‘ਗੁਰੂ ਨਾਨਕ ਚੇਅਰ’ ਇਰਾਨ ਸਮੇਤ 11 ਯੂਨੀਵਰਸਿਟੀਆਂ ਵਿੱਚ ਸਥਾਪਿਤ ਹੋਵੇਗੀ

TeamGlobalPunjab
3 Min Read

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੜੀ ਤਹਿਤ ਇਕ ਬਹੁਤ ਅਹਿਮ ਐਲਾਨ ਹੋਇਆ ਹੈ ਪਹਿਲੇ ਪਾਤਿਸ਼ਾਹ ਦੇ ਨਾਂ ’ਤੇ ਇਰਾਨ ਦੀ ਇਕ ਯੂਨੀਵਰਸਿਟੀ ਵਿੱਚ ਚੇਅਰ ਸਥਾਪਿਤ ਕਰਨ ਦਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 11 ਯੂਨੀਵਰਸਿਟੀਆਂ ਵਿੱਚ ਚੇਅਰ ਸਥਾਪਿਤ ਕਰਨ ਦਾ ਐਲਾਨ ਕੀਤਾ। ਇਨ੍ਹਾਂ ਵਿੱਚ ਇਕ ’ਵਰਸਿਟੀ ਇਰਾਨ ਦੀ ਵੀ ਹੈ। 11 ‘ਚੋਂ ਸੱਤ ਪੰਜਾਬ ਦੀਆਂ ਤੇ 3 ਭਾਰਤ ਦੇ ਵੱਖ-ਵੱਖ ਰਾਜਾਂ ਦੀਆਂ ਹਨ। ਇਨ੍ਹਾਂ ਵਿੱਚ ਵੱਖ ਵੱਖ ਵਿਦਵਾਨਾਂ ਵੱਲੋਂ ਗੁਰੂ ਨਾਨਕ ਦੇਵ ਦੇ ਜੀਵਨ ਅਤੇ ਫ਼ਲਸਫ਼ੇ ਸੰਬੰਧੀ ਖੋਜ ਕਾਰਜ ਕੀਤੇ ਜਾਣਗੇ। ਮੁੱਖ ਮੰਤਰੀ ਨੇ ਇਸ ਗੱਲ ਦਾ ਖੁਲਾਸਾ ਆਈ ਕੇ ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ’ਚ ਸਮਾਗਮ ਦੌਰਾਨ ਦੇਸ਼-ਵਿਦੇਸ਼ ਦੀਆਂ 400 ਨਾਨਕ ਨਾਮਲੇਵਾ ਪੰਜਾਬੀ ਸ਼ਖ਼ਸੀਅਤਾਂ ਦਾ ਸਨਮਾਨ ਕਰਨ ਸਮੇਂ ਕੀਤਾ ਸੀ। ਮੁੱਖ ਮੰਤਰੀ ਨੇ ਅਪੀਲ ਕੀਤੀ ਕਿ ਪੰਜਾਬੀਆਂ ਨੂੰ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣਾ ਚਾਹੀਦਾ ਹੈ ਅਤੇ ਦੇਸ਼ ਅਤੇ ਸੂਬੇ ਦੀ ਬਿਹਤਰੀ ਵਿੱਚ ਯੋਗਦਾਨ ਪਾ ਕੇ ਨੌਜਵਾਨਾਂ ਨੂੰ ਅੱਗੇ ਵਧਣ ਦੇ ਮੌਕੇ ਮੁਹੱਈਆ ਕਰਵਾਉਣੇ ਚਾਹੀਦੇ ਹਨ। ਅਗਲੀ ਪੀੜ੍ਹੀ ਨੂੰ ਗੁਰੂ ਨਾਨਕ ਦੇਵ ਦੀਆਂ ਸਿੱਖਿਆਵਾਂ ਅਤੇ ਬਾਣੀ ਨਾਲ ਜੋੜਨਾ ਚਾਹੀਦਾ ਹੈ। ਮੁੱਖ ਮੰਤਰੀ ਵੱਲੋਂ ਦਲਬੀਰ ਸਿੰਘ ਪੰਨੂ ਦੀ ਕਿਤਾਬ ‘ਦਿ ਸਿੱਖ ਹੈਰੀਟੇਜ ਬਿਓਂਡ ਬਾਰਡਰ’ ਤੇ ਇਰਾਨੀ ਲੇਖਕ ਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਬਾਰੇ ਇਕ ਪੁਸਤਕ ਵੀ ਰਿਲੀਜ਼ ਕੀਤੀ ਗਈ।

ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਗੁਰੂ ਨਾਨਕ ਚੇਅਰ ਪੰਜਾਬੀ ਯੂਨੀਵਰਸਿਟੀ (ਪਟਿਆਲਾ), ਆਈਕੇ ਗੁਜਰਾਲ ਪੀਟੀਯੂ (ਕਪੂਰਥਲਾ), ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਬਠਿੰਡਾ), ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਫਗਵਾੜਾ), ਚੰਡੀਗੜ੍ਹ ਯੂਨੀਵਰਸਿਟੀ (ਘੜੂੰਆਂ), ਚਿਤਕਾਰਾ ਯੂਨੀਵਰਸਿਟੀ (ਰਾਜਪੁਰਾ), ਅਕਾਲ ਯੂਨੀਵਰਸਿਟੀ (ਤਲਵੰਡੀ ਸਾਬੋ) ਤੋਂ ਇਲਾਵਾ ਆਈਟੀਐਮ ਯੂਨੀਵਰਸਿਟੀ (ਗਵਾਲੀਅਰ), ਆਰਡੀਕੇਐੱਫ ਯੂਨੀਵਰਸਿਟੀ (ਭੁਪਾਲ), ਜੇਆਈਐੱਸ ਯੂਨੀਵਰਸਿਟੀ (ਪੱਛਮੀ ਬੰਗਾਲ) ਅਤੇ ਯੂਨੀਵਰਸਿਟੀ ਆਫ਼ ਰਿਲੀਜਨ (ਇਰਾਨ) ਵਿੱਚ ਸਥਾਪਿਤ ਕੀਤੀ ਜਾਵੇਗੀ।

ਇਹਨਾਂ ਚੇਅਰ ਦੇ ਸਥਾਪਿਤ ਹੋਣ ਨਾਲ ਅਜੋਕੀ ਪੀੜ੍ਹੀ ਨੂੰ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨਾਲ ਜੋੜਿਆ ਜਾਵੇਗਾ ਜਿਸ ਵਿਚ ਹਾਕਮਾਂ ਤੇ ਹਾਕਮ ਜਮਾਤ ਦੀ ਨਿਖੇਧੀ ਕੀਤੀ ਗਈ ਅਤੇ ਆਮ ਲੋਕਾਂ ਨਾਲ ਹਮਦਰਦੀ। ਗੁਰੂ ਨਾਨਕ ਸਾਹਿਬ ਲਈ ਸਮਾਜਿਕ ਪੁਨਰ ਸਿਰਜਣਾ ਦਾ ਜ਼ਰੀਆ ਉਹਨਾਂ ਦੀ ਆਪਣੀ ਵਿਚਾਰਧਾਰਾ ਸੀ। ਮੁਕਤੀ ਪ੍ਰਾਪਤ ਕਰਨ ਦਾ ਸਭ ਤੋਂ ਅਹਿਮ ਕੰਮ ਪਰਉਪਕਾਰ ਹੁੰਦਾ ਹੈ, ਮਨੁੱਖੀ ਜੀਵਨ ਦੀ ਹਰ ਤਰ੍ਹਾਂ ਦੀ ਸੇਵਾ। ਗੁਰੂ ਨਾਨਕ ਦੇਵ ਜੀ ਵਲੋਂ ਚੁਣਿਆ ਗਿਆ ਰਾਹ ਸਭ ਲਈ ਖੁੱਲ੍ਹਾ ਸੀ। ਉਹ ਜਾਤ ਜਾਂ ਧਰਮ ਦੇ ਕਿਸੇ ਭਿੰਨ-ਭੇਦ ਤੋਂ ਬਿਨਾਂ ਸੰਗਤ ਵਜੋਂ ਬੈਠ ਕੇ ਸਿਮਰਨ ਕਰਦੇ ਸਨ। ਇਹੀ ਉਹਨਾਂ ਦਾ ਫ਼ਲਸਫ਼ਾ ਸੀ। ਜੇ ਯੂਨੀਵਰਸਿਟੀਆਂ ਸਹੀ ਕਾਰਜ ਕਰਨ ਅਤੇ ਇਹ ਫੈਸਲਾ ਸਹੀ ਤਰ੍ਹਾਂ ਲਾਗੂ ਹੋ ਜਾਵੇ ਤਾਂ ਉਹਨਾਂ ਦੇ ਫਲਸਫੇ ਦਾ ਪ੍ਰਚਾਰ ਤੇ ਪ੍ਰਸਾਰ ਹੋਵੇਗਾ ਜੋ ਮਨੁੱਖੀ ਜੀਵਨ ਲਈ ਹੋਰ ਵੀ ਲਾਹੇਵੰਦ ਸਾਬਿਤ ਹੋ ਸਕੇਗਾ।

-ਅਵਤਾਰ ਸਿੰਘ

- Advertisement -

ਸੀਨੀਅਰ ਪੱਤਰਕਾਰ

Share this Article
Leave a comment