ਚੰਡੀਗੜ੍ਹ: ਪੰਜਾਬ ਵਿੱਚ ਇੱਕ ਵਾਰ ਮੁੜ ਤੋਂ ਡੀਜੀਪੀ ਦੀ ਨਿਯੁਕਤੀ ਨੂੰ ਲੈ ਕੇ ਵਿਵਾਦ ਪੈਦਾ ਹੋਣ ਲੱਗੇ ਹਨ। ਜਿਸ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ 10 ਆਈਪੀਐਸ ਅਫਸਰਾਂ ਦੇ ਨਾਮ ਦੀ ਸੂਚੀ UPSC ਭੇਜੀ ਗਈ ਹੈ। ਪੰਜਾਬ ਸਰਕਾਰ ਵੱਲੋਂ ਭੇਜੇ ਗਏ ਇਸ ਪੈਨਲ ‘ਚ ਸਿਧਾਰਥ ਚੱਟੋਪਾਧਿਆਏ, ਡੀਜੀਪੀ ਦਿਨਕਰ ਗੁਪਤਾ, ਐੱਮਕੇ ਤਿਵਾੜੀ, ਵੀਕੇ ਭਵਰਾ, ਪ੍ਰਬੋਧ ਕੁਮਾਰ, ਰੋਹਿਤ ਚੌਧਰੀ, ਆਈਪੀਐਸ ਸਹੋਤਾ, ਸੰਜੀਵ ਕਾਲੜਾ, ਪਰਾਗ ਜੈਨ ਅਤੇ ਬੀਕੇ ਉੱਪਲ ਸ਼ਾਮਲ ਹਨ।
ਮੌਜੂਦਾ ਡੀਜੀਪੀ ਦਿਨਕਰ ਗੁਪਤਾ ਲੰਬੀ ਛੁੱਟੀ ‘ਤੇ ਚਲੇ ਗਏ ਹਨ ਜਿਸ ਕਾਰਨ ਪੰਜਾਬ ਸਰਕਾਰ ਨੇ ਆਈਪੀਐੱਸ ਸਹੋਤਾ ਨੂੰ ਵਾਧੂ ਦਾ ਚਾਰਜ ਦਿੰਦੇ ਹੋਏ ਪੰਜਾਬ ਦਾ ਡੀਜੀਪੀ ਲਗਾਇਆ। ਨਵਜੋਤ ਸਿੰਘ ਸਿੱਧੂ ਵੱਲੋਂ ਡੀਜੀਪੀ ਸਹੋਤਾ ਦਾ ਵਿਰੋਧ ਕੀਤਾ ਗਿਆ ਇਸ ਕਾਰਨ ਹੁਣ ਸਰਕਾਰ ਨੇ ਰੈਗੂਲਰ ਡੀਜੀਪੀ ਦੀ ਨਿਯੁਕਤੀ ਲਈ 10 ਆਈਪੀਐਸ ਅਫਸਰਾਂ ਦੇ ਨਾਮ ਦਾ ਪੈਨਲ ਯੂਪੀਐੱਸਸੀ ਨੂੰ ਬੀਤੀ ਰਾਤ ਭੇਜਿਆ ਹੈ। ਇਨ੍ਹਾਂ ‘ਚੋਂ ਯੂਪੀਐੱਸਸੀ ਪੰਜਾਬ ਸਰਕਾਰ ਨੂੰ ਵਾਪਸ ਤਿੰਨ ਨਾਮ ਭੇਜੇਗੀ ਜਿਸ ‘ਚੋਂ ਪੰਜਾਬ ਸਰਕਾਰ ਇੱਕ ਆਈਪੀਐਸ ਅਫ਼ਸਰ ਨੂੰ ਚੁਣ ਕੇ ਪੰਜਾਬ ਦਾ ਡੀਜੀਪੀ ਨਿਯੁਕਤ ਕਰੇਗੀ।
ਰੈਗੂਲਰ ਡੀਜੀਪੀ ਦੀ ਨਿਯੁਕਤੀ ਸੂਬਾ ਸਰਕਾਰਾਂ ਨਹੀਂ ਕਰ ਸਕਦੀਆਂ। ਡੀਜੀਪੀ ਦੀ ਨਿਯੁਕਤੀ ਦੀ ਖੁਦਮੁਖਤਿਆਰੀ ਲੈਣ ਦੇ ਲਈ ਪੰਜਾਬ ਸਮੇਤ ਪੰਜ ਸੂਬਾ ਸਰਕਾਰਾਂ ਵੱਲੋਂ ਪਿਛਲੇ ਸਾਲ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਪਰ ਕੋਰਟ ਨੇ ਇਸ ਨੂੰ ਖਾਰਜ ਕਰ ਦਿੱਤਾ ਸੀ।
ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਡੀਜੀਪੀ ਦਿਨਕਰ ਗੁਪਤਾ ਨੂੰ ਲਗਾਇਆ ਗਿਆ ਸੀ ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਵੱਲੋਂ 12 ਆਈਪੀਐੱਸ ਅਫ਼ਸਰਾਂ ਦੇ ਨਾਮ ਦੀ ਲਿਸਟ ਯੂਪੀਐੱਸਸੀ ਨੂੰ ਭੇਜੀ ਗਈ ਸੀ। ਜਿਸ ਵਿੱਚ ਸਿਧਾਰਥ ਚੱਟੋਪਾਧਿਆਏ ਅਤੇ ਮੁਹੰਮਦ ਮੁਸਤਫਾ ਦਾ ਨਾਮ ਵੀ ਸ਼ਾਮਲ ਸੀ। ਪਰ ਇਨ੍ਹਾਂ ਨੂੰ ਦਰਕਿਨਾਰ ਕਰਦੇ ਹੋਏ ਦਿਨਕਰ ਗੁਪਤਾ ਨੂੰ ਡੀਜੀਪੀ ਲਗਾ ਦਿੱਤਾ ਗਿਆ ਸੀ। ਜਿਸਦਾ ਸੀਨੀਅਰ ਆਈਪੀਐਸ ਅਫ਼ਸਰਾਂ ਵੱਲੋਂ ਵਿਰੋਧ ਕੀਤਾ ਗਿਆ ਸੀ।