ਚੰਡੀਗੜ: ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਨਵੇਂ ਅਕਾਦਮਿਕ ਸੈਸ਼ਨ ਲਈ ਦਾਖਲਿਆਂ ਵਾਸਤੇ ਸ਼ੁਰੂ ਕੀਤੀ ਮੁਹਿੰਮ ਵਿੱਚ ਹੋਰ ਤੇਜ਼ੀ ਲਿਆਉਣ ਵਾਸਤੇ ਆਪਣੀ ਰਣਨੀਤੀ ਨੂੰ ਨਵਿਆਉਣ ਲਈ ਕਦਮ ਪੁੱਟੇ ਹਨ।
ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਅਨੁਸਾਰ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਵੱਲੋਂ ਦਾਖਲਾ ਮੁਿਹੰਮ ਵਿੱਚ ਹੋਰ ਤੇਜ਼ੀ ਲਿਆਉਣ ਲਈ ਦਿੱਤੇ ਗਏ ਨਿਰਦੇਸ਼ਾਂ ਤੋਂ ਬਾਅਦ ਹੋਈ ਇੱਕ ਅਹਿਮ ਮੀਟਿੰਗ ਦੌਰਾਨ ਪ੍ਰਾਪਤ ਹੋਏ ਸੁਝਾਵਾਂ ਦੇ ਆਧਾਰ ’ਤੇ ਸੈਂਟਰ ਹੈਡ ਟੀਚਰਾਂ (ਸੀ.ਐੱਚ.ਟੀ.) ਨੂੰ ਸਕੂਲ ਮੁਖੀਆਂ ਨਾਲ ਲਗਾਤਾਰ ਮੀਟਿੰਗਾਂ ਕਰਨ ਲਈ ਆਖਿਆ ਗਿਆ ਹੈ। ਪ੍ਰੀ-ਪ੍ਰਾਇਮਰੀ ਅਤੇ ਪ੍ਰਾਇਮਰੀ ਦੇ ਅਧਿਆਪਕਾਂ ਨਾਲ ਅਲੱਗ ਤੌਰ ਤੇ ਸੀ.ਐੱਚ.ਟੀ. ਨੂੰ ਜਾਇਜਾ ਮੀਟਿੰਗਾਂ ਕਰਨ ਅਤੇ ਫੋਨ ਕਾਲ ਰਾਹੀਂ ਉਨਾਂ ਨੂੰ ਹੱਲਾਸ਼ੇਰੀ ਦੇਣ ਲਈ ਵੀ ਕਿਹਾ ਗਿਆ ਹੈ।
ਬੁਲਾਰੇ ਅਨੁਸਾਰ ਦਾਖਲੇ ਲਈ ਘਰੋ-ਘਰ ਜਾਣ ਸਮੇਂ ਪ੍ਰੀ-ਪ੍ਰਾਇਮਰੀ ਅਤੇ ਪ੍ਰਾਇਮਰੀ ਦੇ ਬੱਚਿਆਂ ਨੂੰ ਉਨਾਂ ਦੀਆਂ ਪ੍ਰਾਪਤੀਆਂ ਬਦਲੇ ਸਨਮਾਨਿਤ ਕਰਨ ਅਤੇ ਉਨਾਂ ਨਾਲ ਖਿਚਵਾਈਆਂ ਫੋਟੋਆਂ ਸੋਸ਼ਲ ਮੀਡੀਆ ’ਤੇ ਵਾਇਰਲ ਕਰਨ ਲਈ ਅਧਿਆਪਕਾਂ ਨੂੰ ਆਖਿਆ ਗਿਆ ਹੈ। ਧਾਰਮਿਕ ਸਥਾਨਾਂ ਤੇ ਸਵੇਰੇ-ਸ਼ਾਮ ਅਨਾਉਂਸਮੈਂਟ ਕਰਨ, ਸਾਂਝੀਆਂ ਥਾਵਾਂ ਤੇ ਦਾਖਲੇ ਸੰਬੰਧੀ ਫਲੈਕਸ ਲਗਾਉਣ, ਸਕੂਲ ਵਿੱਚ ਮਾਪਿਆਂ ਦੀ ਫੇਰੀ ਲਗਾਉਣ ਨੂੰ ਪ੍ਰੇਰਿਤ ਕਰਨ, ਆਂਗਣਵਾੜੀ ਵਰਕਰ ਦੀ ਮਦਦ ਨਾਲ ਦਾਖਲੇ ਵਧਾਉਣ ’ਤੇ ਜ਼ੋਰ ਦੇਣ ਲਈ ਵੀ ਨੂੰ ਸੇਧ ਦਿੱਤੀ ਗਈ ਹੈ। ਪਿਛਲੇ ਅਕਾਦਮਿਕ ਸੈਸ਼ਨ ਤੋਂ ਵੱਧ ਦਾਖਲੇ ਕਰਨ ਵਾਲੇ ਕਲੱਸਟਰ ਜਾਂ ਸਕੂਲ ਦਾ ਪੋਸਟਰ ਬਣਾ ਕੇ ਗਰੁੱਪਾਂ ਵਿੱਚ ਸਾਂਝਾ ਕਰਨ ਅਤੇ ਸਮੂਹ ਸਟਾਫ ਦੀ ਸਰਾਹਨਾ ਕਰਨ ਲਈ ਕਿਹਾ ਗਿਆ ਹੈ।
ਪ੍ਰਾਈਵੇਟ ਸਕੂਲਾਂ ਤੋਂ ਹਟ ਕੇ ਆ ਰਹੇ ਬੱਚਿਆਂ ਦੀ ਪੜਾਈ-ਲਿਖਾਈ ’ਤੇ ਵਿਸ਼ੇਸ਼ ਤੌਰ ’ਤੇ ਧਿਆਨ ਕੇਂਦਰਤ ਕਰਨ ਅਤੇ ਦਾਖਲ ਹੋਣ ਵਾਲੇ ਨਵੇਂ ਬੱਚਿਆਂ ਨੂੰ ਈ-ਪੰਜਾਬ ’ਤੇ ਰੋਜ਼ਾਨਾ ਅਪਡੇਟ ਕਰਨ ਤੋਂ ਇਲਾਵਾ ਵਿਦਿਆਰਥੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਕਿਤਾਬਾਂ ਤੇ ਸਪਲੀਮੈਂਟਰੀ ਮਟੀਰੀਅਲ ਤੁਰੰਤ ਘਰ-ਘਰ ਜਾ ਕੇ ਦੇਣ ਲਈ ਵੀ ਨਿਰਦੇਸ਼ ਦਿੱਤੇ ਗਏ ਹਨ।