ਜਲੰਧਰ: ਪੰਜਾਬ ਪੁਲਿਸ ਅਤੇ ATS ਮੁੰਬਈ ਦੀ ਮਦਦ ਨਾਲ ਜੁਲਾਈ 2022 ਨੂੰ ਮੁੰਬਈ ਦੇ ਨਾਹਵਾ ਸ਼ੇਵਾ ਪੋਰਟ ਤੋਂ ਫੜੀ ਗਈ 362 ਕਰੋੜ ਰੁਪਏ ਦੀ ਹੈਰੋਇਨ ਦੇ ਮਾਮਲੇ ਵਿੱਚ ਤਿੰਨ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਗ੍ਰਿਫਤਾਰੀ ਗੁਰਦਾਸਪੁਰ ਪੁਲਿਸ ਨੂੰ ਮਿਲੇ ਇਨਪੁਟ ਦੇ ਆਧਾਰ ‘ਤੇ ਕੀਤੀ ਗਈ ਹੈ।ਇਹ ਜਾਣਕਾਰੀ ਅੱਜ ਇੱਥੇ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਦਿੱਤੀ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅੰਮ੍ਰਿਤਸਰ ਦੇ ਪਿੰਡ ਪੰਡੋਰੀ ਦੇ ਵਾਸੀ ਗੁਰਵਿੰਦਰ ਸਿੰਘ ਉਰਫ਼ ਮਹਿਕ (27), ਤਰਨਤਾਰਨ ਦੇ ਪਿੰਡ ਭਿੱਖੀਵਿੰਡ ਦੇ ਵਾਸੀ ਗੁਰਸੇਵਕ ਸਿੰਘ ਉਰਫ਼ ਸੇਵਕ (25) ਅਤੇ ਅੰਮ੍ਰਿਤਸਰ ਦੇ ਪਿੰਡ ਮਾਹਵਾ ਦੇ ਵਾਸੀ ਮਨਜੀਤ ਸਿੰਘ ਉਰਫ਼ ਸੋਨੀ (34) ਵਜੋਂ ਹੋਈ ਹੈ। ਗ੍ਰਿਫਤਾਰ ਕੀਤੇ ਗਏ ਤਿੰਨੋਂ ਵਿਅਕਤੀ ਪੰਜਾਬ ਵਿੱਚ ਸਰਹੱਦ ਪਾਰੋਂ ਅਤੇ ਅੰਤਰ-ਰਾਜੀ ਨਸ਼ਾ ਤਸਕਰੀ ਵਿੱਚ ਸਰਗਰਮੀ ਨਾਲ ਸ਼ਾਮਲ ਸਨ।
ਇਸ ਗ੍ਰਿਫਤਾਰੀ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਸੂਬਿਆਂ ‘ਚ ਵਿਦੇਸ਼ ਤੋਂ ਹੈਰੋਇਨ ਦੀ ਤਸਕਰੀ ਕਰਨ ਵਾਲੇ ਵੱਡੇ ਰੈਕੇਟ ਦਾ ਪਰਦਾਫਾਸ਼ ਹੋਇਆ ਹੈ।ਡੀਜੀਪੀ ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਤਿੰਨੋਂ ਮੁਲਜ਼ਮ ਪੰਜਾਬ ਵਿੱਚ ਵੱਡੇ ਪੱਧਰ ਤੇ ਸਰਹੱਦ ਪਾਰ ਅਤੇ ਅੰਤਰ-ਰਾਜੀ ਨਸ਼ਾ ਤਸਕਰੀ ਵਿੱਚ ਸਰਗਰਮ ਹਨ। ਪੰਜਾਬ ਪੁਲਿਸ ਦੇ SSOC ਵਿੰਗ ਨੇ ਜੁਲਾਈ 2022 ਨੂੰ ਇੱਕ ਇਨਪੁਟ ਦਿੱਤਾ ਸੀ ਕਿ ਇਹ ਖੇਪ ਮੁੰਬਈ ਦੇ ਨਾਹਵਾ ਸ਼ੇਵਾ ਪੋਰਟ ‘ਤੇ ਪਹੁੰਚਾ ਦਿੱਤੀ ਗਈ ਸੀ। ਇਸ ਦੇ ਲਈ ATS ਦਾ ਸਹਿਯੋਗ ਲਿਆ ਗਿਆ। ਦੁਬਈ ਤੋਂ ਮੁੰਬਈ ਪਹੁੰਚੇ ਇਕ ਕੰਟੇਨਰ ਨੂੰ ਜਦੋਂ ਖੋਲ੍ਹਿਆ ਗਿਆ ਤਾਂ ਉਸ ਵਿਚੋਂ 