ਟੈਕਸਸ : ਅਮਰੀਕਾ ‘ਚ ਇੱਕ ਪੰਜਾਬੀ ਨੌਜਵਾਨ ਨੇ ਘਰੇਲੂ ਕਲੇਸ਼ ਤੋਂ ਤੰਗ ਆ ਕੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਨੌਜਵਾਨ ਦੀ ਪਛਾਣ ਜਲੰਧਰ ਦੇ ਦਮਨਵੀਰ ਸਿੰਘ ਵਜੋਂ ਕੀਤੀ ਗਈ ਹੈ। ਫਿਲਹਾਲ ਅਮਰੀਕਾ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਕ ਦਮਨਵੀਰ ਸਿੰਘ ਅਤੇ ਰਤਨਪ੍ਰੀਤ ਦਾ ਫ਼ਰਵਰੀ 2013 ‘ਚ ਵਿਆਹ ਹੋਇਆ ਸੀ ਤੇ ਉਨ੍ਹਾਂ ਦੀ ਇੱਕ ਧੀ ਵੀ ਹੈ। ਦੋਹਾਂ ਨੇ ਇਕ-ਦੂਜੇ ਤੋਂ ਵੱਖ ਹੋਣ ਦਾ ਫੈਸਲਾ ਕਰ ਲਿਆ ਅਤੇ ਤਲਾਕ ਦੇ ਕਾਗਜ਼ ਨਾਲ ਸਬੰਧਤ ਦਸਤਾਵੇਜ਼ ਭੇਜ ਦਿੱਤੇ। ਜਿਸ ਤੋਂ ਬਾਅਦ ਦਮਨਵੀਰ ਡਿਪੈਸ਼ਨ ‘ਚ ਚਲਾ ਗਿਆ ਅਤੇ ਸੰਭਾਵਤ ਤੌਰ ‘ਤੇ ਇਸੇ ਕਰ ਕੇ ਉਸ ਨੇ ਆਪਣੀ ਜ਼ਿੰਦਗੀ ਖ਼ਤਮ ਕਰਨ ਦਾ ਰਾਹ ਚੁਣਿਆ।
ਦਮਨਵੀਰ ਦੇ ਪਰਿਵਾਰ ਨੇ ਉਸ ਦੀ ਮੌਤ ਲਈ ਪਤਨੀ ਰਤਨਪ੍ਰੀਤ ਕੌਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਅਮਰੀਕਾ ਪੁਲਿਸ ਨੂੰ ਮਾਮਲੇ ਵਿਚ ਦਖ਼ਲ ਦੇਣ ਦੀ ਮੰਗ ਕੀਤੀ ਹੈ।
ਦਮਨਵੀਰ ਸਿੰਘ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ 2006 ਵਿਚ ਸਟੱਡੀ ਵੀਜ਼ਾ ‘ਤੇ ਆਸਟ੍ਰੇਲੀਆ ਗਿਆ ਸੀ ਅਤੇ ਇਸ ਦੌਰਾਨ ਅਮਰੀਕਾ ਰਹਿੰਦੇ ਆਪਣੇ ਰਿਸ਼ਤੇਦਾਰਾਂ ਕੋਲ ਚਲਾ ਗਿਆ ਜਿੱਥੇ ਉਸ ਦੀ ਮੁਲਾਕਾਤ ਰਤਨਪ੍ਰੀਤ ਕੌਰ ਨਾਲ ਹੋਈ। ਇਨ੍ਹਾਂ ਦਾ 2013 ‘ਚ ਵਿਆਹ ਹੋ ਗਿਆ, ਪਰ ਦੋਹਾਂ ਦੇ ਵਿਆਹੁਤਾ ਸਬੰਧ ਚੰਗੇ ਨਾਂ ਰਹੇ ਅਤੇ ਕਿਸੇ ਨਾਂ ਕਿਸੇ ਗੱਲ ’ਤੇ ਝਗੜਾ ਹੁੰਦਾ ਰਹਿੰਦਾ ਸੀ।
ਉਧਰ ਕੈਲੇਫ਼ੋਰਨੀਆ ਦੇ ਸਟੌਕਟਨ ਸ਼ਹਿਰ ‘ਚ ਰਹਿੰਦੇ ਦਮਨਵੀਰ ਸਿੰਘ ਦੇ ਮਾਮਾ ਹਰਜਿੰਦਰ ਸਿੰਘ ਨੇ ਦੱਸਿਆ ਕਿ, ਦਮਨਵੀਰ ਅਤੇ ਉਸ ਦੀ ਪਤਨੀ ਰਤਨਪ੍ਰੀਤ 2016 ‘ਚ ਪੰਜਾਬ ਗਏ ਸਨ ਅਤੇ ਉਥੇ ਦੋਹਾਂ ਵਿਚਾਲੇ ਝਗੜਾ ਸ਼ੁਰੂ ਹੋਇਆ ਜਿਸ ਨੂੰ ਬਾਅਦ ਵਿਚ ਪੁਲਿਸ ਦੇ ਦਖ਼ਲ ਨਾਲ ਸੁਲਝਾ ਲਿਆ ਗਿਆ। ਅਮਰੀਕਾ ਪਰਤਣ ਤੋਂ ਬਾਅਦ ਵੀ ਛੋਟੀ-ਛੋਟੀ ਗੱਲ ‘ਤੇ ਦੋਵੇਂ ਝਗੜਦੇ ਰਹਿੰਦੇ ਅਤੇ ਸਮੇਂ ਦੇ ਨਾਲ ਦੋਹਾਂ ਵਿਚਾਲੇ ਵਿਵਾਦ ਵਧ ਗਿਆ ਤੇ ਗੱਲ ਤਲਾਕ ਤੱਕ ਪਹੁੰਚ ਗਈ।