ਚੰਡੀਗੜ੍ਹ: ਪੰਜਾਬ ਵਿੱਚ 15 ਅਪ੍ਰੈਲ ਤੋਂ ਸੀਜ਼ਨ 2020 – 21 ਦੀ ਕਣਕ ਦੀ ਫਸਲ ਦੀ ਖਰੀਦ ਸ਼ੁਰੂ ਹੋ ਜਾਵੇਗੀ। ਇਸਦੇ ਲਈ ਸੂਬਾ ਸਰਕਾਰ ਨੇ ਸਾਰੇ ਪ੍ਰਬੰਧ ਕਰ ਲਏ ਹਨ। ਇਹ ਜਾਣਕਾਰੀ ਮੰਗਲਵਾਰ ਨੂੰ ਪੰਜਾਬ ਦੇ ਖਾਦ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਤੈਅ ਘੱਟੋਂ ਘੱਟ ਮੁੱਲ 1925 ਰੁਪਏ ਪ੍ਰਤੀ ਕੁਇੰਟਲ ਦੀ ਦਰ ਨਾਲ ਸਾਰੀ ਖਰੀਦ ਏਜੰਸੀਆਂ ਅਤੇ ਐਫਸੀਆਈ (ਭਾਰਤੀ ਖਾਦ ਨਿਗਮ) ਕਣਕ ਦੀ ਖਰੀਦ ਕਰਨਗੀਆਂ।
ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਖੇਤੀਬਾੜੀ ਅਤੇ ਕਿਸਾਨ ਕਲਿਆਣ ਵਿਭਾਗ ਵੱਲੋਂ ਮੰਡੀਆਂ ਵਿੱਚ 135 ਲੱਖ ਟਨ ਕਣਕ ਆਉਣ ਦੀ ਸੰਭਾਵਨਾ ਜਤਾਈ ਗਈ ਹੈ। ਇਸਦੇ ਮੱਦੇਨਜਰ ਪਨਗਰੇਨ 26 ਫ਼ੀਸਦੀ (35.10), ਮਾਰਕਫੇਡ 23.50 ਫ਼ੀਸਦੀ (31. 72), ਪਨਸਪ 21.50 ਫ਼ੀਸਦੀ (29.02), ਵੇਅਰਹਾਉਸ 14 ਫ਼ੀਸਦੀ (18.90) ਅਤੇ ਐਫਸੀਆਈ 15 ਫ਼ੀਸਦੀ (20.25) ਕਣਕ ਦੀ ਖਰੀਦ ਕਰਨਗੇ।
ਉਨ੍ਹਾਂਨੇ ਕਿਹਾ ਕਿ ਕੋਵਿਡ – 19 ਮਹਾਮਾਰੀ ਦੇ ਮੱਦੇਨਜਰ ਕਿਸਾਨਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਵੱਲੋਂ 1867 ਖਰੀਦ ਕੇਂਦਰ ਅਤੇ 1824 ਰਾਈਸ ਮਿਲਾਂ ਨੂੰ ਮੰਡੀ ਯਾਰਡ ਘੋਸ਼ਿਤ ਕੀਤਾ ਹੈ।
ਆਸ਼ੂ ਨੇ ਕਿਹਾ ਕਿ ਕਣਕ ਖਰੀਦ ਦਾ ਸੀਜਨ 15 ਅਪ੍ਰੈਲ ਤੋਂ ਸ਼ੁਰੂ ਹੋਕੇ 15 ਜੂਨ ਤੱਕ ਜਾਰੀ ਰਹੇਗਾ। ਖਾਦ ਮੰਤਰੀ ਨੇ ਕਿਹਾ ਕਿ ਕੋਰੋਨਾ ਦੀ ਰੋਕਥਾਮ ਲਈ ਮੰਡੀ ਬੋਰਡ ਵੱਲੋਂ ਸੂਬੇ ਦੀਆਂ ਮੰਡੀਆਂ ਵਿੱਚ ਟੋਕਨ ਸਿਸਟਮ ਲਾਗੂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਮੰਡੀ ਬੋਰਡ ਵੱਲੋਂ ਸੂਬੇ ਦੀਆਂ ਮੰਡੀਆਂ ਵਿੱਚ ਸੱਖਤੀ ਨਾਲ ਸਮਾਜਿਕ ਦੂਰੀ ਬਣਾਏ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ। ਕਣਕ ਦੀ ਬੋਲੀ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਨਿਰਧਾਰਤ ਕੀਤਾ ਗਿਆ ਹੈ।