ਚੰਡੀਗੜ੍ਹ: ਪੰਜਾਬ ‘ਚ ਧੂੰਏਂ ਦੇ ਵਧਦੇ ਕਹਿਰ ਕਾਰਨ ਬੁੱਧਵਾਰ ਨੂੰ ਸੂਬੇ ‘ਚ ਪ੍ਰਦੂਸ਼ਣ ਦਾ ਪੱਧਰ ਰੈੱਡ ਜ਼ੋਨ ‘ਚ ਪਹੁੰਚ ਗਿਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਅਨੁਸਾਰ ਖਤਰਨਾਕ ਪੱਧਰ ‘ਤੇ ਵਧੇ ਪ੍ਰਦੂਸ਼ਣ ਕਾਰਨ ਮੰਡੀ ਗੋਬਿੰਦਗੜ੍ਹ ਦਾ ਏਅਰ ਕੁਆਲਿਟੀ ਇੰਡੈਕਸ 322 ਅਤੇ ਅੰਮ੍ਰਿਤਸਰ ਦਾ 310 ਦਰਜ ਕੀਤਾ ਗਿਆ। ਜਦਕਿ, ਪਟਿਆਲਾ ਦਾ AQI 247, ਜਲੰਧਰ ਦਾ 220 ਅਤੇ ਲੁਧਿਆਣਾ ਦਾ 216 ਸੀ, ਜੋ ਕਿ ਖਰਾਬ ਸ਼੍ਰੇਣੀ ਚ ਦਰਜ ਕੀਤਾ ਗਿਆ ਸੀ। ਇਸ ਤੋਂ ਇਲਾਵਾ ਬਠਿੰਡਾ ਦਾ AQI 150 ਅਤੇ ਰੂਪਨਗਰ ਦਾ 189 ਦਰਜ ਕੀਤਾ ਗਿਆ। ਅੰਮ੍ਰਿਤਸਰ ‘ਚ ਧੂੰਏਂ ਕਾਰਨ ਵਿਜ਼ੀਬਿਲਟੀ ਜ਼ੀਰੋ ਰਹੀ। ਇਸ ਕਾਰਨ ਦਿੱਲੀ-ਅੰਮ੍ਰਿਤਸਰ ਫਲਾਈਟ ਰੱਦ ਕਰ ਦਿੱਤੀ ਗਈ। ਇਸ ਦੇ ਨਾਲ ਹੀ ਕਈ ਉਡਾਣਾਂ ‘ਚ ਦੇਰੀ ਹੋਈ।
ਇਸ ਦੇ ਨਾਲ ਹੀ ਪੰਜਾਬ ਵਿੱਚ ਪਰਾਲੀ ਸਾੜਨ ਦਾ ਸਿਲਸਿਲਾ ਜਾਰੀ ਹੈ। ਬੁੱਧਵਾਰ ਨੂੰ ਪਰਾਲੀ ਸਾੜਨ ਦੇ 509 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਹੁਣ ਤੱਕ ਕੁੱਲ ਗਿਣਤੀ 7621 ਹੋ ਗਈ ਹੈ। ਬੁੱਧਵਾਰ ਨੂੰ ਫ਼ਿਰੋਜ਼ਪੁਰ ਅਤੇ ਫ਼ਰੀਦਕੋਟ ਜ਼ਿਲ੍ਹਿਆਂ ਵਿੱਚ ਪਰਾਲੀ ਸਾੜਨ ਦੇ ਸਭ ਤੋਂ ਵੱਧ 91 ਮਾਮਲੇ ਸਾਹਮਣੇ ਆਏ ਹਨ। ਮੋਗਾ ‘ਚ 88, ਮੁਕਤਸਰ ‘ਚ 79, ਬਠਿੰਡਾ ‘ਚ 50, ਤਰਨਤਾਰਨ ‘ਚ 40, ਮਾਨਸਾ ‘ਚ 24, ਬਰਨਾਲਾ ‘ਚ 16, ਫਾਜ਼ਿਲਕਾ ‘ਚ 14, ਸੰਗਰੂਰ ‘ਚ 7, ਅੰਮ੍ਰਿਤਸਰ ‘ਚ 5, ਕਪੂਰਥਲਾ ‘ਚ 3 ਅਤੇ ਫਤਿਹਗੜ੍ਹ ਸਾਹਿਬ ਪਰਾਲੀ ਸਾੜਨ ਦਾ ਇਕ ਮਾਮਲਾ ਸਾਹਮਣੇ ਆਇਆ । ਇਸੇ ਦਿਨ ਸਾਲ 2022 ਵਿੱਚ ਪਰਾਲੀ ਸਾੜਨ ਦੇ ਕੁੱਲ 2175 ਅਤੇ ਸਾਲ 2023 ਵਿੱਚ 1624 ਮਾਮਲੇ ਸਾਹਮਣੇ ਆਏ ਸਨ। 15 ਸਤੰਬਰ ਤੋਂ ਹੁਣ ਤੱਕ ਪਰਾਲੀ ਸਾੜਨ ਦੇ ਕੁੱਲ ਮਾਮਲੇ ਸਾਲ 2022 ਵਿੱਚ 45,319 ਅਤੇ ਸਾਲ 2023 ਵਿੱਚ 26,341 ਹੋ ਗਏ ਹਨ।
ਸਮੌਗ ਨੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਆਉਣ-ਜਾਣ ਵਾਲੀਆਂ ਉਡਾਣਾਂ ਨੂੰ ਵੀ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਦਿੱਲੀ ਤੋਂ ਅੰਮ੍ਰਿਤਸਰ ਆ ਰਹੀ ਇੰਡੀਗੋ ਦੀ ਫਲਾਈਟ ਨੰਬਰ 5103 ਬੁੱਧਵਾਰ ਨੂੰ ਰੱਦ ਕਰ ਦਿੱਤੀ ਗਈ। ਇਸ ਦੇ ਨਾਲ ਹੀ ਸ਼ਾਰਜਹਾ ਤੋਂ ਆਉਣ ਵਾਲੀ ਏਅਰ ਇੰਡੀਆ ਐਕਸਪ੍ਰੈਸ ਛੇ ਘੰਟੇ ਦੇਰੀ ਨਾਲ ਪਹੁੰਚੀ। ਇਹ ਫਲਾਈਟ ਸਵੇਰੇ 7 ਵਜੇ ਪਹੁੰਚਣੀ ਸੀ, ਪਰ ਇੱਕ ਵਜੇ ਪਹੁੰਚਦੀ ਹੈ। ਸਪਾਈਸ ਜੈੱਟ ਦੀ ਉਡਾਣ ਨੰਬਰ ਐਸਜੀ 65 ਸਵੇਰੇ 7.40 ਵਜੇ 11.15 ਵਜੇ ਪਹੁੰਚੀ। ਇਸੇ ਤਰਹਾਂ ਹੀ ਹੋਰ ਵੀ ਕਈ ਫਲਾਈਟਾ ਲੇਟ ਹੋਈਆਂ।