ਹਰਿਆਣਾ : ਖੇਤੀ ਕਾਨੂੰਨਾਂ ਖਿਲਾਫ਼ ਬੀਜੇਪੀ ਨੂੰ ਛੱਡ ਕੇ ਹਰ ਸਿਆਸੀ ਪਾਰਟੀ ਨਿੱਤਰੀ ਹੋਈ ਹੈ। ਇਸੇ ਤਹਿਤ ਰਾਹੁਲ ਗਾਂਧੀ 6 ਅਕਤੂਬਰ ਨੂੰ ਹਰਿਆਣਾ ‘ਚ ਟਰੈਕਟਰ ਰੈਲੀ ਕਰਨਗੇ। ਜਿਸ ‘ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸਾਫ਼ ਕਰ ਦਿੱਤਾ ਹੈ ਕਿ ਰਾਹੁਲ ਗਾਂਧੀ ਨੂੰ ਸੰਵਿਧਾਨਕ ਹੱਕ ਹੈ ਆਪਣਾ ਰੋਸ ਜ਼ਾਹਰ ਕਰਨ ਦਾ, ਪਰ ਉਹਨਾਂ ਨੂੰ ਕਾਨੂੰਨ ਵਿਵਸਥਾ ਕਾਇਮ ਰੱਖਣ ਲਈ ਵੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ।
ਇਸ ਦੇ ਨਾਲ ਹੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਜੇਕਰ ਰਾਹੁਲ ਗਾਂਧੀ ਹਰਿਆਣਾ ‘ਚ ਰੈਲੀ ਕਰਨਾ ਚਾਹੁੰਦੇ ਹਨ ਤਾਂ ਉਹਨਾਂ ਦਾ ਸਵਾਗਤ ਹੈ, ਜੇਕਰ ਰਾਹੁਲ ਗਾਂਧੀ ਪੰਜਾਬ ਵੱਲੋਂ ਭੀੜ ਨੂੰ ਟਰੈਕਟਰਾਂ ‘ਤੇ ਨਾਲ ਲੈ ਕੇ ਆਉਣਗੇ ਤਾਂ ਅਸੀਂ ਉਹਨਾਂ ਨੂੰ ਹਰਿਆਣਾ ‘ਚ ਐਂਟਰ ਨਹੀਂ ਹੋਣ ਦੇਵਾਂਗੇ। ਇਸ ਲਈ ਰਾਹੁਲ ਗਾਂਧੀ ਨੂੰ ਜੇਕਰ ਹਰਿਆਣਾ ‘ਚ ਰੈਲੀ ਕਰਨੀ ਹੈ ਤਾਂ ਹਰਿਆਣਾ ਦੇ ਲੋਕਾਂ ਨੂੰ ਨਾਲ ਲੈ ਕੇ ਕਰਨ।
ਇਸ ਤੋਂ ਇਲਾਵਾ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਖੇਤੀ ਕਾਨੂੰਨ ਕਿਸਾਨਾਂ ਦੇ ਹਿੱਤ ਵਿੱਚ ਹਨ। ਇਹਨਾਂ ਕਾਨੂੰਨਾਂ ਨਾਲ ਕਿਸਾਨਾਂ ਦੀ ਆਮਦਨ ‘ਚ ਵਾਧਾ ਹੋਵੇਗਾ। ਵਿਰੋਧੀ ਪਾਰਟੀਆਂ ਇਸ ‘ਤੇ ਰਾਜਨੀਤੀ ਕਰ ਰਹੀਆਂ ਹਨ।