ਨਸ਼ੇ ਵਿਰੁੱਧ ਜੰਗ ਦੀ ਇਕ ਦਾਸਤਾਂ ..!

Global Team
5 Min Read

ਜਗਤਾਰ ਸਿੰਘ ਸਿੱਧੂ

ਯੁੱਧ ਨਸ਼ਿਆਂ ਵਿਰੁੱਧ ! ਮੈਂ ਗੱਲ ਉਥੋਂ ਸ਼ੁਰੂ ਕਰਨ ਲੱਗਾ ਹਾਂ ਜਿਥੇ ਪੰਜਾਬ ਦੇ ਡੀ ਜੀ ਪੀ ਨੇ ਖਤਮ ਕੀਤੀ ਹੈ । ਸਮਾਜਿਕ ਮੁਹਿੰਮ ਨਾਲ ਹੀ ਜੰਗ ਜਿੱਤੀ ਜਾਵੇਗੀ । ਹਰ ਘਰ ਇਸ ਲੜਾਈ ਨੂੰ ਜਿੱਤਣ ਲਈ ਕਿਵੇਂ ਸਹਾਈ ਹੋਵੇ? ਮੈਂ ਆਪਣੇ ਘਰ ਨੂੰ ਹੀ ਕਿਵੇਂ ਤਬਾਹ ਹੋਣ ਤੋਂ ਬਚਾਇਆ? ਕਾਲੀ ਬੋਲੀ ਰਾਤ ਦੇ ਹਨੇਰੇ ਤੋਂ ਸਵੇਰ ਦੀ ਸੂਰਜ ਦੀਆਂ ਪਹਿਲੀਆਂ ਕਿਰਨਾਂ ਦੀ ਉਡੀਕ ਨੇ ਹਨੇਰਿਆਂ ਨੂੰ ਚੀਰਕੇ ਰਾਹ ਰੁਸ਼ਨਾਇਆ ।

ਮਾਲਵੇ ਦਾ ਮੇਰਾ ਵੱਡਾ ਇਤਿਹਾਸਕ ਪਿੰਡ ਭਾਈ ਰੂਪਾ ਹੈ। ਪਿੰਡ ਤੋਂ ਇਕ ਹੋਰ ਮੇਲੇ ਵਾਲੇ ਵੱਡੇ ਪਿੰਡ ਸੇਲਬਰਾਹ ਨੂੰ ਸੜਕ ਜਾਂਦੀ ਹੈ । ਉਸ ਸੜਕ ਤੇ ਨਿਆਂਈ ਵਿਚ ਹੀ ਖਾੜਕੂਵਾਦ ਦੇ ਦੌਰ ਵਿੱਚ ਮੇਰੇ ਬਾਪੂ ਨੇ ਪੂਰੇ ਚਾਵਾਂ ਨਾਲ ਉਸ ਵੇਲੇ ਛੇ ਕਨਾਲ ਵਿੱਚ ਘਰ ਬਣਾਇਆ ਜਦੋਂ ਲੋਕ ਡਰਦੇ ਮਾਰੇ ਖੇਤਾਂ ਵਾਲੇ ਘਰ ਛੱਡ ਕੇ ਪਿੰਡ ਚਲੇ ਗਏ ਅਤੇ ਕਈ ਪਿੰਡ ਤੋਂ ਸ਼ਹਿਰ ਚਲੇ ਗਏ । ਮੈਂ ਪੱਤਰਕਾਰ ਦੇ ਪੇਸ਼ੇ ਵਿੱਚ ਰਾਜਧਾਨੀ ਚੰਡੀਗੜ ਨੂੰ ਆਪਣਾ ਟਿਕਾਣਾ ਬਣਾ ਲਿਆ । ਮੇਰਾ ਛੋਟਾ ਭਰਾ ਭੋਲਾ ਸਿੰਘ ਬਾਪੂ ਨਾਲ ਖੇਤੀਬਾੜੀ ਦਾ ਕੰਮ ਕਰਨ ਲਗਾ। ਪਤਾ ਹੀ ਨਹੀ ਲੱਗਾ ਕਿ ਹੌਲੀ ਹੌਲੀ ਸ਼ਰਾਬ ਪੀਣ ਲੱਗਾ । ਆਦਤ ਵੱਧਦੀ ਤੁਰੀ ਗਈ । ਮੈਂ ਚੰਡੀਗੜ ਤੋਂ ਪਿੰਡ ਜਾਣਾ ਤਾਂ ਪਤਾ ਨਾ ਲਗਦਾ ਕਿ ਕਿਹੜੇ ਵੇਲੇ ਪੈੱਗ ਲਾ ਆਇਆ। ਸਾਡਾ ਬਾਪੂ ਇਸ ਦੁਨੀਆਂ ਤੋਂ ਤੁਰ ਗਿਆ ਤਾਂ ਹਾਲਾਤ ਹੋਰ ਵੀ ਖਰਾਬ ਹੋਣ ਲੱਗੇ । ਇਕ ਦੋ ਮੌਕੇ ਅਜਿਹੇ ਆਏ ਜਦੋਂ ਕਿਸੇ ਗੁਆਂਡ ਦੇ ਪਿੰਡ ਤੋਂ ਪਤਾ ਲੱਗਾ ਕਿ ਮੇਰਾ ਭਰਾ ਤਾਂ ਦਾਰੂ ਨਾਲ ਰੱਜਿਆ ਬੈਠਾ ਹੈ ਅਤੇ ਮੋਟਰਸਾਈਕਲ ਚਲਾ ਨਹੀ ਸਕਦਾ । ਭਾਈਰੂਪਾ ਵਿੱਚ ਹੀ ਉਸ ਦਾ ਸਾਢੂ ਵੀ ਹੈ। ਚੰਗਾ ਪਰਿਵਾਰ ਹੈ । ਉਸ ਨੂੰ ਭੇਜਿਆ ਤਾਂ ਲ਼ੈਕੇ ਘਰ ਆਇਆ। ਕਈ ਵਾਰ ਪਿੰਡ ਵੀ ਮੋਟਰਸਾਈਕਲ ਤੋਂ ਡਿੱਗ ਕੇ ਸੱਟਾਂ ਖਾਧੀਆਂ।

ਚੰਡੀਗੜ ਤੋਂ ਫੋਨ ਤੇ ਕਿੰਨੇ ਵਾਰ ਮੈਂ ਗੁੱਸੇ ਵਿੱਚ ਕਿਹਾ ਕਿ ਤੂੰ ਸੁਧਰ ਨਹੀਂ ਸਕਦਾ । ਮੈਂ ਚੰਡੀਗੜ ਤੇ ਆਕੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਸਪੀਕਰ ਤੇ ਹੋਕਾ ਦੇਕੇ ਸਾਰੀ ਜਾਇਦਾਦ ਵੇਚਣ ਦਾ ਦਬਕਾ ਮਾਰਿਆ । ਬਦਕਿਸਮਤੀ ਨਾਲ ਇਸ ਦੌਰਾਨ ਮੇਰੇ ਇਕਲੌਤੇ ਜਵਾਨ ਭਤੀਜੇ ਦੀ ਵੀ ਮੌਤ ਹੋ ਗਈ । ਘਰ ਵਿਚ ਇਕੋ ਇਕ ਮਰਦ ਅਤੇ ਉਹ ਵੀ ਸ਼ਰਾਬ ਨਾਲ ਰੱਜ ਲਿਆ ਕਰੇ। ਘਰ ਵਿੱਚ ਬੱਚੇ ਅਤੇ ਪਰਿਵਾਰ ਦੀਆਂ ਔਰਤਾਂ। ਲੋਕ ਕਹਿਣ ਇਹ ਘਰ ਤਾਂ ਉਜੜਨ ਵਾਲਾ ਹੈ । ਭਰਾ ਤੜਕੇ ਤਿੰਨ ਵਜੇ ਉਠਕੇ ਹੀ ਪੌਣੀ ਬੋਤਲ ਪੀ ਜਾਇਆ ਕਰੇ।ਬਾਪੂ ਦੇ ਬਣਾਏ ਘਰ ਵਿੱਚ ਉਦਾਸੀ ਛਾ ਗਈ।

