ਚੰਡੀਗੜ੍ਹ: ਪੰਜਾਬ ‘ਚ ਵੱਡਾ ਬਿਜਲੀ ਦਾ ਸੰਕਟ ਪੈਦਾ ਹੋ ਸਕਦਾ ਹੈ, ਇਹ ਖ਼ਦਸ਼ਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜ਼ਾਹਰ ਕੀਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਕਾਰਨ ਸੂਬੇ ਵਿੱਚ ਕੋਲਾ ਨਹੀਂ ਆ ਰਿਹਾ ਹੈ। ਜਿਸ ਨਾਲ ਪੰਜਾਬ ਵਿੱਚ ਬਿਜਲੀ ਪੈਦਾ ਕਰਨ ਵਾਲੇ ਸਿਰਫ਼ ਦੋ ਯੂਨਿਟ ਹੀ ਬਚੇ ਹਨ। ਬਾਕੀ ਪਾਵਰ ਪਲਾਂਟਾਂ ਵਿੱਚ ਬਿਜਲੀ ਬਣਨੀ ਬੰਦ ਹੋ ਚੁੱਕੀ ਹੈ। ਜੇਕਰ ਸਮੇਂ ਸਿਰ ਪਾਵਰ ਪਲਾਂਟਾਂ ਨੂੰ ਕੋਲਾ ਨਹੀਂ ਦਿੱਤਾ ਗਿਆ ਤਾਂ ਬਿਜਲੀ ਪੈਦਾ ਕਰਨ ‘ਚ ਮੁਸ਼ਕਿਲ ਵੱਧ ਸਕਦੀ ਹੈ।
ਇਸ ਦੇ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਕੋਲ ਇੰਨਾ ਪੈਸਾ ਨਹੀਂ ਹੈ ਕਿ ਉਹ ਨੈਸ਼ਨਲ ਗਰਿੱਡ ਤੋਂ ਬਿਜਲੀ ਮੁੱਲ ਲੈ ਸਕੇ। ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਮਾਲ ਗੱਡੀਆਂ ਲਈ ਰਸਤਾ ਦੇਣ।
ਰੇਲ ਰੋਕੋ ਅੰਦੋਲਨ ਤਹਿਤ ਪੂਰੇ ਪੰਜਾਬ ਵਿੱਚ ਕਿਸਾਨ ਰੇਲ ਟਰੈਕ ਜਾਮ ਕਰਕੇ ਬੈਠੇ ਹਨ। ਅੰਮ੍ਰਿਤਸਰ ‘ਚ ਜੰਡਿਆਲਾ ਗੁਰੂ ਦੇ ਦੇਵੀਦਾਸਪੁਰਾ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਧਰਨਾ ਦੇ ਰਹੀ ਹੈ। ਕਿਸਾਨਾਂ ਨੂੰ ਇੱਥੇ ਰੇਲ ਟਰੈਕ ‘ਤੇ ਬੈਠੇ ਹੋਏ ਅੱਜ 23 ਦਿਨ ਹੋ ਚੁੱਕੇ ਹਨ। ਸੂਬੇ ਭਰ ਵਿੱਚ ਕਿਸਾਨ ਕੇਂਦਰ ਦੇ ਖੇਤੀ ਕਾਨੂੰਨ ਖ਼ਿਲਾਫ਼ ਨਿੱਤਰੇ ਹੋਏ ਹਨ। ਕਿਸਾਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਤਿੰਨ ਖੇਤੀ ਕਾਨੂੰਨ ਰੱਦ ਕੀਤੇ ਜਾਣ।