ਜਲੰਧਰ: ਕੋਰੋਨਾ ਵਾਇਰਸ ਕਰਕੇ ਪੰਜਾਬ ਦੇ ਵਿੱਚ ਕਰਫ਼ਿਊ ਲੱਗਿਆ ਹੋਇਆ ਤੇ ਜਿਹੜਾ ਵੀ ਕਰਫਿਊ ਦੀ ਉਲੰਘਣਾ ਕਰਦਾ ਪੰਜਾਬ ਪੁਲੀਸ ਵੱਲੋਂ ਲਗਾਤਾਰ ਉਸ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਪਰ ਇਸ ਦਾ ਸ਼ਿਕਾਰ ਹੁਣ ਪੰਜਾਬ ਪੁਲਿਸ ਦੇ ਕਾਂਸਟੇਬਲ ਨੀਤੂ ਸਿੰਘ ਤੇ ਉਹਨਾਂ ਦੀ ਵੀ ਪਤਨੀ ਹੋ ਗਏ ਹਨ।
ਹੁਸ਼ਿਆਰਪੁਰ ਪੁਲਿਸ ਵਲੋਂ ਸ਼ਹਿਰ ਦੀ ਐਂਟਰੀ ਤੇ ਨਾਕਾ ਲਗਾਇਆ ਹੋਇਆ ਸੀ। ਰਾਤ ਦੇ ਸਮੇਂ ਕਾਂਸਟੇਬਲ ਨੀਤੂ ਸਿੰਘ ਤੇ ਉਨ੍ਹਾਂ ਦੀ ਪਤਨੀ ਲੁਧਿਆਣਾ ਨੂੰ ਜਾ ਰਹੇ ਸਨ। ਦੋਵੇਂ ਪਤੀ ਪਤਨੀ ਕਾਂਸਟੇਬਲ ਜਿਨ੍ਹਾਂ ਦੀ ਡਿਊਟੀ ਲੁਧਿਆਣਾ ਚ ਲੱਗੀ ਹੋਈ ਹੈ ਉਹ ਕਿਸੇ ਕੰਮ ਦੇ ਲਈ ਜਲੰਧਰ ਆਏ ਹੋਏ ਸਨ ਪਰ ਜਦੋਂ ਸ਼ਾਮ ਨੂੰ ਵਾਪਸ ਜਾਣ ਲੱਗੇ ਤਾਂ ਹੁਸ਼ਿਆਰਪੁਰ ਪੁਲਿਸ ਮੁਲਾਜ਼ਮਾਂ ਵੱਲੋਂ ਦੋਵਾਂ ਪਤੀ ਪਤਨੀ ਕਾਂਸਟੇਬਲ ਨੂੰ ਰੋਕਿਆ ਗਿਆ।
ਨੀਤੂ ਸਿੰਘ ਤੇ ਉਸ ਦੀ ਪਤਨੀ ਦਾ ਇਲਜ਼ਾਮ ਹੈ ਕਿ ਨਾਕੇ ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਦੇ ਨਾਲ ਬਦਸਲੂਕੀ ਕੀਤੀ ਤੇ ਡੰਡੇ ਵੀ ਮਾਰੇ। ਨੀਤੂ ਸਿੰਘ ਦੀ ਪਤਨੀ ਨੇ ਇਲਜ਼ਾਮ ਲਗਾਇਆ ਕਿ ਨਾਕੇ ਤੇ ਤਾਇਨਾਤ ਮੁਲਾਜ਼ਮਾਂ ਨੇ ਸ਼ਰਾਬ ਪੀਤੀ ਹੋਈ ਸੀ ਤੇ ਜਦੋਂ ਉਨ੍ਹਾਂ ਨੇ ਵਾਪਸ ਜਾਣ ਦਾ ਕਾਰਨ ਦੱਸਿਆ ਤਾਂ ਅੱਗੋਂ ਮੁਲਾਜ਼ਮਾਂ ਨੇ ਉਨ੍ਹਾਂ ਦੇ ਨਾਲ ਹੱਥੋਂਪਾਈ ਕੀਤੀ।