ਕੈਨੇਡਾ ‘ਚ ਗੈਂਗਵਾਰ ਦੀ ਗੋਲੀ ਨੇ ਲੈ ਲਈ ਸਰਪੰਚ ਦੀ ਧੀ ਹਰਸਿਮਰਤ ਕੌਰ ਦੀ ਜਾਨ

Global Team
3 Min Read

ਹੈਮਿਲਟਨ: ਕੈਨੇਡਾ ਦੇ ਓਨਟਾਰੀਓ ਸੂਬੇ ਦੇ ਹੈਮਿਲਟਨ ਸ਼ਹਿਰ ਵਿੱਚ ਇੱਕ ਗੈਂਗਵਾਰ ਦੌਰਾਨ ਗੋਲੀਬਾਰੀ ਵਿੱਚ ਪੰਜਾਬ ਦੀ 21 ਸਾਲਾ ਵਿਦਿਆਰਥਣ ਹਰਸਿਮਰਤ ਦੀ ਮੌਤ ਹੋ ਗਈ। ਪੁਲਿਸ ਦੇ ਅਨੁਸਾਰ, ਉਹ ਉਸ ਵੇਲੇ ਬੱਸ ਦੀ ਉਡੀਕ ਕਰ ਰਹੀ ਸੀ ਜਦੋਂ ਇੱਕ ਗੋਲੀ ਉਸ ਦੀ ਛਾਤੀ ਵਿੱਚ ਲੱਗੀ।

ਹਰਸਿਮਰਤ ਕੋਰ ਰੰਧਾਵਾ ਜ਼ਿਲ੍ਹਾ ਤਰਨ ਤਾਰਨ ਦੇ ਅਧੀਨ ਆਉਂਦੇ ਪਿੰਡ ਧੂੰਦਾ ਦੀ ਰਹਿਣ ਵਾਲੀ ਸੀ ਤੇ ਮੋਹੌਕ ਕਾਲਜ ਵਿੱਚ ਪੜ੍ਹ ਰਹੀ ਸੀ ਅਤੇ ਭਵਿੱਖ ਸਵਾਰਨ ਲਈ ਭਾਰਤ ਤੋਂ ਕੈਨੇਡਾ ਆਈ ਸੀ। ਇਹ ਘਟਨਾ ਵੀਰਵਾਰ ਸ਼ਾਮ ਕਰੀਬ 7:30 ਵਜੇ ਵਾਪਰੀ ਜਦੋਂ ਇੱਕ ਕਾਲੀ ਮਰਸੀਡੀਜ਼ SUV ਅਤੇ ਚਿੱਟੀ ਸੇਡਾਨ ਵਿੱਚ ਹੋਈ ਗੋਲੀਬਾਰੀ ਨੇ ਗੈਂਗਵਾਰ ਵਰਗਾ ਮਾਹੌਲ ਪੈਦਾ ਕਰ ਦਿੱਤਾ। ਗੋਲੀਆਂ ਨੇ ਨੇੜਲੇ ਘਰ ਦੀ ਖਿੜਕੀ ਵੀ ਪਾਰ ਕਰ ਦਿੱਤੀ, ਪਰ ਘਰ ਵਿੱਚ ਕਿਸੇ ਨੂੰ ਨੁਕਸਾਨ ਨਹੀਂ ਹੋਇਆ।

ਹੈਮਿਲਟਨ ਪੁਲਿਸ ਮੁਖੀ ਫਰੈਂਕ ਬਰਗਨ ਨੇ ਕਿਹਾ, “ਹਰਸਿਮਰਤ ਇੱਕ ਮਾਸੂਮ ਅਤੇ ਨਿਰਦੋਸ਼ ਸੀ। ਉਸ ਦੀ ਮੌਤ ਕੁਝ ਲਾਪਰਵਾਹ ਗੁੰਡਿਆਂ ਦੇ ਕਾਰਨ ਹੋਈ।”


ਗੋਲੀ ਲੱਗਣ ਤੋਂ ਬਾਅਦ ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਗੰਭੀਰ ਜ਼ਖ਼ਮਾਂ ਦੇ ਚਲਦੇ ਉਸਦੀ ਮੌਤ ਹੋ ਗਈ।

ਟੋਰਾਂਟੋ ਸਥਿਤ ਭਾਰਤੀ ਕੌਂਸਲੇਟ ਨੇ ਹਰਸਿਮਰਤ ਦੀ ਮੌਤ ‘ਤੇ ਦੁੱਖ ਪ੍ਰਗਟਾਇਆ ਅਤੇ ਕਿਹਾ ਕਿ ਉਹ ਪਰਿਵਾਰ ਨਾਲ ਸੰਪਰਕ ਵਿੱਚ ਹਨ ਅਤੇ ਲੋੜੀਂਦੀ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ।


ਮੋਹੌਕ ਕਾਲਜ ਵਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ, “ਹਰਸਿਮਰਤ ਦੀ ਮੌਤ ਸਾਡੇ ਲਈ ਬਹੁਤ ਵੱਡਾ ਝਟਕਾ ਹੈ। ਉਹ ਸਾਡੇ ਕਾਲਜ ਦੀ ਕਮਿਊਨਿਟੀ ਦਾ ਅਹਿਮ ਹਿੱਸਾ ਸੀ। ਅਸੀਂ ਉਸਦੇ ਪਰਿਵਾਰ ਅਤੇ ਦੋਸਤਾਂ ਦੀ ਹਰ ਸੰਭਵ ਸਹਾਇਤਾ ਕਰਾਂਗੇ।”

ਹੈਮਿਲਟਨ ਪੁਲਿਸ ਨੇ ਦੱਸਿਆ ਕਿ ਜਾਂਚ ਜਾਰੀ ਹੈ ਅਤੇ ਸੀਸੀਟੀਵੀ ਫੁੱਟੇਜ ਤੇ ਗਵਾਹਾਂ ਦੀ ਮਦਦ ਨਾਲ ਦੋਸ਼ੀਆਂ ਦੀ ਪਛਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ।

ਇਹ ਮਾਮਲਾ ਕੈਨੇਡਾ ਵਿੱਚ ਰਹਿ ਰਹੇ ਵਿਦੇਸ਼ੀ ਵਿਦਿਆਰਥੀਆਂ ਦੀ ਸੁਰੱਖਿਆ ‘ਤੇ ਵੱਡੇ ਸਵਾਲ ਖੜੇ ਕਰਦਾ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment