ਨਵੀਂ ਦਿੱਲੀ : ਕਣਕ ਦੀ ਫ਼ਸਲ ਨੂੰ ਲੈ ਕੇ ਕਿਸਾਨਾਂ ਦੇ ਖਾਤੇ ‘ਚ ਸਿੱਧੀ ਅਦਾਇਗੀ ਸਬੰਧੀ ਪੰਜਾਬ ਸਰਕਾਰ ਤੇ ਕੇਂਦਰ ਵਿਚਾਲੇ ਰੇੜਕਾ ਹਾਲੇ ਵੀ ਜਾਰੀ ਹੈ। ਅੱਜ ਪੰਜਾਬ ਦੇ ਕੈਬਿਨਟ ਮੰਤਰੀਆਂ ਅਤੇ ਕੇਂਦਰੀ ਖੁਰਾਕ ਮੰਤਰੀ ਵਿਚਾਲੇ ਦਿੱਲੀ ਵਿੱਚ ਮੀਟਿੰਗ ਹੋਈ। ਜਿਸ ਵਿੱਚ ਪੰਜਾਬ ਸਰਕਾਰ ਨੇ ਮੰਗ ਰੱਖੀ ਕਿ ਕਣਕ ਦੀ ਅਦਾਇਗੀ ਪਹਿਲਾਂ ਵਾਂਗ ਆੜਤੀਆਂ ਰਾਹੀਂ ਹੀ ਹੋਵੇ। ਜਿਸ ਨੂੰ ਕੇਂਦਰ ਸਰਕਾਰ ਨੇ ਠੁਕਰਾਅ ਦਿੱਤਾ ਹੈ। ਇਸ ਦੀ ਜਾਣਕਾਰੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦਿੱਤੀ।
ਮਨਪ੍ਰੀਤ ਬਾਦਲ ਨੇ ਕਿਹਾ ਕਿਹਾ ਨਵੇਂ ਖਰੀਦ ਸੀਜਨ ਲਈ ਆੜਤੀਆਂ ਰਾਹੀਂ ਕਿਸਾਨਾਂ ਨੂੰ ਪੇਮੈਂਟ ਦੇਣ ਵਾਲੀ ਸਾਡੀ ਮੰਗ ਨੂੰ ਠੁਕਰਾਅ ਦਿੱਤਾ ਗਿਆ। ਭਾਰਤ ਸਰਕਾਰ ਨੇ ਕਿਹਾ ਕਿ ਨਵੇਂ ਖਰੀਦ ਸੀਜਨ ਲਈ ਕਿਸਾਨਾਂ ਨੂੰ ਸਿੱਧੀ ਰਾਸ਼ੀ ਪੰਜਾਬ ਸਰਕਾਰ ਜਾਰੀ ਕਰੇਗੀ। ਅੱਜ ਦੀ ਮੀਟਿੰਗ ਵਿੱਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਖੁਰਾਕ ਮੰਤਰੀ ਭਾਰਤ ਭੂਸ਼ਣ ਆਸ਼ੂ, ਸਿੱਖਿਆ ਮੰਤਰੀ ਵਿਜੇਂਦਰ ਸਿੰਗਲਾ ਅਤੇ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਮੌਜੂਦ ਸਨ। ਕੇਂਦਰ ਦੀ ਇਸ ਨਾਂਹ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਆੜਤੀਆਂ ਨਾਲ ਮੀਟਿੰਗ ਵੀ ਸੱਦੀ ਹੈ।