ਸਰੀ: ਬੀਨੂੰ ਢਿੱਲੋਂ ਦੀ ਫਿਲਮ ਝੱਲੇ ਇਕ ਵੱਖਰੇ ਵਿਸ਼ੇ ਉਪਰ ਬਣੀ ਹੋਈ ਫਿਲਮ ਹੈ ਅਤੇ ਕਾਫੀ ਚਰਚਾ ਵਿਚ ਹੈ। ਇਸ ਫਿਲਮ ਨੂੰ ਕੈਨੇਡਾ ਵਿਚ ਦਰਸ਼ਕਾਂ ਦਾ ਵੱਡਾ ਹੁੰਗਾਰਾ ਮਿਲਿਆ ਹੈ। ਦਰਸ਼ਕਾਂ ਦੇ ਇਸ ਉਤਸ਼ਾਹ ਨੂੰ ਦੇਖਦੇ ਹੋਏ ਬੀਤੇ ਦਿਨੀਂ ਬੀਨੂੰ ਢਿੱਲੋਂ ਵਲੋਂ ਸਰੀ ਵਿਚ ਲੋਕਾਂ ਦਾ ਧੰਨਵਾਦ ਕਰਨ ਲਈ ਇਕ ਪ੍ਰੈਸ ਕਾਨਫਰੰਸ ਰੱਖੀ ਗਈ।
ਇਸ ਮੌਕੇ ਬੀਨੂੰ ਢਿੱਲੋਂ ਵਲੋਂ ਲੋਕਾਂ ਦਾ ਫਿਲਮ ਨੂੰ ਪਿਆਰ ਦੇਣ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਸਾਡੇ ਚੈਨਲ ਪੰਜਾਬੀ ਨੇ ਬੀਨੂੰ ਢਿੱਲੋਂ ਅਤੇ ਇਸ ਫਿਲਮ ਦੇ ਓਵਰਸੀਜ਼ ਡਿਸਟਰੀਬਿਊਟਰ ਲਵਪ੍ਰੀਤ ਲੱਕੀ ਸੰਧੂ ਨਾਲ ਵਿਸ਼ੇਸ਼ ਗੱਲਬਾਤ ਕੀਤੀ।
ਬੀਨੂੰ ਢਿੱਲੋਂ ਨੇ ਫਿਲਮ ਦੀ ਸਫਲਤਾ ਤੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਕਿਹਾ ਕਿ ਭਵਿੱਖ ਵਿਚ ਵੀ ਉਹ ਅਜਿਹੀਆਂ ਫਿਲਮਾਂ ਦਰਸ਼ਕਾਂ ਲਈ ਲੈਕੇ ਆਉਣਗੇ ਤਾਂ ਜੋ ਪੰਜਾਬੀ ਸਿਨੇਮਾ ਵਿਚ ਕੁਝ ਹੋਰ ਵੀ ਨਵਾਂ ਕੀਤਾ ਜਾਵੇ।
ਇਸ ਤੋਂ ਇਲਾਵਾ ਉਹਨਾਂ ਨੇ ਆਪਣੀ ਜਿੰਦਗੀ ਵਿਚ ਕੀਤੇ ਗਏ ਸੰਘਰਸ਼ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਅਤੇ ਕਿਹਾ ਕਿ ਦਰਸ਼ਕਾਂ ਨੂੰ ਸਾਰੇ ਨਵੇਂ ਕਲਾਕਾਰਾਂ ਨੂੰ ਵੀ ਸੁਣਨਾ ਚਾਹੀਦਾ ਹੈ।ਫਿਲਮ ਦੇ ਓਵਰਸੀਜ਼ ਡਿਸਟਰੀਬਿਊਟਰ ਲਵਪ੍ਰੀਤ ਲੱਕੀ ਸੰਧੂ ਨੇ ਵੀ ਦੱਸਿਆ ਕਿ ਲੋਕਾਂ ਨੇ ਇਸ ਫਿਲਮ ਨੂੰ ਬਹੁਤ ਹੀ ਚੰਗਾ ਹੁੰਗਾਰਾ ਦਿਤਾ ਹੈ।