਆਂ ਕੀਮਤਾਂ ਵਧਾ ਕੇ ਆਮ ਆਦਮੀ ਨੂੰ ਸਿੱਧਾ ਨੁਕਸਾਨ ਪਹੁੰਚਾਇਆ ਹੈ।
ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਘਰੇਲੂ ਗੈਸ ਸਿਲੰਡਰ ਦੀ ਕੀਮਤ ‘ਚ 25 ਰੁਪਏ ਦਾ ਵਾਧਾ ਕੀਤਾ ਹੈ। ਵਾਧੇ ਤੋਂ ਬਾਅਦ ਪੰਜਾਬ ਦੇ ਕਈ ਸ਼ਹਿਰਾਂ ਵਿੱਚ 14.2 ਕਿਲੋਗ੍ਰਾਮ ਵਾਲੇ ਘਰੇਲੂ ਗੈਸ ਸਿਲੰਡਰ ਦੀ ਕੀਮਤ 905 ਰੁਪਏ ਤਾਂ ਦਿੱਲੀ ‘ਚ 884.5 ਰੁਪਏ ਹੈ।
ਰਾਹੁਲ ਨੇ ਕਿਹਾ ਕਿ ਸਰਕਾਰ ਕਹਿੰਦੀ ਹੈ ਕਿ ਜੀਡੀਪੀ ਵਧੀ ਹੈ। ਇਸ ਜੀਡੀਪੀ ਦਾ ਮਤਲਬ ਉਹ ਨਹੀਂ ਜੋ ਤੁਸੀਂ ਸਮਝਦੇ ਹੋ, ਜੀਡੀਪੀ ਦਾ ਮਤਲਬ ਗੈਸ, ਡੀਜ਼ਲ, ਪੈਟਰੋਲ ਹੈ ਅਤੇ ਸਰਕਾਰ ਨੇ ਪਿਛਲੇ 7 ਸਾਲਾਂ ਵਿੱਚ ਇਨ੍ਹਾਂ ਤਿੰਨਾਂ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਸਰਕਾਰ ਨੇ ਇਸ ਤੋਂ 23 ਲੱਖ ਕਰੋੜ ਰੁਪਏ ਕਮਾਏ ਹਨ। ਉਨ੍ਹਾਂ ਸਵਾਲ ਕੀਤਾ ਕਿ ਮੋਦੀ ਸਰਕਾਰ ਦੱਸੇ ਕਿ ਇਹ ਪੈਸਾ ਕਿੱਥੇ ਗਿਆ?
ਮੋਦੀ ਸਰਕਾਰ ਨੇ ਘਰੇਲੂ ਗੈਸ ਸਿਲੰਡਰ ਦੀ ਕੀਮਤ 410 ਰੁਪਏ ਤੋਂ 885 ਤੱਕ ਪਹੁੰਚਾਈ
ਰਾਹੁਲ ਗਾਂਧੀ ਨੇ ਕਿਹਾ ਕਿ 2014 ਵਿੱਚ ਜਦੋਂ ਯੂਪੀਏ ਨੇ ਸੱਤਾ ਛੱਡੀ ਸੀ, ਸਿਲੰਡਰ ਦੀ ਕੀਮਤ 410 ਰੁਪਏ ਸੀ ਅਤੇ ਅੱਜ ਸਿਲੰਡਰ ਦੀ ਕੀਮਤ 885 ਰੁਪਏ ਹੈ। ਸਿਲੰਡਰ ਦੀ ਕੀਮਤ ਵਿੱਚ 116%ਦਾ ਵਾਧਾ ਹੋਇਆ ਹੈ । 2014 ਤੋਂ ਪੈਟਰੋਲ ਦੀ ਕੀਮਤ ਵਿੱਚ 42% ਅਤੇ ਡੀਜ਼ਲ ਦੀ ਕੀਮਤ ਵਿੱਚ 55% ਦਾ ਵਾਧਾ ਹੋਇਆ ਹੈ।