72.5 ਕਿਲੋ ਹੈਰੋਇਨ ਬਰਾਮਦ ਹੋਈ। ਜਿਸ ਦੀ ਅੰਤਰਰਾਸ਼ਟਰੀ ਕੀਮਤ 363 ਕਰੋੜ ਰੁਪਏ ਦੱਸੀ ਗਈ ਸੀ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਭਰੋਸੇਯੋਗ ਜਾਣਕਾਰੀ ਮਿਲਣ ਉਪਰੰਤ ਗੁਰਦਾਸਪੁਰ ਪੁਲਿਸ ਨੇ ਬੁੱਧਵਾਰ ਸ਼ਾਮ ਨੂੰ ਇੱਕ ਵਿਸ਼ੇਸ਼ ਆਪ੍ਰੇਸ਼ਨ ਚਲਾਇਆ ਅਤੇ ਗੁਰਦਾਸਪੁਰ ਦੇ ਧਾਰੀਵਾਲ ਖੇਤਰ ਵਿੱਚ ਅੰਮ੍ਰਿਤਸਰ-ਜੰਮੂ ਹਾਈਵੇਅ ‘ਤੇ ਇੱਕ ਐਸਯੂਵੀ ਮਹਿੰਦਰਾ ਥਾਰ (ਪੀਬੀ 46 ਏਐਚ 0003) ਨੂੰ ਰੋਕ ਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮ ਨੇ ਗੱਡੀ ਦੀ ਤਲਾਸ਼ੀ ਦੌਰਾਨ ਇੱਕ ਰਿਵਾਲਵਰ ਸਮੇਤ 9 ਐਮਐਮ ਦੇ 6 ਜਿੰਦਾ ਕਾਰਤੂਸ ਅਤੇ .32 ਬੋਰ ਦੇ 6 ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ।
ਡੀਜੀਪੀ ਨੇ ਕਿਹਾ ਕਿ ਜਾਂਚ ਦੌਰਾਨ, ਮੁੰਬਈ ਏਟੀਐਸ ਨੇ ਇਨ੍ਹਾਂ ਤਿੰਨੋਂ ਗ੍ਰਿਫਤਾਰ ਵਿਅਕਤੀਆਂ ਗੁਰਵਿੰਦਰ ਸਿੰਘ, ਗੁਰਸੇਵਕ ਸਿੰਘ ਅਤੇ ਮਨਜੀਤ ਸਿੰਘ ਨੂੰ ਨਾਮਜ਼ਦ ਕੀਤਾ, ਜੋ ਕਿ ਕੰਟੇਨਰ ਦੇ ਪ੍ਰਾਪਤਕਰਤਾ ਸਨ ਅਤੇ ਉਹ ਇਸ ਸਬੰਧ ਵਿੱਚ ਦਿੱਲੀ ਵੀ ਗਏ ਸਨ।
ਐਸਐਸਪੀ ਗੁਰਦਾਸਪੁਰ ਦੀਪਕ ਹਿਲੋਰੀ ਨੇ ਦੱਸਿਆ ਕਿ ਮੁਲਜ਼ਮ ਗੁਰਵਿੰਦਰ ਸਿੰਘ ਅਤੇ ਮਨਜੀਤ ਸਿੰਘ ਇਰਾਦਾ ਕਤਲ ਦੀ ਕੋਸ਼ਿਸ਼ ਦੇ ਕੇਸ ਵਿੱਚ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਵੀ ਲੋੜੀਂਦੇ ਹਨ, ਜਿਸ ਵਿੱਚ ਉਨ੍ਹਾਂ ਨੇ ਅਕਤੂਬਰ 2020 ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੀ ਪੁਲੀਸ ਪਾਰਟੀ ’ਤੇ ਗੋਲੀਬਾਰੀ ਕੀਤੀ ਸੀ। ਉਨ੍ਹਾਂ ਦੱਸਿਆ ਕਿ ਭਾਰਤੀ ਦੰਡਾਵਲੀ ਨਿਯਮ (ਆਈਪੀਸੀ) ਦੀਆਂ ਧਾਰਾਵਾਂ 307, 353, 186 ਅਤੇ 34 ਅਤੇ ਅਸਲਾ ਐਕਟ ਦੀਆਂ ਧਾਰਾਵਾਂ 25 ਅਤੇ 27 ਤਹਿਤ ਅੰਮ੍ਰਿਤਸਰ ਦੇ ਥਾਣਾ ਲੋਪੋਕੇ ਵਿਖੇ ਇਸ ਸਬੰਧੀ ਪਹਿਲਾਂ ਹੀ ਕੇਸ ਦਰਜ ਹੈ।