ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਹਿ ਇੰਚਾਰਜ ਅਤੇ ਕੌਮੀ ਬੁਲਾਰੇ ਰਾਘਵ ਚੱਢਾ ਨੇ ਸੋਮਵਾਰ ਨੂੰ ਸੂਬਾ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਦੀ ਮੌਜੂਦਗੀ ‘ਚ ਸਾਫ਼ ਕੀਤਾ ਕਿ ਪਾਰਟੀ 2022 ਦੀਆਂ ਵਿਧਾਨ ਸਭਾ ਚੋਣਾਂ ਆਪਣੇ ਬਲਬੂਤੇ ਇਕੱਲਿਆਂ ਲੜੇਗੀ ਅਤੇ ਆਪਣੇ ਬਲਬੂਤੇ ਸਰਕਾਰ ਬਣਾਵੇਗੀ। ਰਾਘਵ ਚੱਢਾ ਇੱਥੇ ਪ੍ਰੈੱਸ ਕਲੱਬ ਵਿਖੇ ਲੰਬੀ ਤੋਂ ਕਾਂਗਰਸੀ ਆਗੂ ਗੁਰਮੀਤ ਸਿੰਘ ਖੁੱਡੀਆਂ ਨੂੰ ਪਾਰਟੀ ‘ਚ ਸ਼ਾਮਲ ਕਾਰਨ ਮਗਰੋਂ ਮੀਡੀਆ ਦੇ ਰੂਬਰੂ ਸਨ।
‘ਆਪ’ ਦੇ ਦੂਸਰੇ ਦਲਾਂ ਨਾਲ ਚੋਣ ਸਮਝੌਤੇ ਸੰਬੰਧੀ ਸਵਾਲ ਦੇ ਜਵਾਬ ‘ਚ ਰਾਘਵ ਚੱਢਾ ਨੇ ਕਿਹਾ, ”ਅਸੀਂ ਅੱਜ ਸਾਫ਼ ਸ਼ਬਦਾਂ ‘ਚ ਹਮੇਸ਼ਾ ਲਈ ਇਹ ਸਪਸ਼ਟ ਕਰਦੇ ਹਾਂ ਕਿ 2022 ਦੀਆਂ ਚੋਣਾਂ ਆਮ ਆਦਮੀ ਪਾਰਟੀ ਆਪਣੇ ਬਲਬੂਤੇ ਲੜੇਗੀ। ਕਿਸੇ ਪਾਰਟੀ ਨਾਲ ਕੋਈ ਗੱਠਜੋੜ ਨਹੀਂ ਕਰੇਗੀ। ਸਾਰੇ 117 ਵਿਧਾਨ ਸਭਾ ਹਲਕਿਆਂ ‘ਚ ਆਪਣੇ ਉਮੀਦਵਾਰ ਉਤਾਰੇਗੀ ਅਤੇ ਜਿੱਤੇਗੀ।”
ਰਾਘਵ ਚੱਢਾ ਨੇ ਇੱਕ ਹੋਰ ਸਵਾਲ ਦੇ ਜਵਾਬ ‘ਚ ਕਿਹਾ ਕਿ ਦੂਜੀਆਂ ਪਾਰਟੀਆਂ ਦੇ ਜੋ ਅੱਛੇ ਲੋਕ ਹਨ ਅਤੇ ਪੰਜਾਬ ਦੀ ਖ਼ੁਸ਼ਹਾਲੀ ਚਾਹੁੰਦੇ ਹਨ, ਅਜਿਹੇ ਸਾਰੇ ਲੋਕਾਂ ਅਤੇ ਆਗੂਆਂ ਦਾ ਆਮ ਆਦਮੀ ਪਾਰਟੀ ‘ਚ ਦਿਲੋਂ ਸਵਾਗਤ ਹੈ।