ਰਾਹੁਲ ਨੇ ਪ੍ਰਧਾਨ ਮੰਤਰੀ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨੇ ਪਹਿਲਾਂ ਕਿਹਾ ਸੀ ਕਿ ਮੈਂ ਡਿਮੋਨੇਟਾਇਜੇਸ਼ਨ ਕਰ ਰਿਹਾ ਹਾਂ ਅਤੇ ਵਿੱਤ ਮੰਤਰੀ ਕਹਿੰਦੇ ਹਨ ਕਿ ਮੈਂ ਮੋਨੇਟਾਇਜੇਸ਼ਨ ਕਰ ਰਹੀ ਹਾਂ। ਅਸਲ ਅਰਥਾਂ ਵਿੱਚ, ਸਰਕਾਰ ਨੇ ਕਿਸਾਨਾਂ, ਮਜ਼ਦੂਰਾਂ, ਛੋਟੇ ਦੁਕਾਨਦਾਰਾਂ, ਐਮਐਸਐਮਈ, ਤਨਖਾਹਦਾਰ ਵਰਗ, ਸਰਕਾਰੀ ਕਰਮਚਾਰੀਆਂ ਅਤੇ ਇਮਾਨਦਾਰ ਉਦਯੋਗਪਤੀਆਂ ਨੂੰ ਉਜਾੜ ਦਿੱਤਾ ਹੈ।
ਦੇਸ਼ ਅਨਿਆਂ ਦੇ ਵਿਰੁੱਧ ਹੋ ਰਿਹਾ ਹੈ ਇੱਕਜੁਟ : ਰਾਹੁਲ
ਰਾਹੁਲ ਗਾਂਧੀ ਨੇ ਇਸ ਮੁੱਦੇ ‘ਤੇ ਟਵੀਟ ਕਰਕੇ ਸਰਕਾਰ’ ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਜਿਸ ਨੇ ਜਨਤਾ ਨੂੰ ਭੁੱਖੇ ਢਿੱਡ ਸੌਣ ਲਈ ਮਜਬੂਰ ਕੀਤਾ ਉਹ ਖੁਦ ਇੱਕ ਦੋਸਤ ਦੀ ਛਾਂ ਵਿੱਚ ਸੁੱਤਾ ਪਿਆ ਹੈ, ਪਰ ਦੇਸ਼ ਬੇਇਨਸਾਫ਼ੀ ਵਿਰੁੱਧ ਇੱਕਜੁਟ ਹੋ ਰਿਹਾ ਹੈ।
जनता को भूखे पेट सोने पर मजबूर करने वाला ख़ुद मित्र-छाया में सो रहा है…
लेकिन अन्याय के ख़िलाफ़ देश एकजुट हो रहा है।#IndiaAgainstBJPLoot pic.twitter.com/ifFJVeUg7W
— Rahul Gandhi (@RahulGandhi) September 1, 2021
ਕਾਂਗਰਸ ਪੈਟਰੋਲ, ਡੀਜ਼ਲ ਅਤੇ ਐਲਪੀਜੀ ਦੀਆਂ ਕੀਮਤਾਂ ਵਿੱਚ ਵਾਧੇ ਨੂੰ ਲੈ ਕੇ ਸਰਕਾਰ ਉੱਤੇ ਲਗਾਤਾਰ ਹਮਲਾਵਰ ਰਹੀ ਹੈ। ਪਾਰਟੀ ਦੀ ਮੰਗ ਹੈ ਕਿ ਸਰਕਾਰ ਕੁਝ ਟੈਕਸ ਹਟਾ ਕੇ ਇਨ੍ਹਾਂ ਉਤਪਾਦਾਂ ਦੀਆਂ ਕੀਮਤਾਂ ਘੱਟ ਕਰੇ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਪੈਟਰੋਲ, ਡੀਜ਼ਲ ਅਤੇ ਐਲਪੀਜੀ ਦੀਆਂ ਵਧਦੀਆਂ ਕੀਮਤਾਂ ਦੇ ਵਿਰੁੱਧ ਸਾਈਕਲ ਚਲਾ ਕੇ ਸੰਸਦ ਪਹੁੰਚੇ ਸਨ। ਵਿਰੋਧੀ ਧਿਰ ਨੇ ਕਈ ਵਾਰ ਸੜਕਾਂ ‘ਤੇ ਉਤਰ ਕੇ ਮਹਿੰਗਾਈ ਦਾ ਵਿਰੋਧ ਵੀ ਕੀਤਾ ਹੈ। ਦੇਸ਼ ਵਿੱਚ ਵੱਧ ਰਹੀ ਪ੍ਰਚੂਨ ਮਹਿੰਗਾਈ ਤੋਂ ਆਮ ਲੋਕ ਪ੍ਰੇਸ਼ਾਨ ਹਨ।