ਸਸਤੀ ਰੇਤ ਲੈਣ ਲਈ ਹੁਣ ਪੰਜਾਬੀ ਆਨਲਾਈਨ ਕਰ ਸਕਣਗੇ ਆਰਡਰ

TeamGlobalPunjab
2 Min Read

ਬਟਾਲਾ: ਪੰਜਾਬ ਸਰਕਾਰ ਨੇ ਰੇਤ ਮਾਫੀਆ ਉੱਪਰ ਨਕੇਲ ਕੱਸਦਿਆਂ ਸੂਬੇ ਭਰ ਵਿੱਚ ਰੇਤ ਅਤੇ ਗਰੈਵਲ ਦਾ ਰੇਟ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਨਿਰਧਾਰਤ ਕੀਤਾ ਹੈ। ਪੰਜਾਬ ਸਰਕਾਰ ਨੇ ਸੂਬਾ ਵਾਸੀਆਂ ਨੂੰ ਸਸਤੇ ਭਾਅ ਰੇਤ ਮੁਹੱਈਆ ਕਰਵਾਉਣ ਲਈ ਆਨ-ਲਾਈਨ ਪੋਰਟਲ ਦੀ ਸ਼ੁਰੂਆਤ ਕਰ ਦਿੱਤੀ ਹੈ ਜਿਸ ਰਾਹੀਂ ਹੁਣ ਸੂਬਾ ਵਾਸੀ ਆਨ-ਲਾਈਨ ਆਰਡਰ ਕਰਕੇ ਸਸਤੇ ਭਾਅ ਰੇਤ ਮੰਗਵਾ ਸਕਦੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ‘ਪੰਜਾਬ ਸਟੇਟ ਸੈਂਡ ਐਂਡ ਗਰੈਵਲ ਮਾਈਨਿੰਗ ਪਾਲਿਸੀ-2021’ ਸੂਬੇ ਭਰ ਵਿੱਚ ਰੇਤ ਤੇ ਗਰੈਵਲ ਦੇ ਰੇਟ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਨਿਰਧਾਰਤ ਕੀਤੇ ਹਨ। ਲੋਕਾਂ ਨੂੰ ਸਸਤੇ ਰੇਟਾਂ ’ਤੇ ਰੇਤ ਮੁਹੱਈਆ ਕਰਵਾਉਣ ਲਈ ਰਾਜ ਸਰਕਾਰ ਨੇ ਇੱਕ ਵੈਬ ਪੋਰਟਲ https://www.minesandgeology.punjab.gov.in/member/customer-signup ਦੀ ਸ਼ੁਰੂਆਤ ਕੀਤੀ ਜਿਥੇ ਲੋਕ ਹੁਣ ਰੇਤ ਦੇ ਆਨ-ਲਾਈਨ ਆਰਡਰ ਕਰ ਸਕਦੇ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੋਰਟਲ ਉਪਰ ਆਰਡਰ ਕਰਨ ਸਮੇਂ ਕੁਝ ਗੱਲਾਂ ਦਾ ਧਿਆਨ ਰੱਖਣਾ ਜਰੂਰੀ ਹੈ ਜਿਸ ਵਿੱਚ ਸਭ ਤੋਂ ਪਹਿਲਾਂ ਆਪਣਾ ਨਾਮ ਤੇ ਪਤਾ ਦਰਜ ਕਰਨਾ ਪੈਂਦਾ ਹੈ। ਉਸ ਦੱਸਿਆ ਕਿ ਆਨ-ਲਾਈਨ ਰੇਤ ਦਾ ਘੱਟੋ-ਘੱਟ ਆਰਡਰ 100 ਕਿਊਬਿਕ ਫੁੱਟ ਕੀਤਾ ਜਾ ਸਕਦਾ ਹੈ ਅਤੇ ਇਸਦਾ ਰੇਟ ਰੇਤ ਦੀ ਖੱਡ ਉੱਪਰ 5.50 ਰੁਪਏ ਪ੍ਰਤੀ ਫੁੱਟ ਹੋਵੇਗਾ। ਉਨ੍ਹਾਂ ਕਿਹਾ ਕਿ ਰੇਤ ਲਿਜਾਣ ਲਈ ਵਾਹਨ ਦਾ ਇੰਤਜ਼ਾਮ ਗ੍ਰਾਹਕ ਨੂੰ ਖੁਦ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਫਿਲਹਾਲ ਆਰਡਰ ਕਰਨ ਸਮੇਂ ਪੇਮੈਂਟ ਦਾ ਭੁਗਤਾਨ ਆਨ-ਲਾਈਨ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦਾ ਕੋਈ ਵੀ ਨਾਗਰਿਕ ਜੋ ਰੇਤ ਖਰੀਦਣਾ ਚਾਹੁੰਦਾ ਹੈ ਉਹ ਪੰਜਾਬ ਸਰਕਾਰ ਦੇ ਪੋਰਟਲ https://www.minesandgeology.punjab.gov.in/member/customer-signup ’ਤੇ ਜਾ ਕੇ ਆਨ-ਲਾਈਨ ਆਰਡਰ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਮਾਈਨਿੰਗ ਵਿਭਾਗ ਦੇ ਐਕਸੀਅਨ ਦੇ ਦਫ਼ਤਰ ਸੰਪਰਕ ਕੀਤਾ ਜਾ ਸਕਦਾ ਹੈ।

Share this Article
Leave a comment