ਪੰਜਾਬ ਵਿੱਚ ਪੜ੍ਹੇ ਲਿਖੇ ਅਜੇ ਵੀ ਕੇਰਲਾ ਨਾਲੋਂ ਘੱਟ – ਕੌਮੀ ਸਾਖਰਤਾ ਦਿਵਸ

TeamGlobalPunjab
3 Min Read

-ਅਵਤਾਰ ਸਿੰਘ;

ਹਰ ਸਾਲ 08 ਸਤੰਬਰ ਨੂੰ ਅੰਤਰਰਾਸ਼ਟਰੀ ਸਾਖਰਤਾ ਦਿਵਸ ਮਨਾਇਆ ਜਾਂਦਾ ਹੈ। ਜੇਕਰ ਸਾਖਰਤਾ ਦਿਵਸ ਦਾ ਪਿਛੋਕੜ ਵੇਖੀਏ ਤਾਂ 17 ਨਵੰਬਰ 1965 ਨੂੰ ਯੂਨੈਸਕੋ ਵੱਲੋਂ ਫੈਸਲਾ ਕੀਤਾ ਗਿਆ ਕਿ ਹਰ ਸਾਲ 8 ਸਤੰਬਰ ਨੂੰ ਅੰਤਰਰਾਸ਼ਟਰੀ ਸਾਖਰਤਾ ਦਿਵਸ ਦੇ ਤੌਰ ‘ਤੇ ਮਨਾਇਆ ਜਾਵੇਗਾ।

ਪਹਿਲੀ ਵਾਰ 8 ਸਤੰਬਰ 1966 ਨੂੰ ਅੰਤਰਰਾਸ਼ਟਰੀ ਸਾਖਰਤਾ ਦਿਵਸ ਮਨਾਇਆ ਗਿਆ ਸੀ। ਸਾਖਰਤਾ ਸਿਰਫ ਕਿਤਾਬੀ ਸਿੱਖਿਆ ਪ੍ਰਾਪਤ ਕਰਨ ਤੱਕ ਹੀ ਸੀਮਿਤ ਨਹੀਂ ਹੁੰਦੀ ਬਲਕਿ ਸਾਖਰਤਾ ਦਾ ਮਤਲਬ ਲੋਕਾਂ ਵਿੱਚ ਉਨ੍ਹਾਂ ਦੇ ਅਧਿਕਾਰਾਂ ਅਤੇ ਕਰਤੱਵਾਂ ਦੇ ਪ੍ਰਤੀ ਜਾਗਰੂਕਤਾ ਲਿਆ ਕੇ ਸਮਾਜਿਕ ਵਿਕਾਸ ਦਾ ਆਧਾਰ ਬਣਾਉਣਾ ਹੈ।

ਸਾਖਰਤਾ ਗਰੀਬੀ ਘਟਾਉਣ, ਲਿੰਗ ਅਨੁਪਾਤ ਸੁਧਾਰਨ, ਭ੍ਰਿਸ਼ਟਾਚਾਰ ਅਤੇ ਹੋਰ ਸਮਾਜਿਕ ਸਮੱਸਿਆਵਾਂ ਦੇ ਹੱਲ ਕਰਨ ਵਿੱਚ ਸਹਾਇਕ ਅਤੇ ਸਮਰੱਥ ਕਰਦੀ ਹੈ। ਅੱਜ ਵਿਸ਼ਵ ਵਿੱਚ ਸਾਖਰਤਾ ਦਰ ਸੁਧਰੀ ਜ਼ਰੂਰ ਹੈ ਫਿਰ ਵੀ ਕਾਫੀ ਘੱਟ ਹੈ।

ਦੁਨੀਆਂ ਦੇ ਲਗਭਗ 35 ਦੇਸ਼ਾਂ ਵਿੱਚ ਸਾਖਰਤਾ ਦਰ 50 ਫੀਸਦੀ ਤੋਂ ਵੀ ਘੱਟ ਹੈ। ਵਿਸ਼ਵ ਪੱਧਰ ‘ਤੇ ਦੇਖੀਏ ਤਾਂ ਦੁਨੀਆਂ ਵਿੱਚ ਕਰੀਬ ਚਾਰ ਅਰਬ ਲੋਕ ਸਾਖਰ ਹਨ ਅਤੇ 77.6 ਕਰੋੜ ਲੋਕ ਘੱਟੋ ਘੱਟ ਸਾਖਰਤਾ ਦਰ ਤੋਂ ਵੀ ਹੇਠਾਂ ਹਨ ਜਿਨ੍ਹਾਂ ਵਿੱਚੋਂ ਦੋ ਤਿਹਾਈ ਔਰਤਾਂ ਹਨ।

ਵਿਸ਼ਵ ਵਿੱਚ 60.7 ਮਿਲੀਅਨ ਬੱਚੇ ਸਕੂਲਾਂ ਤੋਂ ਬਾਹਰ ਹਨ ਅਤੇ ਜ਼ਿਆਦਾਤਰ ਪੜ੍ਹਾਈ ਛੱਡ ਚੁੱਕੇ ਹਨ।ਭਾਵ ਹਰ ਪੰਜ ਵਿਅਕਤੀਆਂ ਵਿੱਚੋਂ ਇਕ ਵਿਅਕਤੀ ਅਨਪੜ੍ਹ ਹੈ। ਭਾਰਤ ਵਿੱਚ ਔਸਤਨ ਸਾਖਰਤਾ ਦਰ 74.04 ਹੈ।

