ਚੰਡੀਗੜ੍ਹ : ਸੂਬੇ ਅੰਦਰ ਕੋਵਿਡ ਵੈਕਸੀਨ ਟੀਕੇ ਦੇ ਸਰਟੀਫਿਕੇਟ ‘ਤੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਨਹੀਂ ਹੋਵੇਗੀ । ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਦੀ ਕਾਂਗਰਸ ਸਰਕਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ਨੂੰ ਕੋਵੀਡ-19 ਟੀਕੇ ਦੇ ਸਰਟੀਫਿਕੇਟ ਤੋਂ ਹਟਾ ਦਿੱਤਾ ਹੈ। ਹੁਣ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਦੁਆਰਾ ਜਾਰੀ ਕੀਤਾ ਜਾ ਰਿਹਾ ਕੋਵਿਡ-19 ਸਰਟੀਫਿਕੇਟ ‘ਤੇ ‘ਮਿਸ਼ਨ ਫਤਿਹ’ ਦਾ ਲੋਗੋ ਹੈ। ਸੂਤਰਾਂ ਦੀ ਮੰਨੀਏ ਤਾਂ ਅਜਿਹਾ ਕਦਮ ਕਈ ਸਿਆਸੀ ਆਗੂਆਂ ਵਲੋਂ ਪ੍ਰਧਾਨ ਮੰਤਰੀ ਦੀ ਫੋਟੋ ਨੂੰ ਕੋਵਿਡ-19 ਸਰਟੀਫਿਕੇਟ ਤੋਂ ਹਟਾਉਣ ਦੀ ਲਗਾਤਾਰ ਕੀਤੀ ਜਾ ਰਹੀ ਮੰਗ ਤੋਂ ਬਾਅਦ ਚੁੱਕਿਆ ਗਿਆ ਹੈ।
18-45 ਉਮਰ ਸਮੂਹ ਵਿਚ ਲਾਭਪਾਤਰੀਆਂ ਨੂੰ ਜਾਰੀ ਕੀਤੇ ਜਾ ਰਹੇ ਟੀਕੇ ਦੇ ਸਰਟੀਫਿਕੇਟ ‘ਤੇ ਹੁਣ ਪ੍ਰਧਾਨ ਮੰਤਰੀ ਮੋਦੀ ਦੀ ਫੋਟੋ ਨਹੀਂ ਹੈ। ਇਸ ਤੋਂ ਪਹਿਲਾਂ, ਪੰਜਾਬ ਸਰਕਾਰ ਨੇ ਸਪੱਸ਼ਟ ਕੀਤਾ ਸੀ ਕਿ ਉਸਨੇ 18-45 ਸਾਲ ਦੀ ਉਮਰ ਸਮੂਹ ਲਈ ਵੈਕਸੀਨ ਦੀ ਸਪਲਾਈ ਕਰਨ ਵਾਲਿਆਂ ਤੋਂ ਸਿੱਧੇ ਤੌਰ ‘ਤੇ ਖਰੀਦ ਕੀਤੀ ਹੈ। ਇਸੇ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਫੋਟੋ ਹਟਾਉਣ ਦਾ ਕਾਰਨ ਮੰਨਿਆ ਜਾ ਰਿਹਾ ਹੈ।
ਉਧਰ ਸਰਕਾਰ ਦੇ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਦੀ ਤਸਵੀਰ ਨੂੰ ਨਹੀਂ ਹਟਾਇਆ, ਪਰ ਇਸ ਨੂੰ ‘ਕੋਵਾ ਐਪ’ ਤੋਂ ਜਾਰੀ ਕੀਤੇ ਜਾ ਰਹੇ ਸਰਟੀਫਿਕੇਟ ਵਿਚ ਸ਼ਾਮਲ ਨਹੀਂ ਕੀਤਾ ਹੈ।
ਉਨ੍ਹਾਂ ਅੱਗੇ ਦਲੀਲ ਦਿੱਤੀ ਕਿ ਜੇ ਪੰਜਾਬ ਦੇ ਸਰਟੀਫਿਕੇਟ ਵਿਚ ਮੋਦੀ ਦੀ ਤਸਵੀਰ ਨਹੀਂ ਹੈ, ਤਾਂ ਇਸ ਵਿਚ ਝਾਰਖੰਡ ਅਤੇ ਛੱਤੀਸਗੜ੍ਹ ਦੇ ਉਲਟ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਤਸਵੀਰ ਵੀ ਨਹੀਂ ਹੈ, ਜਿਥੇ ਸਰਟੀਫਿਕੇਟ ਵਿਚ ਉਨ੍ਹਾਂ ਦੇ ਮੁੱਖ ਮੰਤਰੀਆਂ ਦੀਆਂ ਤਸਵੀਰਾਂ ਹਨ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਝਾਰਖੰਡ ਅਤੇ ਛੱਤੀਸਗੜ ਵੀ ਅਜਿਹਾ ਹੀ ਕਰ ਚੁੱਕੇ ਹਨ। ਕੋਵਿਡ ਵੈਕਸੀਨੇਸ਼ਨ ਸਰਟੀਫਿਕੇਟ ਤੋਂ ਪ੍ਰਧਾਨ ਮੰਤਰੀ ਦੀ ਫੋਟੋ ਹਟਾਉਣ ਵਾਲਾ ਪੰਜਾਬ ਦੇਸ਼ ਦਾ ਤੀਜਾ ਸੂਬਾ ਹੈ।