ਬੈਂਸ ਬਿਆਨਬਾਜ਼ੀ ਮਾਮਲੇ ਬਾਰੇ ਉੱਠ ਰਹੇ ਹਨ ਕਈ ਹੋਰ ਸਵਾਲ

TeamGlobalPunjab
3 Min Read

– ਦਰਸ਼ਨ ਸਿੰਘ ਖੋਖਰ

ਚੰਡੀਗੜ੍ਹ: ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਪਟਿਆਲਾ ਵਿੱਚ ਨਾਕੇ ਉੱਤੇ ਨਹਿੰਗਾਂ ਅਤੇ ਪੁਲਿਸ ਵਿਚਕਾਰ ਹੋਈ ਝੜਪ ਬਾਰੇ ਕੀਤੀ ਬਿਆਨਬਾਜੀ ਤੋਂ ਬਾਅਦ ਕਈ ਸਵਾਲ ਉਸ ਵੇਲੇ ਖੜ੍ਹੇ ਹੋ ਗਏ ਜਦੋਂ ਕਾਂਗਰਸ ਪਾਰਟੀ ਦੇ ਕੁਝ ਆਗੂਆਂ ਨੇ ਬੈਂਸ ਖਿਲਾਫ ਪਰਚਾ ਦਰਜ ਕਰਨ ਦੀ ਮੰਗ ਕੀਤੀ ਅਤੇ ਬਾਅਦ ਵਿੱਚ ਬੈਂਸ ਤੋਂ ਸਕਿਉਰਟੀ ਵਾਪਸ ਲੈ ਲਈ ਗਈ।

ਬੈਂਸ ਨੇ ਬੋਲਦੇ ਹੋਏ ਨਹਿੰਗਾਂ ਵੱਲੋਂ ਪੁਲਿਸ ਪਾਰਟੀ ‘ਤੇ ਕੀਤੇ ਹਮਲੇ ਦੀ ਨਿੰਦਾ ਵੀ ਕੀਤੀ ਸੀ ਪਰ ਜੋ ਪੁਲਿਸ ਵੱਲੋਂ ਕਾਨੂੰਨ ਆਪਣੇ ਹੱਥਾਂ ਵਿੱਚ ਲੈ ਕੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ ਉਸ ਮਸਲੇ ਨੂੰ ਵੀ ਉਠਾ ਦਿੱਤਾ ਸੀ। ਜਿਸ ਕਾਰਨ ਬੈਂਸ ਦੀਆਂ ਗੱਲਾਂ ਕਈਆਂ ਨੂੰ ਬੁਰੀਆਂ ਲੱਗੀਆਂ। ਕਿਉਂਕਿ ਕਰੋਨਾ ਦੀ ਮਹਾਂਮਾਰੀ ਕਾਰਨ ਇਸ ਮਸਲੇ ‘ਤੇ ਵਿਵਾਦ ਹੋਣਾ ਸਹਿਜ ਹੀ ਸੀ।

ਹੁਣ ਸਵਾਲ ਇਹ ਪੈਦਾ ਹੋ ਰਹੇ ਹਨ ਕਿ ਜਦੋਂ ਸਬਜ਼ੀ ਮੰਡੀ ਵਿੱਚ ਨਹਿੰਗਾਂ ਦੀ ਗੱਡੀ ਗਈ ਸੀ ਤਾਂ ਉਸ ਵੇਲੇ ਨਾਕਾ ਕਿਉਂ ਨਹੀਂ ਸੀ ਲਗਾਇਆ ਗਿਆ ? ਕਿਉਂਕਿ ਨਿਹੰਗਾਂ ਨੂੰ ਸਬਜ਼ੀ ਮੰਡੀ ਤੋਂ ਵਾਪਸ ਜਾਣ ਵੇਲੇ ਰੋਕਿਆ ਗਿਆ ਸੀ।

ਦੂਸਰਾ ਸਵਾਲ ਜਦੋਂ ਨਹਿੰਗਾਂ ਦੀ ਗੱਡੀ ਨਾਕੇ ਵਿੱਚ ਫਸ ਗਈ ਤਾਂ ਪੁਲਿਸ ਵਾਲਿਆਂ ਨੇ ਗੱਡੀ ‘ਤੇ ਚਾਰ ਚੁਫੇਰੇ ਡੰਡੇ ਮਾਰ ਕੇ ਗੱਡੀ ਅਤੇ ਗੱਡੀ ਦੀਆਂ ਲਾਈਟਾਂ ਕਿਉਂ ਭੰਨੀਆਂ ? ਜਦਕਿ ਪੁਲਿਸ ਉਨ੍ਹਾਂ ਨੂੰ ਥੱਲੇ ਉੱਤਰ ਕੇ ਸਹੀ ਤਰ੍ਹਾਂ ਗੱਲ ਕਰ ਸਕਦੀ ਸੀ। ਪੁਲੀਸ ਨੇ ਨਿਹੰਗਾਂ ਦੇ ਗੁਰਦੁਆਰਾ ਸਾਹਿਬ ਵਿੱਚੋਂ ਭੁੱਕੀ ਦੀਆਂ ਬੋਰੀਆਂ ਬਰਾਮਦ ਕੀਤੀਆਂ ਹਨ ਪਰ ਕੀ ਪੁਲਿਸ ਦੇ ਖ਼ੁਫ਼ੀਆ ਤੰਤਰ ਨੂੰ ਪਹਿਲਾਂ ਇਸ ਦੀ ਜਾਣਕਾਰੀ ਨਹੀਂ ਸੀ ? ਹੁਣ ਬੈਂਸ ਤੋਂ ਗੰਨਮੈਨ ਵਾਪਸ ਲੈ ਗਏ ਹਨ ਪਰ ਕੀ ਕਿਸੇ ਤਰ੍ਹਾਂ ਦੀ ਬਿਆਨਬਾਜ਼ੀ ਤੋਂ ਬਾਅਦ ਕਿਸੇ ਵੀ ਆਗੂ ਜਾ ਵਿਧਾਇਕ ਤੋਂ ਇਸ ਤਰ੍ਹਾਂ ਗੰਨਮੈਨ ਵਾਪਸ ਲਏ ਜਾ ਸਕਦੇ ਹਨ ?