ਕੇਰਲਾ ਵਿੱਚ ਸਾਖਰਤਾ ਦਰ ਸਭ ਤੋਂ ਵੱਧ 93.91 ਫੀਸਦੀ ਹੈ ਜਦਕਿ ਬਿਹਾਰ ਦੀ ਸਾਖਰਤਾ ਦਰ ਸਭ ਤੋਂ ਘੱਟ ਸਿਰਫ 63.82 ਫਿਸਦੀ ਹੈ। ਪੰਜਾਬ ਨੂੰ ਖੁਸ਼ਹਾਲ ਸੂਬਾ ਕਿਹਾ ਜਾਂਦਾ ਹੈ ਪਰ ਜੇਕਰ ਸਾਖਰਤਾ ਦੀ ਗੱਲ ਕਰੀਏ ਤਾਂ 2011 ਦੀ ਜਨਗਣਨਾ ਅਨੁਸਾਰ ਪੰਜਾਬ ਦੀ ਸਾਖਰਤਾ ਦਰ 76.7 ਫੀਸਦੀ ਹੈ ਜਿਸ ਵਿੱਚ ਪੁਰਸ਼ਾਂ ਦੀ ਸਾਖਰਤਾ ਦਰ 81.5 ਫੀਸਦੀ ਅਤੇ ਮਹਿਲਾਵਾਂ ਦੀ ਸਾਖਰਤਾ ਦਰ 71.3 ਫੀਸਦੀ ਹੈ।

ਪੰਜਾਬ ਦੀ 23.3 ਫੀਸਦੀ ਜਨਸੰਖਿਆ ਭਾਵ 64,55,087 ਲੋਕ ਅਜੇ ਅਨਪੜ੍ਹ ਹਨ ਜਦਕਿ ਪੂਰੇ ਦੇਸ਼ ਦੀ ਸਾਖਰਤਾ ਦਰ 74 ਫੀਸਦੀ ਹੈ। ਸਰਕਾਰ ਦੀਆਂ ਢਿੱਲੀਆਂ ਨੀਤੀਆਂ ਕਾਰਨ ਵੀ ਦੇਸ਼ ਵਿੱਚੋਂ ਅਨਪੜ੍ਹਤਾ ਖਤਮ ਨਹੀਂ ਹੋ ਰਹੀ ਹੈ। ਸਿੱਖਿਆ ਬਜਟ ਵਿੱਚ ਹੋ ਰਹੀ ਕਟੌਤੀ ਕਾਰਨ ਸਿੱਖਿਆ ਦਾ ਢਾਂਚਾ ਲੜਖੜਾ ਰਿਹਾ ਹੈ।

ਅੱਜ ਵੀ ਕਈ ਸਰਕਾਰੀ ਸਕੂਲਾਂ ਵਿੱਚ ਬੈਠਣ ਲਈ ਫਰਨੀਚਰ ਨਹੀਂ ਹੈ। ਕਈ ਸਕੂਲ ਅੱਜ ਵੀ ਅਧਿਆਪਕਾਂ ਤੋਂ ਸੱਖਣੇ ਹਨ। ਕਈ ਸਕੂਲਾਂ ਵਿੱਚ ਸਾਇੰਸ ਦੀਆਂ ਪ੍ਰਯੋਗਸ਼ਾਲਾਵਾਂ ਨਹੀਂ ਹਨ। ਕਈ ਸਕੂਲਾਂ ਦੀਆਂ ਇਮਾਰਤਾਂ ਦੀ ਹਾਲਤ ਖਸਤਾ ਹੋ ਚੁੱਕੀ ਹੈ ਪਰ ਫਿਰ ਵੀ ਉਨ੍ਹਾਂ ਦੀ ਜਗ੍ਹਾ ਤੇ ਨਵੀਆਂ ਸਕੂਲ ਦੀਆਂ ਇਮਾਰਤਾਂ ਨਹੀਂ ਬਣਾਈਆਂ ਜਾ ਰਹੀਆਂ ਹਨ।ਸਵਾਲ ਇਹ ਉਠਦਾ ਹੈ ਕਿ ਅਸੀਂ ਸਾਖਰ ਹੁੰਦੇ ਹੋਏ ਵੀ ਸਿੱਖਿਅਤ ਕਿਉਂ ਨਹੀਂ ਹਾਂ।

ਸਿੱਖਿਆ ਦਾ ਮਤਲਬ ਸਿਰਫ ਪੜ੍ਹਨਾ ਲਿਖਣਾ ਅਤੇ ਬਾਹਰਵੀਂ ਕਲਾਸ ਪਾਸ ਕਰਨਾ ਨਹੀਂ ਹੁੰਦਾ। ਸਿੱਖਿਆ ਦਾ ਅਰਥ ਹੁੰਦਾ ਹੈ ਗਿਆਨ ਪ੍ਰਾਪਤ ਕਰਨਾ। ਰੱਟਾ ਲਗਾਉਣ ਨਾਲ ਤੋਤਾ ਵੀ ਬੋਲਣ ਲੱਗ ਪੈਂਦਾ ਹੈ ਪਰ ਤੋਤਾ ਕਿਸੇ ਨੂੰ ਗਿਆਨ ਨਹੀਂ ਦੇ ਸਕਦਾ ਹੈ। ਪੜ੍ਹ-ਲਿਖ ਕੇ ਅਸੀਂ ਸਾਖਰ ਤਾਂ ਬਣ ਜਾਂਦੇ ਹਾਂ ਪਰ ਗਿਆਨ ਪ੍ਰਾਪਤ ਨਹੀਂ ਕਰ ਪਾਉਂਦੇ।

Share This Article
Leave a Comment