ਚੰਡੀਗੜ੍ਹ : ਅੱਜ ਵਿਧਾਨ ਸਭਾ ਵਿੱਚੋਂ ਸਦਨ ਦੌਰਾਨ ਆਮ ਆਦਮੀ ਪਾਰਟੀ ਨੇਤਾਵਾਂ ਨੇ ਵਾਕਆਉਟ ਕਰਦਿਆਂ ਕਈ ਅਹਿਮ ਖੁਲਾਸੇ ਕੀਤੇ। ਜੇਕਰ ਗੱਲ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਦੀ ਕਰੀਏ ਤਾਂ ਉਨ੍ਹਾਂ ਨੇ ਤਾਂ ਅੱਜ ਬੋਲਦਿਆਂ ਅਨੋਖਾ ਹੀ ਖੁਲਾਸਾ ਕੀਤਾ ਹੈ। ਜੀ ਹਾਂ ਦਰਅਸਲ ਮਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਹਿਲਾ ਮਿੱਤਰ ਅਰੂਸਾ ਆਲਮ ਸਬੰਧੀ ਗੱਲ ਕਰ ਰਹੇ ਸਨ ਤਾਂ ਇਸ ਦੌਰਾਨ ਉਨ੍ਹਾਂ ਕਿਹਾ ਕਿ ਹੁਣ ਤਾਂ ਇਹ ਹਾਲਾਤ ਹਨ ਕਿ ਸੂਬੇ ਅੰਦਰ ਐਸਐਸਪੀ ਡੀਸੀ ਵੀ ਉਹ ਹੀ ਲਗਾਉਂਦੀਆਂ ਹਨ।
ਭਗਵੰਤ ਮਾਨ ਨੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਬਾਰੇ ਬੋਲਦਿਆਂ ਕਿਹਾ ਕਿ ਉਨ੍ਹਾਂ ਦਾ ਕਹਿਣਾ ਹੈ ਕਿ ਜਿਹੜੇ ਸ਼ਰਧਾਲੂ ਕਰਤਾਰਪੁਰ ਸਾਹਿਬ ਮੱਥਾ ਟੇਕ ਕੇ ਆਉਂਦੇ ਹਨ ਉਹ ਛੇ ਘੰਟਿਆਂ ‘ਚ ਅੱਤਵਾਦੀ ਬਣ ਕੇ ਆ ਜਾਂਦੇ ਹਨ ਪਰ ਡੀਜੀਪੀ ਇਹ ਦੱਸਣ ਕਿ ਜਿਹੜੀ ਅਰੂਸਾ ਆਲਮ ਪਿਛਲੇ ਛੇ ਸਾਲ ਤੋਂ ਇੱਧਰ ਰਹਿ ਰਹੀ ਹੈ ਉਹ ਕੌਣ ਹੈ? ਮਾਨ ਨੇ ਕਿਹਾ ਕਿ ਅਰੂਸਾ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਅਫਵਾਹਾਂ ਹਨ ਇਸ ਲਈ ਉਸ ਦਾ ਸਟੇਟਸ ਦੱਸਿਆ ਜਾਵੇ ਕਿ ਉਹ ਕਿਉਂ ਰਹਿ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਇਹ ਦੱਸਣ ਕਿ ਡੀਜੀਪੀ ਦਿਨਕਰ ਗੁਪਤਾ ਦੀਆਂ ਅਰੂਸਾ ਆਲਮ ਦੇ ਪੈਰਾਂ ‘ਚ ਬੈਠੇ ਦੀਆਂ ਤਸਵੀਰਾਂ ਸਾਹਮਣੇ ਕਿਉਂ ਆਉਂਦੀਆਂ ਹਨ। ਮਾਨ ਨੇ ਕਿਹਾ ਕਿ ਉਹ ਹੁਣ ਤੱਕ ਇਸ ਬਾਰੇ ਨਹੀਂ ਬੋਲੇ ਕਿਉਂਕਿ ਇਹ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਹੈ ਪਰ ਹੁਣ ਜਦੋਂ ਡੀਜੀਪੀ ਇਹ ਕਹਿ ਰਿਹਾ ਹੈ ਕਿ ਕਰਤਾਰਪੁਰ ਸਾਹਿਬ ਜਾ ਕੇ ਅੱਤਵਾਦੀ ਬਣ ਕੇ ਆਉਂਦੇ ਹਨ ਅਤੇ ਇਸ ਸ਼ਾਂਤੀ ਦੇ ਪੁੰਜ ਅਸਥਾਨ ਨੂੰ ਅੱਤਵਾਦੀਆਂ ਦਾ ਡੇਰਾ ਕਹਿ ਰਹੇ ਹਨ ਤੇ ਆਪਣੇ ਘਰ ਪਤਾ ਨਹੀਂ ਕਿਸ ਕਿਸ ਨੂੰ ਰੱਖੀ ਬੈਠੇ ਹਨ। ਮਾਨ ਨੇ ਕਿਹਾ ਕਿ ਹੁਣ ਤਾਂ ਅਰੂਸਾ ਦੀਆਂ ਭੈਣਾਂ ਵੀ ਇੱਧਰ ਆ ਗਈਆਂ ਹਨ ਅਤੇ ਸੂਬੇ ਅੰਦਰ ਐਸਐਸਪੀ ਡੀਸੀ ਲਾਉਣੇ ਵੀ ਉਨ੍ਹਾਂ ਦਾ ਹੀ ਕੰਮ ਹੈ ਅਤੇ ਉਹ ਹੀ ਨਿਯੁਕਤ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਡੀਜੀਪੀ ਨੂੰ ਬਰਖਾਸਤ ਕਰਨਾ ਚਾਹੀਦਾ ਹੈ।