ਮੈਂ ਅਤੇ ਮੇਰੀ ਬੀਵੀ ਨਵਕਿਰਨ ਨੇ ਹੌਂਸਲਾ ਨਾ ਛੱਡਿਆ । ਅਸੀਂ ਕਦੇ ਸਮਝਾਉਂਦੇ ਅਤੇ ਕਦੇ ਸੌਂਹ ਪੁਆਉਂਦੇ। ਘਰ ਦਾ ਪਰਿਵਾਰ ਵੀ ਸਾਡਾ ਸਾਥ ਦਿੰਦਾ । ਆਖਿਰ ਸਥਿਤੀ ਨੇ ਪਾਸਾ ਬਦਲਿਆ । ਸੰਗਰੂਰ ਨਸ਼ਾ ਛੁਡਾਊ ਕੇਂਦਰ ਦੇ ਮੁਖੀ ਮੋਹਨ ਸ਼ਰਮਾ ਬਹੁਤ ਸਮਾਜ ਸੇਵੀ ਅਤੇ ਨੇਕ ਇਨਸਾਨ ਹਨ। ਮੈਂ ਉੱਨਾਂ ਨੂੰ ਬੇਨਤੀ ਕੀਤੀ ਕਿ ਮੇਰੇ ਭਰਾ ਨੂੰ ਆਪਣੇ ਕੋਲ ਦਾਖਲ ਕਰੋ ਅਤੇ ਸਾਡਾ ਪਰਿਵਾਰ ਬਚਾਓ। ਭਰਾ ਮੰਨ ਗਿਆ ਅਤੇ ਉਸ ਨੂੰ ਦਾਖਲ ਕਰਵਾ ਦਿੱਤਾ । ਸ਼ਰਮਾ ਜੀ ਇਲਾਜ ਦੇ ਨਾਲ ਨਾਲ ਲਗਾਤਾਰ ਉਸ ਦੀ ਮਾਨਸਿਕ ਸਥਿਤੀ ਬਦਲਣ ਦੀ ਕੋਸ਼ਿਸ਼ ਕਰਦੇ ਰਹੇ ।ਇਕ ਮਹੀਨੇ ਤੋਂ ਵਧੇਰੇ ਸਮਾਂ ਉਹ ਸ਼ਰਮਾ ਜੀ ਦੀ ਨਿਗਰਾਨੀ ਹੇਠ ਹੋਰ ਇਲਾਜ ਲਈ ਆਏ ਨਿਸ਼ੇੜੀਆਂ ਨਾਲ ਰਿਹਾ! ਸ਼ਰਮਾ ਜੀ ਦਾ ਇਕ ਦਿਨ ਫੋਨ ਆਇਆ ਕਿ ਭੋਲਾ ਸਿੰਘ ਨੂੰ ਲੈ ਜਾਉ ਅਤੇ ਹੁਣ ਇਹ ਪੂਰੀ ਤਰਾਂ ਠੀਕ ਹੈ ਪਰ ਇਸ ਨੂੰ ਸਿੱਧਾ ਪਿੰਡ ਨਾ ਭੇਜਿਉ।

