ਚੰਡੀਗੜ੍ਹ(ਬਿੰਦੂ ਸਿੰਘ): ਪਿਛਲੇ ਕਈ ਦਿਨਾਂ ਤੋਂ ਪੰਜਾਬ ਕਾਂਗਰਸ ‘ਚ ਬਾਗੀ ਸੁਰਾਂ ਤੇਜ਼ ਹੋ ਗਈਆਂ ਹਨ। ਲਗਾਤਾਰ ਚੱਲ ਰਹੀਆਂ ਗੁਪਤ ਮੀਟਿੰਗਾਂ ਦੇ ਦੌਰ ਵਿਚਾਲੇ ਅੱਜ ਸੁਖਜਿੰਦਰ ਸਿੰਘ ਰੰਧਾਵਾ ਦੇ ਘਰ ਮੀਟਿੰਗ ਹੋਈ ਜਿਸ ਵਿੱਚ 2 ਸਾਂਸਦ ਪ੍ਰਤਾਪ ਬਾਜਵਾ , ਰਵਨੀਤ ਬਿੱਟੂ ਤੋਂ ਇਲਾਵਾ 3 ਕੈਬਨਿਟ ਮੰਤਰੀ ਵੀ ਸ਼ਾਮਲ ਹੋਏ। ਇਸ ‘ਚ ਗੁਰਪ੍ਰੀਤ ਸਿੰਘ ਕਾਂਗੜ, ਚਰਨਜੀਤ ਚੰਨੀ ਤੇ ਸੁਖਜਿੰਦਰ ਰੰਧਾਵਾ ਸਨ।
ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਮੀਟਿੰਗ ‘ਚ ਨਵੀਂ ਬਣੀ ਸਿਟ ਤੋਂ ਇਲਾਵਾ ਕੋਟਕਪੂਰਾ ਗੋਲੀਕਾਂਡ ਤੇ ਬੇਅਦਬੀ ਦੇ ਮਾਮਲੇ ‘ਤੇ ਏਜੀ ਅਤੁਲ ਨੰਦਾ ‘ਤੇ ਵੀ ਵਿਚਾਰ ਚਰਚਾ ਕੀਤੀ ਗਈ। ਪਰ ਮੀਟਿੰਗ ਵਿਚ ਇਕ ਅਹਿਮ ਗੱਲ ਇਹ ਵੀ ਆਈ ਕਿ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਨੂੰ ਵੀ ਕਿਉਂ ਕਬੂਲਿਆ ਜਾਵੇ। ਇਹ ਸਵਾਲ ਵੀ ਖੜ੍ਹਾ ਕੀਤਾ ਗਿਆ ਕਿ ਜੇ ਬਦਲ ਹੀ ਲੈ ਕੇ ਆਓਣ ਦੀ ਜ਼ਰੂਰਤ ਹੈ ਤੇ ਕਾਂਗਰਸ ਪਾਰਟੀ ਵਿੱਚ ਕਈ ਤਜੁਰਬੇਕਾਰ ਤੇ ਸੀਨੀਅਰ ਕਾਂਗਰਸੀ ਆਗੂ ਬੈਠੇ ਹਨ ਜੋ ਜ਼ਮੀਨੀ ਤੋਰ ਤੇ ਪੰਜਾਬ ਦੇ ਲੋਕਾਂ ਨਾਲ ਲੰਮੇ ਸਮੇਂ ਤੋਂ ਪਾਰਟੀ ਲਈ ਕੰਮ ਕਰ ਰਹੇ ਹਨ। ਇਸ ਕਰਕੇ ਨਵਜੋਤ ਸਿੱਧੂ ਜੋ ਸਿਰਫ ਟਵੀਟਰ ਤੇ ਹੀ ਐਕਟਿਵ ਹਨ ਉਹ ਪਾਰਟੀ ਨੂੰ ਸੰਭਾਲਣ ‘ਚ ਕਾਮਯਾਬ ਹੋ ਸਕਣਗੇ ਇਸ ਗੱਲ ਤੇ ਵੀ ਮੀਟਿੰਗ ਵਿੱਚ ਸਵਾਲ ਚੁੱਕਿਆ ਗਿਆ।
ਦੱਸ ਦਈਏ ਕਿ ਪੰਜਾਬ ਕਾਂਗਰਸ ‘ਚ ਅੰਦਰੂਨੀ ਤੌਰ ‘ਤੇ ਸਭ ਠੀਕ ਨਹੀਂ ਚਲ ਰਿਹਾ ਹੈ। ਪਿਛਲੇ ਦਿਨੀ ਕੈਬਨਿਟ ਮੀਟਿੰਗ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਇਕਾਂ ਨਾਲ ਆਪਣੇ ਸਿਸਵਾ ਨਿਵਾਸ ‘ਤੇ ਮੀਟਿੰਗਾਂ ਕੀਤੀਆਂ ਤੇ ਕਾਫੀ ਕਹਿ ਸੁਣਨ ਦਾ ਮਹੌਲ ਬਣ ਗਿਆ ਸੀ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਵੀ ਇਸ ਮੀਟਿੰਗ ‘ਚ ਕੋਟਕਪੂਰਾ ਗੋਲੀਕਾਂਡ ਮਾਮਲੇ ਨੂੰ ਲੈ ਕੇ ਹਾਈਕੋਰਟ ‘ਚ ਏ ਜੀ ਅਤੁਲ ਨੰਦਾ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ ਸਨ।
ਇਸ ਸਾਰੀ ਗੱਲਬਾਤ ਤੋਂ ਬਾਅਦ ਕਿਹਾ ਜਾ ਸਕਦਾ ਹੈ ਕੀ ਆਉਣ ਵਾਲੇ ਦਿਨਾਂ ਚ ਕਾਂਗਰਸ ਪਾਰਟੀ ‘ਚ ਘਮਸਾਨ ਹੋਰ ਵਧ ਸਕਦਾ ਹੈ। ਯਾਦ ਰਹੇ ਅਜੇ ਕੁੱਝ ਦਿਨ ਪਿਹਲਾਂ ਨਵਜੋਤ ਸਿੱਧੂ ਨਾਲ ਕੁੱਝ ਵਿਧਾਇਕਾਂ ਦੀ ਇਕ ਗੁਪਤ ਮੀਟਿੰਗ ਪੰਚਕੁਲਾ ‘ਚ ਹੋਈ ਸੀ ਜਿਸ ਵਿਚ ਵੀ ਵਿਧਾਇਕ ਸ਼ਾਮਲ ਸਨ।