ਚੰਡੀਗੜ੍ਹ: ਸੜਕ ਹਾਦਸੇ ਦਾ ਸ਼ਿਕਾਰ ਹੋਏ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਵਿੱਚ ਹੁਣ ਕੁਝ ਸੁਧਾਰ ਦੇਖਣ ਨੂੰ ਮਿਲਿਆ ਹੈ। ਮੋਹਾਲੀ ਦੇ ਫੋਰਟਿਸ ਹਸਪਤਾਲ ਦੇ ਡਾਕਟਰਾਂ ਅਨੁਸਾਰ, ਉਹਨਾਂ ਦੀਆਂ ਚਾਰ ਲਾਈਫ ਸਪੋਰਟ ਮਸ਼ੀਨਾਂ ਵਿੱਚੋਂ ਤਿੰਨ ਹਟਾਈਆਂ ਜਾ ਚੁੱਕੀਆਂ ਹਨ, ਪਰ ਉਹ ਅਜੇ ਵੀ ਵੈਂਟੀਲੇਟਰ ਸਪੋਰਟ ’ਤੇ ਹਨ ਅਤੇ ਹੋਸ਼ ਵਿੱਚ ਨਹੀਂ ਆਏ। ਨਿਊਰੋਸਰਜਰੀ ਅਤੇ ਕ੍ਰਿਟੀਕਲ ਕੇਅਰ ਮਾਹਿਰਾਂ ਦੀ ਟੀਮ ਉਹਨਾਂ ਦੀ ਨਿਗਰਾਨੀ ਕਰ ਰਹੀ ਹੈ। ਉਹਨਾਂ ਦਾ ਹਾਲ-ਚਾਲ ਜਾਨਣ ਲਈ ਵੱਡੀ ਗਿਣਤੀ ਵਿੱਚ ਲੋਕ ਹਸਪਤਾਲ ਪਹੁੰਚ ਰਹੇ ਹਨ। ਪਰਿਵਾਰ ਨੇ ਲੋਕਾਂ ਨੂੰ ਉਹਨਾਂ ਦੀ ਸਿਹਤਯਾਬੀ ਲਈ ਦੁਆਵਾਂ ਕਰਨ ਦੀ ਅਪੀਲ ਕੀਤੀ ਹੈ।
ਮੈਡੀਕਲ ਬੁਲੇਟਿਨਾਂ ਵਿੱਚ ਹੁਣ ਤੱਕ ਦਿੱਤੀ ਗਈ ਜਾਣਕਾਰੀ ਅਨੁਸਾਰ, 27 ਸਤੰਬਰ ਨੂੰ ਦੁਪਹਿਰ 1:45 ਵਜੇ ਰਾਜਵੀਰ ਜਵੰਦਾ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਲਿਆਂਦਾ ਗਿਆ ਸੀ। ਸੜਕ ਹਾਦਸੇ ਵਿੱਚ ਉਹਨਾਂ ਨੂੰ ਸਿਰ ਅਤੇ ਰੀੜ੍ਹ ਦੀ ਹੱਡੀ ਵਿੱਚ ਗੰਭੀਰ ਸੱਟਾਂ ਲੱਗੀਆਂ ਸਨ। ਡਾਕਟਰਾਂ ਨੇ ਦੱਸਿਆ ਕਿ ਉਹਨਾਂ ਨੂੰ ਪਹਿਲਾਂ ਕਾਰਡੀਐਕ ਅਰੈਸਟ ਵੀ ਹੋਇਆ ਸੀ। ਹਸਪਤਾਲ ਪਹੁੰਚਦੇ ਹੀ ਉਹਨਾਂ ਨੂੰ ਐਡਵਾਂਸਡ ਲਾਈਫ ਸਪੋਰਟ ’ਤੇ ਰੱਖਿਆ ਗਿਆ ਅਤੇ ਹਾਲਤ ਬਹੁਤ ਨਾਜ਼ੁਕ ਸੀ। 28 ਸਤੰਬਰ ਨੂੰ ਡਾਕਟਰਾਂ ਨੇ ਦੱਸਿਆ ਕਿ ਰਾਜਵੀਰ ਅਜੇ ਵੀ ਵੈਂਟੀਲੇਟਰ ’ਤੇ ਹਨ ਅਤੇ ਨਿਊਰੋਸਰਜਰੀ ਤੇ ਕ੍ਰਿਟੀਕਲ ਕੇਅਰ ਮਾਹਿਰ ਉਹਨਾਂ ਦਾ ਇਲਾਜ ਕਰ ਰਹੇ ਹਨ। 29 ਸਤੰਬਰ ਨੂੰ ਡਾਕਟਰਾਂ ਨੇ ਦੱਸਿਆ ਕਿ ਹਾਲਤ ਵਿੱਚ ਮਾਮੂਲੀ ਸੁਧਾਰ ਹੋਇਆ ਹੈ, ਪਰ ਉਹ ਅਜੇ ਵੀ ਵੈਂਟੀਲੇਟਰ ’ਤੇ ਹਨ।
ਐਤਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੋਹਾਲੀ ਦੇ ਫੋਰਟਿਸ ਹਸਪਤਾਲ ਪਹੁੰਚੇ ਸਨ ਅਤੇ ਉਹਨਾਂ ਨੇ ਡਾਕਟਰਾਂ ਤੋਂ ਰਾਜਵੀਰ ਦੀ ਸਿਹਤ ਬਾਰੇ ਜਾਣਕਾਰੀ ਲਈ। ਸੀਐਮ ਨੇ ਕਿਹਾ ਸੀ ਕਿ ਸ਼ਨੀਵਾਰ ਦੇ ਮੁਕਾਬਲੇ ਰਾਜਵੀਰ ਦੀ ਹਾਲਤ ਵਿੱਚ ਕੁਝ ਸੁਧਾਰ ਹੋਇਆ ਹੈ। ਉਸ ਦਿਨ ਕਈ ਪੰਜਾਬੀ ਗਾਇਕ ਵੀ ਹਸਪਤਾਲ ਪਹੁੰਚੇ ਸਨ ਅਤੇ ਸਾਰਿਆਂ ਨੇ ਉਹਨਾਂ ਦੀ ਜਲਦ ਸਿਹਤਯਾਬੀ ਲਈ ਅਰਦਾਸ ਕੀਤੀ ਸੀ।
ਹਾਦਸਾ 27 ਸਤੰਬਰ ਨੂੰ ਪਿੰਜੌਰ-ਨਾਲਾਗੜ੍ਹ ਸੜਕ ’ਤੇ ਵਾਪਰਿਆ, ਜਦੋਂ ਰਾਜਵੀਰ ਜਵੰਦਾ ਬੱਦੀ ਤੋਂ ਸ਼ਿਮਲਾ ਵੱਲ ਬਾਈਕ ’ਤੇ ਜਾ ਰਹੇ ਸਨ। ਜਾਣਕਾਰੀ ਮੁਤਾਬਕ, ਸੜਕ ’ਤੇ ਦੋ ਸਾਂਡ ਆਪਸ ਵਿੱਚ ਲੜ ਰਹੇ ਸਨ, ਜਿਨ੍ਹਾਂ ਤੋਂ ਬਚਣ ਦੀ ਕੋਸ਼ਿਸ਼ ਵਿੱਚ ਰਾਜਵੀਰ ਦੀ ਬਾਈਕ ਸਾਹਮਣੇ ਤੋਂ ਆ ਰਹੀ ਜੀਪ ਨਾਲ ਟਕਰਾ ਗਈ। ਹਾਦਸੇ ਤੋਂ ਬਾਅਦ ਮੌਕੇ ’ਤੇ ਮੌਜੂਦ ਲੋਕਾਂ ਨੇ ਉਹਨਾਂ ਨੂੰ ਨੇੜਲੇ ਸ਼ੌਰੀ ਹਸਪਤਾਲ ਪਹੁੰਚਾਇਆ। ਡਾਕਟਰ ਵਿਮਲ ਦੇ ਮੁਤਾਬਕ, ਉਹਨਾਂ ਦੀ ਹਾਲਤ ਇੰਨੀ ਗੰਭੀਰ ਸੀ ਕਿ ਉਹਨਾਂ ਨੂੰ ਬਾਹਰ ਹੀ ਜਾਂਚਣਾ ਪਿਆ। ਉਹ ਬੇਹੋਸ਼ ਸਨ ਅਤੇ ਨਬਜ਼ ਬਹੁਤ ਹੌਲੀ ਸੀ। ਮੁਢਲੇ ਇਲਾਜ ਤੋਂ ਬਾਅਦ ਉਹਨਾਂ ਨੂੰ ਪਹਿਲਾਂ ਪੰਚਕੂਲਾ ਰੈਫਰ ਕੀਤਾ ਗਿਆ, ਫਿਰ ਹਾਲਤ ਦੀ ਗੰਭੀਰਤਾ ਨੂੰ ਵੇਖਦਿਆਂ ਮੋਹਾਲੀ ਦੇ ਫੋਰਟਿਸ ਹਸਪਤਾਲ ਭੇਜਿਆ ਗਿਆ।