ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿਚਾਲੇ ਮਾਹੌਲ ਇਸ ਸਮੇਂ ਤਣਾਅਪੂਰਨ ਬਣਿਆ ਹੋਇਆ ਹੈ, ਜਿਸ ਦਾ ਅਸਰ ਹੁਣ ਪੰਜਾਬ ਵਿੱਚ ਵੀ ਵੇਖਣ ਨੂੰ ਮਿਲ ਰਿਹਾ ਹੈ। ਖਬਰਾਂ ਮੁਤਾਬਕ ਹੁਸ਼ਿਆਰਪੁਰ ਤੋਂ ਸਿੱਖ ਜਥੇਬੰਦੀਆਂ ਨੇ ਹਿਮਾਚਲ ਵੱਲ ਕੂਚ ਕਰਨ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਨੇ ਉਨ੍ਹਾਂ ਨੂੰ ਰੋਕ ਦਿੱਤਾ, ਜਿਸ ਤੋਂ ਬਾਅਦ ਵਿਰੋਧ-ਪ੍ਰਦਰਸ਼ਨ ਹੋਣ ਲੱਗ ਪਿਆ।
ਤਣਾਅ ਦੇ ਮੱਦੇਨਜ਼ਰ, ਜਲੰਧਰ ਤੋਂ ਸ਼੍ਰੀ ਮਣੀਕਰਨ ਸਾਹਿਬ ਅਤੇ ਮਨਾਲੀ ਜਾਣ ਵਾਲੀਆਂ ਪੰਜਾਬ ਰੋਡਵੇਜ਼ ਦੀਆਂ ਬੱਸਾਂ ਸ਼੍ਰੀ ਆਨੰਦਪੁਰ ਸਾਹਿਬ ਤੱਕ ਵਾਪਸ ਆ ਗਈਆਂ ਹਨ।
10 ਸਰਕਾਰੀ ਡਿਪੂਆਂ ਦੀਆਂ ਬੱਸਾਂ ਬੰਦ
ਮਿਲੀ ਜਾਣਕਾਰੀ ਮੁਤਾਬਕ, ਪੰਜਾਬ ਦੇ 10 ਸਰਕਾਰੀ ਡਿਪੂਆਂ ਦੀਆਂ ਮਨਾਲੀ, ਕੁੱਲੂ ਅਤੇ ਸ਼੍ਰੀ ਮਣੀਕਰਨ ਸਾਹਿਬ ਜਾਣ ਵਾਲੀਆਂ ਬੱਸਾਂ ਕੁਝ ਸਮੇਂ ਲਈ ਬੰਦ ਕਰ ਦਿੱਤੀਆਂ ਗਈਆਂ ਹਨ। ਹਾਲਾਂਕਿ, ਚੰਡੀਗੜ੍ਹ-ਸ਼ਿਮਲਾ ਰੂਟ ਜਾਰੀ ਹੈ।
ਉੱਥੇ ਹੀ ਦੂਜੇ ਪਾਸੇ ਹਿਮਾਚਲ ਰੋਡਵੇਜ਼ (HRTC) ਨੇ ਵੀ ਐਡਵਾਈਜ਼ਰੀ ਜਾਰੀ ਕਰਦਿਆਂ ਹੁਸ਼ਿਆਰਪੁਰ ਲਈ 10 ਰੂਟ ਮੁਅੱਤਲ ਕਰ ਦਿੱਤੇ ਹਨ। ਸਥਿਤੀ ਨਿੱਜੀ ਹੋਣ ਤੱਕ ਇਹ 10 ਰੂਟ ਬੰਦ ਰਹਿਣਗੇ।
ਬੀਤੇ ਦਿਨ ਹਿਮਾਚਲ ਦੀ ਸਰਕਾਰੀ HRTC ਬੱਸ ਦੀ ਭੰਨਤੋੜ ਦੀ ਘਟਨਾ ਸਾਹਮਣੇ ਆਈ, ਜਿਸ ਤੋਂ ਬਾਅਦ ਪੰਜਾਬ ਦੀਆਂ ਬੱਸਾਂ ਨੂੰ ਨੁਕਸਾਨ ਤੋਂ ਬਚਾਉਣ ਲਈ ਵਾਪਸ ਮੋੜ ਦਿੱਤਾ ਗਿਆ।
ਪੰਜਾਬ-ਹਿਮਾਚਲ ਸਰਹੱਦ ‘ਤੇ ਵਧਾਈ ਗਈ ਸੁਰੱਖਿਆ
ਮਾਹੌਲ ਤਣਾਅਪੂਰਨ ਹੋਣ ਕਰਕੇ, ਪੰਜਾਬ ਪੁਲਿਸ ਨੇ ਹਿਮਾਚਲ ਸਰਹੱਦ ‘ਤੇ ਸੁਰੱਖਿਆ ਵਧਾ ਦਿੱਤੀ ਹੈ। ਪਠਾਨਕੋਟ ਬੱਸ ਅੱਡੇ ‘ਤੇ ਹਿਮਾਚਲ ਬੱਸਾਂ ਦੀ ਸਖ਼ਤ ਨਿਗਰਾਨੀ ਕੀਤੀ ਜਾ ਰਹੀ ਹੈ।