ਅੰਮ੍ਰਿਤਸਰ: ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਦੇ 130ਵੇਂ ਜਨਮ ਦਿਵਸ ਮੌਕੇ ਸੂਬੇ ਭਰ ਵਿੱਚ ਕਰਵਾਏ ਗਏ ਵਰਚੂਅਲ ਪ੍ਰੋਗਰਾਮ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਮੌਕੇ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਭਾਰਤ ਦਾ ਸੰਵਿਧਾਨ ਦੇਸ਼ ਦੀ ਏਕਤਾ ਤੇ ਅਖੰਡਤਾ ਅਤੇ ਹਰ ਵਰਗ ਲਈ ਸਮਾਨਤਾ ਦਾ ਅਧਿਕਾਰ ਸੰਜੋਈ ਬੈਠਾ ਹੈ ਜਿਸ ਦੇ ਲਈ ਬਾਬਾ ਸਾਹਿਬ ਜੀ ਦੇ ਯੋਗਦਾਨ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ।
ਇਸ ਸਬੰਧੀ ਜਿਲ੍ਹਾ ਪੱਧਰੀ ਸਮਾਗਮ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਰਵਾਇਆ ਗਿਆ ਜਿਸ ਵਿੱਚ ਕੈਬਿਨਟ ਰੈਕ ਪ੍ਰਾਪਤ ਚੇਅਰਮੈਨ, ਪੰਜਾਬ ਵੇਅਰ ਹਾਊਸਿੰਗ ਕਾਰਪੋਰੇਸ਼ਨ ਡਾ.ਰਾਜ ਕੁਮਾਰ ਵੇਰਕਾ ਨੇ ਮੁੱਖ ਮਹਿਮਾਨ ਵਜੋ ਸ਼ਿਰਕਤ ਕੀਤੀ। ਇਸ ਦੌਰਾਨ ਡਾ.ਵੇਰਕਾ ਨੇ ਕਿਹਾ ਕਿ ਪੰਜਾਬ ਸਰਕਾਰ ਅਨੁਸੂਚਿਤ ਜਾਤੀਆਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਡਾ.ਬੀ.ਆਰ. ਅੰਬੇਦਕਰ ਜੀ ਦੇ ਨਾਮ ਤੇ ਪੰਜਾਬ ਸਰਕਾਰ ਨੇ ਆਪਣੇ ਸਕਾਲਰਸ਼ਿਪ ਸਕੀਮ ਵੀ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਦੀ ਭਲਾਈ ਲਈ ਸ਼ੁਰੂ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਬਾਬਾ ਸਾਹਿਬ ਜੀ ਦੀ ਯਾਦ ਵਿੱਚ ਕਪੂਰਥਲਾ ਵਿਖੇ 120 ਕਰੋੜ ਰੁਪਏ ਦੀ ਲਾਗਤ ਨਾਲ ਯਾਦਗਾਰ ਬਣਾਉਣ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਬਾਬਾ ਸਾਹਿਬ ਜੀ ਦੇ ਨਾਮ ਤੇ ਯੂਨੀਵਰਸਿਟੀ, ਕਾਲਜ ਅਤੇ ਗੁੂਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਇਕ ਚੇਅਰ ਵੀ ਸਥਾਪਤ ਕੀਤੀ ਜਾਵੇਗੀ।
ਡਾ.ਵੇਰਕਾ ਨੇ ਕਿਹਾ ਕਿ ਅੱਜ ਦੇ ਸਮੇਂ ਵੀ ਸਾਨੂੰ ਬਾਬਾ ਸਾਹਿਬ ਵੱਲੋਂ ਪਾਏ ਗਏ ਪੂਰਨਿਆਂ ਤੇ ਚੱਲਣ ਦੀ ਲੋੜ ਹੈ ਅਤੇ ਉਨ੍ਹਾਂ ਵੱਲੋਂ ਬਣਾਇਆ ਗਿਆ ਕਾਨੂੰਨ ਹਰੇਕ ਦੇਸ਼ਵਾਸੀ ਨੂੰ ਬਰਾਬਰੀ ਦਾ ਦਰਜਾ ਦਿੰਦਾ ਹੈ। ਮੁੱਖ ਮੰਤਰੀ ਪੰਜਾਬਾ ਨਾਲ ਆਨਲਾਈਨ ਗੱਲਬਾਤ ਕਰਦਿਆਂ ਡਾ.ਵੇਰਕਾ ਨੇ ਸੁਝਾਓ ਦਿੱਤਾ ਕਿ ਸਫਾਈ ਕਰਮਚਾਰੀਆਂ ਦੀਆਂ ਤਨਖਾਹਾਂ ਵਿੱਚ ਵਾਧਾ ਕੀਤਾ ਜਾਵੇ ਅਤੇ ਪੱਕੇ ਰੁਜ਼ਗਾਰ ਦਿੱਤੇ ਜਾਣ। ਉਨ੍ਹਾਂ ਕਿਹਾ ਕਿ 85ਵੀਂ ਸੋਧ ਨੂੰ ਲਾਗੂ ਕਰਨ ਲਈ ਇਕ ਕਮੇਟੀ ਦਾ ਗਠਨ ਵੀ ਕੀਤਾ ਜਾਵੇ।
ਡਾ.ਵੇਰਕਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਅਨੁਸੂਚਿਤ ਜਾਤੀਆਂ ਦੀ ਭਲਾਈ ਲਈ ਵੱਖ-ਵੱਖ ਯੋਜਨਾਵਾਂ ਤਹਿਤ ਆਪਣੇ ਫੰਡਾਂ ਦਾ 30 ਫੀਸਦੀ ਹਿੱਸਾ ਖਰਚ ਕਰੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਬਾਬਾ ਸਾਹਿਬ ਡਾ.ਭੀਮ ਰਾਓ ਅੰਬਦੇਕਰ ਦੀ ਸੋਚ ਦਾ ਸੂਬਾ ਸਿਰਜਣ ਲਈ ਯਤਨਸ਼ੀਲ ਹੈ ਅਤੇ ਸਰਕਾਰ ਦੀ ਕੋਸ਼ਿਸ਼ ਹੈ ਕਿ ਦਲਿਤ ਸਮੇਤ ਸਮਾਜ ਦੇ ਹਰ ਉਸ ਵਰਗ ਨੂੰ ਉਚਾ ਚੁੱਕਿਆ ਜਾਵੇ ਜੋ ਕਿ ਆਜ਼ਾਦੀ ਦੇ 75 ਸਾਲ ਬਾਅਦ ਵੀ ਆਪਣੇ ਪੈਰਾਂ ਉਪਰ ਖੜਾ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੇ ਐਲਾਨ ਕੀਤਾ ਹੈ ਕਿ ਦਲਿਤ ਕੋਟੇ ਦੀਆਂ ਖਾਲੀ ਅਸਾਮੀਆਂ ਤੁਰੰਤ ਭਰੀਆਂ ਜਾਣਗੀਆਂ ਅਤੇ ਵਿਦਿਆਰਥੀਆਂ ਨੂੰ ਉਚੇਰੀ ਸਿਖਿਆ ਮੁਹੱਈਆ ਕਰਵਾਉਣ ਲਈ ਆਰਥਿਕ ਤੌਰ ਤੇ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕ ਡਾ. ਵੇਰਕਾ ਵੱਲੋਂ ਬਾਬਾ ਸਾਹਿਬ ਜੀ ਨੂੰ ਸ਼ਰਧਾ ਦੇ ਫੁੱਲ ਵੀ ਭੇਂਟ ਕੀਤੇ ਗਏ।