ਚੰਡੀਗੜ੍ਹ: ਨਾਂਦੇੜ ਸਾਹਿਬ ਵਿਖੇ ਫਸੇ ਸ਼ਰਧਾਲੂ ਅਤੇ ਰਾਜਸਥਾਨ ਤੋਂ ਮਜ਼ਦੂਰਾਂ ਅਤੇ ਵਿਦਿਆਰਥੀਆਂ ਦੀ ਪੰਜਾਬ ਵਿੱਚ ਹੋ ਰਹੀ ਘਰ ਵਾਪਸੀ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਸੂਬਾ ਸਰਕਾਰ ਨੇ ਅੱਜ ਲੌਕਡਾਊਨ ਕਾਰਨ ਕੌਮੀ ਰਾਜਧਾਨੀ ਸਥਿਤ ਗੁਰਦੁਆਰਾ ਸ੍ਰੀ ਮਜਨੂ ਕਾ ਟਿੱਲਾ ਵਿਖੇ ਠਹਿਰੇ 250 ਸਿੱਖ ਸ਼ਰਧਾਲੂਆਂ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਉਣ ਲਈ ਦਿੱਲੀ ਸਰਕਾਰ ਨਾਲ ਸੰਪਰਕ ਸਾਧਿਆ ਹੈ।
ਮੁੱਖ ਮੰਤਰੀ ਦੀ ਹਦਾਇਤਾਂ ‘ਤੇ ਵਧੀਕ ਮੁੱਖ ਸਕੱਤਰ (ਗ੍ਰਹਿ) ਸਤੀਸ਼ ਚੰਦਰਾ ਨੇ ਨਵੀਂ ਦਿੱਲੀ ਦੇ ਡਿਪਟੀ ਕਮਿਸ਼ਨਰ (ਸੈਂਟਰਲ) ਨਿਧੀ ਸ੍ਰੀਵਾਸਤਵਾ ਨੂੰ ਪੱਤਰ ਲਿਖ ਕੇ ਪੰਜਾਬ ਸਰਕਾਰ ਦੀਆਂ ਬੱਸਾਂ ਰਾਹੀਂ ਦਿੱਲੀ ਦੇ ਗੁਰਦੁਆਰਾ ਸਾਹਿਬ ਤੋਂ ਸ਼ਰਧਾਲੂਆਂ ਦੀ ਸੁਰੱਖਿਅਤ ਘਰ ਵਾਪਸੀ ਦੀ ਸੁਵਿਧਾ ਲਈ ਦਿੱਲੀ ਸਰਕਾਰ ਨੂੰ ਛੇਤੀ ਇਜਾਜ਼ਤ ਦੇਣ ਦੀ ਮੰਗ ਕੀਤੀ ਹੈ।
ਇਸੇ ਦੌਰਾਨ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਕੋਟਾ ਵਿਖੇ ਫਸੇ 152 ਵਿਦਿਆਰਥੀਆਂ ਨੂੰ ਪੰਜਾਬ ਲਿਆਉਣ ਲਈ ਵਿਸ਼ੇਸ਼ ਬੱਸਾਂ ਰਾਹੀਂ ਬਠਿੰਡਾ ਲਿਆਂਦਾ ਗਿਆ ਜਿੱਥੋਂ ਉਨ੍ਹਾ ਨੂੰ ਸਰਕਾਰੀ ਬੱਸਾਂ ਰਾਹੀਂ ਉਨ੍ਹਾ ਦੇ ਟਿਕਾਣਿਆਂ ‘ਤੇ ਭੇਜ ਦਿੱਤਾ ਗਿਆ।
ਇਸ ਤੋਂ ਇਲਾਵਾ ਪੰਜਾਬ ਨਾਲ ਸਬੰਧਤ 2900 ਮਜ਼ਦੂਰ ਸੂਬਾ ਸਰਕਾਰ ਦੀਆਂ 60 ਬੱਸਾਂ ਰਾਹੀਂ ਜੈਸਲਮੇਰ ਤੋਂ ਵਾਪਸ ਪਰਤ ਰਹੇ ਹਨ ਜਿੱਥੇ ਉਹ ਪੰਜ ਰਾਹਤ ਕੈਂਪਾਂ ਵਿੱਚ ਫਸੇ ਹੋਏ ਸਨ। ਉਨ੍ਹਾ ਦੇ ਭਲਕੇ ਸਵੇਰੇ ਵਾਇਆ ਗੰਗਾਨਗਰ ਸੂਬੇ ਵਿੱਚ ਪਹੁੰਚਣ ਦੀ ਉਮੀਦ ਹੈ।
ਇਸੇ ਤਰ੍ਹਾਂ ਬੀਤੀ ਸ਼ਾਮ ਪੰਜਾਬ ਸਰਕਾਰ ਦੀਆਂ 13 ਬੱਸਾਂ ਨਾਂਦੇੜ ਤੋਂ 467 ਸ਼ਰਧਾਲੂਆਂ ਨੂੰ ਲੈ ਕੇ ਬਠਿੰਡਾ ਵਿਖੇ ਪਹੁੰਚੀਆਂ ਅਤੇ ਇਹ ਸ਼ਰਧਾਲੂ ਆਪੋ-ਆਪਣੇ ਸ਼ਹਿਰਾਂ ਅਤੇ ਪਿੰਡਾਂ ਨੂੰ ਜਾ ਰਹੇ ਹਨ। ਹੋਰ ਸ਼ਰਧਾਲੂਆਂ ਨੂੰ ਲੈ ਕੇ ਬੱਸਾਂ ਦਾ ਇਕ ਹੋਰ ਕਾਫਲਾ ਨਾਂਦੇੜ ਤੋਂ ਚੱਲ ਪਿਆ ਹੈ।
ਦਿਲ ਦੇ ਦੌਰੇ ਕਾਰਨ ਪੀ.ਆਰ.ਟੀ.ਸੀ. ਦੇ ਕਿਲੋਮੀਟਰ ਸਕੀਮ ਤਹਿਤ ਡਰਾਈਵਰ ਮਨਜੀਤ ਸਿੰਘ ਦੀ ਨਾਂਦੇੜ ਜਾਂਦਿਆ 26 ਅਪਰੈਲ ਨੂੰ ਹੋਈ ਬੇਵਕਤੀ ਮੌਤ ‘ਤੇ ਡੂੰਘਾ ਦੁੱਖ ਜ਼ਾਹਰ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਸ ਲਈ 10 ਲੱਖ ਰੁਪਏ ਦੀ ਐਕਸ ਗ੍ਰੇਸ਼ੀਆ ਗਰਾਂਟ ਦਾ ਐਲਾਨ ਕੀਤਾ।