ਸਵਾਲ ਇਹ ਵੀ ਹੈ ਕਿ ਬੈਂਸ ਉੱਤੇ ਸਵਾਲ ਖੜ੍ਹੇ ਕਰਨ ਵਾਲਿਆਂ ਨੇ ਉਸ ਵੇਲੇ ਮੁੱਦਾ ਕਿਉਂ ਨਹੀਂ ਚੁੱਕਿਆ ਜਦੋਂ ਕਰਫਿਊ ਦੇ ਸ਼ੁਰੂ ਵਿੱਚ ਪੁਲਿਸ ਵਾਲਿਆਂ ਨੇ ਸੈਂਕੜੇ ਲੋਕਾਂ ‘ਤੇ ਜ਼ੁਲਮ ਢਾਹਿਆ ਸੀ ਜਦ ਕਿ ਉਨ੍ਹਾਂ ਨੂੰ ਕਾਨੂੰਨ ਮੁਤਾਬਕ ਗ੍ਰਿਫਤਾਰ ਕਰਨ ਜਾਂ ਗੱਡੀਆਂ ਜ਼ਬਤ ਕਰਨ ਦੀ ਕਾਰਵਾਈ ਕਰਨੀ ਬਣਦੀ ਸੀ ? ਹੁਣ ਵੀ ਬੈਂਸ ਦੇ ਸਿਆਸੀ ਵਿਰੋਧੀਆਂ ਨੂੰ ਸਿਆਸਤ ਕਰਨ ਉੱਤੇ ਸਮਾਂ ਖਰਾਬ ਕਰਨ ਦੀ ਬਜਾਏ ਕਰੋਨਾ ਮਮਹਾਂਮਾਰੀ ਦੌਰਾਨ ਲੋਕ ਸੇਵਾ ਵੱਲ ਧਿਆਨ ਦੇਣਾ ਚਾਹੀਦਾ।

ਇਨਸਾਫ਼ ਪਸੰਦ ਲੋਕਾਂ ਵਿੱਚ ਚਰਚਾ ਇਹ ਹੈ ਕਿ ਬੈਂਸ ਵੱਲੋਂ ਦਿੱਤੀ ਬਿਆਨਬਾਜ਼ੀ ਉੱਤੇ ਸਿਆਸਤ ਕਰਨ ਨਾਲੋਂ ਪੰਜਾਬ ਦੇ ਲੋਕਾਂ ਦੀ ਸੇਵਾ- ਸੰਭਾਲ ਕਰਨੀ ਅਤੇ ਕਾਨੂੰਨ ਦਾ ਰਾਜ ਲਿਆਉਣਾ ਇਹ ਵੱਡਾ ਮਾਮਲਾ ਹੈ। ਹੁਣੇ ਹੀ ਸਿਮਰਜੀਤ ਸਿੰਘ ਬੈਂਸ ਦੇ ਭਰਾ ਬਲਵਿੰਦਰ ਸਿੰਘ ਬੈਂਸ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਉਸ ਪੁਲਿਸ ਮੁਲਾਜ਼ਮ ਨਾਲ ਹਮਦਰਦੀ ਹੈ ਜਿਸ ਦਾ ਹੱਥ ਕੱਟ ਦਿੱਤਾ ਗਿਆ ਸੀ। ਬਲਵਿੰਦਰ ਸਿੰਘ ਬੈਂਸ ਨੇ ਕਿਹਾ ਹੈ ਕਿ ਉਹ ਤੱਕ ਕਾਨੂੰਨ ਦੇ ਰਾਜ ਦੀ ਮੰਗ ਕਰਦੇ ਹਨ। ਜਿਸ ਕਾਰਨ ਸਿਮਰਜੀਤ ਸਿੰਘ ਬੈਂਸ ਦੇ ਬਿਆਨ ਮਾਮਲੇ ਨੂੰ ਤੂਲ ਦੇਣ ਦੀ ਕੋਈ ਤੁੱਕ ਨਹੀਂ ਬਣਦੀ।

Share This Article
Leave a Comment