ਗੁਰਦਾਸਪੁਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸ਼ਨਿੱਚਰਵਾਰ ਨੂੰ ਇੱਥੇ ਹੋਈ ‘ਵਿਕਾਸ ਕ੍ਰਾਂਤੀ’ ਰੈਲੀ ਵਿੱਚ ਹੋਇਆ ਭਾਰੀ ਇਕੱਠ ਸੂਬਾ ਸਰਕਾਰ ਦੀਆਂ ਲੋਕ-ਪੱਖੀ ਤੇ ਵਿਕਾਸ ਮੁਖੀ ਨੀਤੀਆਂ ਦੇ ਪੱਖ ਵਿੱਚ ਵੱਡਾ ਫ਼ਤਵਾ ਸਾਬਤ ਹੋਇਆ।
ਸਰਹੱਦੀ ਜ਼ਿਲ੍ਹਿਆਂ ਗੁਰਦਾਸਪੁਰ ਤੇ ਪਠਾਨਕੋਟ ਦੇ ਵਿਕਾਸ ਨੂੰ ਹੁਲਾਰਾ ਦੇਣ ਲਈ 1854 ਕਰੋੜ ਦੇ ਪ੍ਰਾਜੈਕਟਾਂ ਦਾ ਉਦਘਾਟਨ/ਐਲਾਨ/ਨੀਂਹ ਪੱਥਰ ਰੱਖਣ ਮਗਰੋਂ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਸਮਾਜ ਦੇ ਸਾਰੇ ਵਰਗਾਂ ਦੇ ਲੋਕਾਂ ਦੇ ਹੋਏ ਇਸ ਭਾਰੀ ਇਕੱਠ ਨੇ ਉਨ੍ਹਾਂ ਨੂੰ ਸੂਬੇ ਅਤੇ ਇਸ ਦੇ ਲੋਕਾਂ ਦੀ ਹੋਰ ਸਮਰਪਿਤ ਭਾਵਨਾ ਨਾਲ ਸੇਵਾ ਕਰਨ ਦੇ ਜਜ਼ਬੇ ਨਾਲ ਭਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਧਰਤੀ ਨੂੰ ਗੁਰੂ ਸਾਹਿਬਾਨ ਦੀ ਬਖ਼ਸ਼ਿਸ਼ ਹੈ ਅਤੇ ਇੱਥੋਂ ਦੇ ਲੋਕ ਸੁਭਾਅ ਪੱਖੋਂ ਬਹਾਦਰ ਤੇ ਮਿਹਨਤੀ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਭਾਵੇਂ ਇਸ ਇਲਾਕੇ ਤੋਂ ਚੁਣੇ ਹੋਏ ਆਗੂ ਹਮੇਸ਼ਾ ਅਹਿਮ ਅਹੁਦਿਆਂ ਉਤੇ ਰਹੇ ਪਰ ਉਨ੍ਹਾਂ ਕਦੇ ਵੀ ਇਸ ਖਿੱਤੇ ਤੇ ਇਸ ਦੇ ਲੋਕਾਂ ਦੇ ਵਿਕਾਸ ਦੀ ਪਰਵਾਹ ਨਹੀਂ ਕੀਤੀ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸਨੀ ਦਿਓਲ ਬਾਰੇ ਟਿੱਪਣੀ ਕਰਦਿਆਂ ਆਖਿਆ ਕਿ ਚੋਣਾਂ ਮਗਰੋਂ ਉਨ੍ਹਾਂ ਆਪਣੇ ਹਲਕੇ ਨੂੰ ਆਪਣੇ ਰਹਿਮੋ-ਕਰਮ ਉਤੇ ਛੱਡ ਦਿੱਤਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਲੋਕ ਅਸੰਵੇਦਨਸ਼ੀਲ ਹਨ ਅਤੇ ਇਨ੍ਹਾਂ ਨੂੰ ਆਮ ਲੋਕਾਂ ਨਾਲ ਕੋਈ ਹਮਦਰਦੀ ਨਹੀਂ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ, ਜਦੋਂ ਇਨ੍ਹਾਂ ਲੋਕਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਵੇ ਅਤੇ ਅਜਿਹੇ ਲੋਕਾਂ ਨੂੰ ਅੱਗੇ ਲਿਆਂਦਾ ਜਾਵੇ, ਜਿਹੜੇ ਲੋਕਾਂ ਨੂੰ ਸਮਰਪਿਤ ਹੋਣ।
ਉੱਥੇ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਨੇ ਇਸ ਲੋਕ ਸਭਾ ਸੀਟ ਤੋਂ ਸਨੀ ਦਿਓਲ ਨੂੰ ਆਪਣਾ ਨੁਮਾਇੰਦਾ (ਸੰਸਦ ਮੈਂਬਰ) ਚੁਣਿਆ ਸੀ, ਪਰ ਸਨੀ ਦਿਓਲ ਨੇ ਇੱਕ ਵਾਰ ਵੀ ਆਪਣੇ ਹਲਕੇ ਦਾ ਦੌਰਾ ਨਾ ਕਰ ਕੇ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਜਿਹੇ ਅਕ੍ਰਿਤਘਣ ਲੋਕ ਕਿਸੇ ਕਿਸਮ ਦੀ ਲਿਹਾਜ਼ ਦੇ ਹੱਕਦਾਰ ਨਹੀਂ ਹਨ ਅਤੇ ਇਨ੍ਹਾਂ ਨੂੰ ਸੱਤਾ ਤੋਂ ਲਾਂਭੇ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਲੋਕਾਂ ਦੇ ਅਸਲੀ ਸੇਵਕ ਚੁਣੇ ਜਾ ਸਕਣ।