ਚੰਡੀਗੜ੍ਹ: ਐੱਸਵਾਈਐੱਲ ਮੁੱਦੇ ‘ਤੇ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਵਿਚਾਲੇ ਬੈਠਕ ਹੋਈ ਇਸ ਵਿੱਚ ਵਿਚੋਲਗੀ ਕੇਂਦਰੀ ਗਜੇਂਦਰ ਸ਼ੇਖਾਵਤ ਵੱਲੋਂ ਕੀਤੀ ਗਈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਮੀਟਿੰਗ ਵਿੱਚ ਇਸ ਮਸਲੇ ‘ਤੇ ਖੁੱਲ੍ਹ ਕੇ ਗੱਲਬਾਤ ਹੋਈ ਹੈ। ਅਸੀਂ ਪੰਜਾਬ ਦਾ ਪੱਖ ਰੱਖਿਆ ਹੈ ਕਿ ਸਾਡੇ ਕੋਲ ਹਰਿਆਣਾ ਨੂੰ ਦੇਣ ਲਈ ਪਾਣੀ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਹ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਚੰਡੀਗੜ੍ਹ ਵਿੱਚ ਮਿਲਣਗੇ। ਮੁਲਾਕਾਤ ਤੋਂ ਬਾਅਦ ਦੋਵੇਂ ਮੁੱਖ ਮੰਤਰੀ ਦਿੱਲੀ ਵਿੱਚ ਵਿਚੋਲਗੀ ਨਿਭਾ ਰਹੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਕੋਲ ਪਹੁੰਚ ਕਰਨਗੇ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀਡੀਓ ਕਾਨਫਰੰਸਿੰਗ ਜ਼ਰੀਏ ਮੀਟਿੰਗ ਵਿੱਚ ਸ਼ਾਮਲ ਹੋਏ। ਜਦਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਕੱਲ੍ਹ ਸ਼ਾਮ ਹੀ ਦਿੱਲੀ ਪਹੁੰਚ ਗਏ ਸਨ।
ਸਤਲੁਜ ਯਮੁਨਾ ਲਿੰਕ ਨਹਿਰ ਦਾ ਵਿਵਾਦ 45 ਸਾਲ ਪੁਰਾਣਾ ਹੈ। 1976 ਵਿੱਚ ਕੇਂਦਰ ਸਰਕਾਰ ਨੇ 72 ਲੱਖ ਏਕੜ ਪਾਣੀ ਦੀ ਵੰਡ ਕੀਤੀ ਸੀ ਜਿਸਦੇ ਵਿੱਚੋਂ 35-35 ਲੱਖ ਏਕੜ ਪਾਣੀ ਪੰਜਾਬ ਅਤੇ ਹਰਿਆਣਾ ਨੂੰ ਦੇਣ ਲਈ ਕਿਹਾ ਸੀ। ਬਾਕੀ ਬਚਿਆ 2 ਲੱਖ ਏਕੜ ਪਾਣੀ ਦਿੱਲੀ ਨੂੰ ਦੇਣ ਦਾ ਹੁਕਮ ਦਿੱਤਾ ਸੀ।
ਇਸਦੇ ਲਈ ਯੋਜਨਾ ਬਣਾਈ ਸੀ ਕਿ ਸਤਲੁਜ ਦੇ ਪਾਣੀ ਨੂੰ ਯਮੁਨਾ ਦੇ ਨਾਲ ਜੋੜਿਆ ਜਾਵੇ। ਇਸ ਯੋਜਨਾ ਦਾ ਨਾਮ ਸਤਲੁਜ ਯਮੁਨਾ ਲਿੰਕ ਨਹਿਰ ਰੱਖਿਆ ਸੀ। ਜੋ ਹਾਲੇ ਤੱਕ ਵਿਵਾਦਾਂ ਵਿੱਚ ਹੈ।