ਮੈਂ ਅਤੇ ਮੇਰੀ ਬੀਵੀ ਸੰਗਰੂਰ ਗਏ ।ਸ਼ਰਮਾ ਜੀ ਨੇ ਬਾਕੀ ਦੇ ਇਲਾਜ ਲਈ ਆਏ ਨੌਜਵਾਨਾਂ ਅਤੇ ਸਟਾਫ ਨਾਲ ਸਾਦਾ ਪਰ ਭਾਵੁਕ ਸਮਾਗਮ ਕੀਤਾ ਅਤੇ ਭੋਲਾ ਸਿੰਘ ਨੂੰ ਸਾਡੇ ਨਾਲ ਗੱਡੀ ਵਿੱਚ ਇੰਝ ਤੋਰਿਆ ਜਿਵੇਂ ਬਾਪ ਆਪਣੇ ਘਰੋਂ ਧੀ ਨੂੰ ਤੋਰਦਾ ਹੈ । ਭੋਲਾ ਸਿੰਘ ਫਿਰ ਚੰਡੀਗੜ ਮੇਰੇ ਕੋਲ ਇਕ ਮਹੀਨਾ ਰਿਹਾ । ਉਸ ਨੂੰ ਬਦਲੀ ਹੋਈ ਸਥਿਤੀ ਤੇ ਕਾਇਮ ਰਹਿਣ ਅਤੇ ਗੁਰਬਾਣੀ ਦੇ ਲੜ ਲਾਉਣ ਦੀ ਕੋਸ਼ਿਸ਼ ਕੀਤੀ । ਪੂਰੇ ਦੋ ਮਹੀਨੇ ਬਾਅਦ ਜਦੋਂ ਉਸ ਨੂੰ ਚੰਡੀਗੜ ਤੋਂ ਭਾਈਰੂਪਾ ਲਈ ਬਠਿੰਡਾ ਜਾਂਦੀ ਬੱਸ ਤੇ ਬਿਠਾਇਆ ਤਾਂ ਭੋਲਾ ਸਿੰਘ ਉਹ ਨਹੀਂ ਸੀ ਜਿਸਨੂੰ ਦੋ ਮਹੀਨੇ ਪਹਿਲਾਂ ਮੇਰੀਆਂ ਭਤੀਜੀਆਂ ਨਸ਼ਾ ਛੁਡਾਊ ਕੇਂਦਰ ਛੱਡਣ ਆਈਆਂ ਸਨ। ਹੁਣ ਉਸ ਨੂੰ ਰੋਜ਼ ਸਵੇਰੇ ਤਿੰਨ ਵਜੇ ਫੋਨ ਕਰਦਾ ਹਾਂ। ਬਹੁਤੀ ਵਾਰ ਉਹ ਪਹਿਲਾਂ ਹੀ ਉਠਿਆ ਹੁੰਦਾ ਹੈ ਅਤੇ ਗੁਰਬਾਣੀ ਦੇ ਪਾਠ ਲਈ ਤਿਆਰ ਹੁੰਦਾ ਹੈ । ਭੋਲਾ ਸਿੰਘ ਨਾਲ ਸਾਡੇ ਘਰ ਵਿੱਚ ਰੌਣਕਾਂ ਪਰਤ ਆਈਆਂ ਹਨ ਅਤੇ ਖੇਤ ਹਰੇ ਭਰੇ ਹਨ। ਕਦੇ ਮੌਕਾ ਲੱਗੇ ਤਾਂ ਬਦਲੇ ਹੋਏ ਭੋਲਾ ਸਿੰਘ ਨੂੰ ਤੁਸੀਂ ਮਿਲਿਓ ਜਰੂਰ। ਚੰਗਾ ਲੱਗੇਗਾ ਇਹ ਜਾਣਕੇ ਕਿ ਇਕ ਸਧਾਰਨ ਪਰਿਵਾਰ ਨੇ ਨਸ਼ਿਆਂ ਵਿਰੁੱਧ ਕਿਵੇਂ ਜਿੱਤੀ ਜੰਗ?

ਸੰਪਰਕ 9814002186

Share This Article
Leave a Comment