ਚੰਡੀਗੜ੍ਹ: ਪੰਜਾਬ ਦੀਆਂ ਬੱਸਾਂ ਦੀ ਚੰਡੀਗੜ੍ਹ ਵਿੱਚ ਐਂਟਰੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਚੰਡੀਗੜ੍ਹ ਪ੍ਰਸ਼ਾਸਨ ਦੇ ਫ਼ੈਸਲੇ ਮੁਤਾਬਕ 16 ਸਤੰਬਰ ਤੋਂ ਪੰਜਾਬ ਹਰਿਆਣਾ ਦੀਆਂ ਬੱਸਾਂ ਚੰਡੀਗੜ੍ਹ ਵਿਚ ਐਂਟਰ ਹੋ ਸਕਦੀਆਂ ਹਨ। ਜਿਸ ਤਹਿਤ ਪੰਜਾਬ ਤੋਂ ਆਉਣ ਵਾਲੀਆਂ ਬੱਸਾਂ ਚੰਡੀਗੜ੍ਹ ਦੇ ਸੈਕਟਰ 43 ਬੱਸ ਅੱਡੇ ‘ਚ ਠਹਿਰ ਸਕਦੀਆਂ ਹਨ।
ਇਸ ਤੋਂ ਪਹਿਲਾਂ ਚੰਡੀਗੜ੍ਹ ਪ੍ਰਸ਼ਾਸਨ ਨੇ ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਬਾਹਰੀ ਸੂਬਿਆਂ ਦੀਆਂ ਬੱਸਾਂ ਦੀ ਐਂਟਰੀ ਬੈਨ ਕਰ ਦਿੱਤੀ ਸੀ। ਜਿਸ ਕਾਰਨ ਯਾਤਰੀਆਂ ਨੂੰ ਕਾਫੀ ਮੁਸ਼ਕਿਲਾਂ ਆ ਰਹੀਆਂ ਸਨ। ਪੰਜਾਬ ਤੋਂ ਚੰਡੀਗੜ੍ਹ ਨੂੰ ਆਉਣ ਵਾਲੀਆਂ ਬੱਸਾਂ ਮੁਹਾਲੀ ਅਤੇ ਜ਼ੀਰਕਪੁਰ ਹੀ ਰੁੱਕ ਰਹੀਆਂ ਸਨ। ਮੁਹਾਲੀ ਦੇ ਫੇਜ਼ 6 ਨਵੇਂ ਬੱਸ ਅੱਡੇ ਤੋਂ ਸਵਾਰੀਆਂ ਫਿਰ ਟੈਕਸੀ ਜਾਂ ਆਟੋ ਲੈ ਕੇ ਚੰਡੀਗੜ੍ਹ ਪਹੁੰਚਦੀਆਂ ਸਨ। ਇਸੇ ਤਰ੍ਹਾਂ ਜ਼ੀਰਕਪੁਰ ਤੋਂ ਵੀ ਚੰਡੀਗੜ੍ਹ ਨੂੰ ਆਉਣ ਲਈ ਸਵਾਰੀਆਂ ਪ੍ਰਾਈਵੇਟ ਸਾਧਨ ਵਰਤ ਰਹੀਆਂ ਸਨ।
ਪੰਜਾਬ ਦੀਆਂ ਬੱਸਾਂ ਦੀ ਚੰਡੀਗੜ੍ਹ ‘ਚ ਐਂਟਰੀ ਬੈਨ ਵਾਲੀ ਪਾਬੰਦੀ ਨੂੰ ਹਟਾਉਂਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਨੇ ਕੁਝ ਸ਼ਰਤਾਂ ਰੱਖੀਆਂ ਹਨ। ਬੱਸਾਂ ਵਿੱਚ 50 ਫ਼ੀਸਦੀ ਹੀ ਸਵਾਰੀਆਂ ਸਫ਼ਰ ਕਰ ਸਕਦੀਆਂ ਹਨ। ਬੱਸ ਖ਼ਾਲੀ ਹੋਣ ਉਪਰੰਤ ਉਸ ਨੂੰ ਸੈਨੇਟਾਈਜ਼ ਕੀਤਾ ਜਾਵੇਗਾ। ਬੱਸ ਵਿੱਚ ਬੈਠਣ ਤੋਂ ਪਹਿਲਾਂ ਯਾਤਰੀਆਂ ਦੀ ਥਰਮਲ ਸਕਰੀਨਿੰਗ ਹੋਵੇਗੀ। ਇਸ ਦੌਰਾਨ ਜੇਕਰ ਕਿਸੇ ਵਿਅਕਤੀ ਦਾ ਤਾਪਮਾਨ ਜ਼ਿਆਦਾ ਆਉਂਦਾ ਹੈ ਤਾਂ ਉਸ ਨੂੰ ਬੱਸ ਵਿੱਚ ਬੈਠਣ ਦੀ ਇਜਾਜ਼ਤ ਨਹੀਂ ਹੋਵੇਗੀ। ਬੱਸ ਵਿੱਚ ਸਫ਼ਰ ਕਰਨ ਦੇ ਲਈ ਮਾਸਕ ਲਾਜ਼ਮੀ ਹੋਵੇਗਾ।