ਚੰਡੀਗੜ੍ਹ ( ਦਰਸ਼ਨ ਸਿੰਘ ਖੋਖਰ ): ਪੰਜਾਬ ਵਿੱਚ ਦੋ ਨੰਬਰੀ ਫੈਕਟਰੀਆਂ ਵਿੱਚ ਬਣਨ ਵਾਲੀ ਅਤੇ ਦੋ ਨੰਬਰ ਵਿੱਚ ਵਿਕਣ ਵਾਲੀ ਸ਼ਰਾਬ ਦਾ ਮੁੱਦਾ ਫਿਰ ਤੋਂ ਅਕਾਲੀ ਦਲ ਦੇ ਆਗੂਆਂ ਨੇ ਗਰਮਾਉਣ ਦੀ ਕੋਸ਼ਿਸ਼ ਕੀਤੀ ਹੈ । ਅਕਾਲੀ ਆਗੂਆਂ ਨੇ ਪੰਜਾਬ ਸਰਕਾਰ ਦੇ ਅੰਕੜਿਆਂ ਨੂੰ ਗਲਤ ਠਹਿਰਾਉਂਦਿਆਂ ਕਿਹਾ ਕਿ ਦੋ ਨੰਬਰੀ ਸ਼ਰਾਬ ਦੀ ਵਿਕਰੀ ਕਾਰਨ ਪੰਜਾਬ ਸਰਕਾਰ ਨੂੰ ਸ਼ਰਾਬ ਦੀ ਵਿਕਰੀ ਵਿੱਚੋਂ ਹੋਣ ਵਾਲੇ ਮਾਲੀਏ ਵਿੱਚ 5600 ਕਰੋੜ ਰੁਪਏ ਦਾ ਘਾਟਾ ਪਿਆ ਹੈ।
ਚੰਡੀਗੜ੍ਹ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ, ਡਾ ਦਲਜੀਤ ਸਿੰਘ ਚੀਮਾ ਅਤੇ ਵਿਧਾਇਕ ਐਨ. ਕੇ. ਸ਼ਰਮਾ ਨੇ ਕਿਹਾ ਕਿ ਪੰਜਾਬ ਵਿੱਚ ਦੋ ਨੰਬਰੀ ਸ਼ਰਾਬ ਦੀ ਵਿਕਰੀ ਵਿੱਚ ਸੱਤਾਧਾਰੀਆਂ ਦਾ ਹੱਥ ਹੈ। ਕਿਉਂਕਿ ਦੋ ਨੰਬਰੀ ਸ਼ਰਾਬ ਦੀ ਵਿਕਰੀ ਦਾ ਪਰਦਾਫਾਸ਼ ਹੋ ਜਾਣ ‘ਤੇ ਸਬੰਧਿਤ ਦੋਸ਼ੀਆਂ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਗਈ। ਇਨ੍ਹਾਂ ਆਗੂਆਂ ਨੇ ਕਿਹਾ ਕਿ ਖੰਨਾ ਵਿੱਚ ਜੋ ਸ਼ਰਾਬ ਦੀ ਫੈਕਟਰੀ ਫੜੀ ਗਈ ਸੀ ਉਸ ਦੇ ਮੁੱਖ ਦੋਸ਼ੀ ਖਿਲਾਫ ਅਜੇ ਤੱਕ ਪਰਚਾ ਦਰਜ ਨਹੀਂ ਕੀਤਾ ਗਿਆ ਜਦਕਿ ਰੋਪੜ ਅਤੇ ਜ਼ੀਰਕਪੁਰ ਵਿੱਚ ਵਿੱਚ ਲੌਕਡਾਉਨ ਦੌਰਾਨ ਸ਼ਰਾਬ ਵੇਚਣ ਵਾਲੇ ਕਾਂਗਰਸੀ ਆਗੂਆਂ ‘ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਇਨ੍ਹਾਂ ਆਗੂਆਂ ਨੇ ਕਿਹਾ ਕਿ ਘਨੌਰ ਵਿੱਚ ਜੋ ਸ਼ਰਾਬ ਦੀ ਨਜਾਇਜ਼ ਫੈਕਟਰੀ ਫੜੀ ਗਈ ਹੈ ਉਸ ਨੂੰ ਸ਼ਰੇਆਮ ਕਾਂਗਰਸੀ ਆਗੂ ਹੀ ਚਲਾ ਰਿਹਾ ਸੀ ਜਿੱਥੋਂ ਕਿ ਪੂਰੇ ਪੰਜਾਬ ਅਤੇ ਹਰਿਆਣਾ ਵਿੱਚ ਨਾਜਾਇਜ਼ ਸ਼ਰਾਬ ਦੀ ਸਪਲਾਈ ਹੁੰਦੀ ਸੀ। ਐਨਾ ਹੀ ਨਹੀਂ ਘਨੌਰ ਵਾਲੀ ਫੈਕਟਰੀ ਵਿੱਚ ਟਾਇਲਟ ਸਾਫ ਕਰਨ ਵਾਲੇ ਤੇਜ਼ਾਬ ਅਤੇ ਕੈਮੀਕਲ ਨੂੰ ਮਿਲਾ ਕੇ ਕਈ ਤਰ੍ਹਾਂ ਦੇ ਬ੍ਰਾਂਡਾਂ ਦੀ ਸ਼ਰਾਬ ਤਿਆਰ ਕੀਤੀ ਜਾਂਦੀ ਸੀ। ਇਨ੍ਹਾਂ ਆਗੂਆਂ ਨੇ ਇਹ ਵੀ ਦੋਸ਼ ਲਗਾਇਆ ਕਿ ਘਨੌਰ ਅਤੇ ਰਾਜਪੁਰਾ ਅਤੇ ਕਾਂਗਰਸੀ ਵਿਧਾਇਕਾਂ ਦਾ ਵੀ ਇਸ ਫੈਕਟਰੀ ਵਿੱਚ ਹੱਥ ਹੋ ਸਕਦਾ ਹੈ ਜਿਸ ਕਾਰਨ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ।
https://www.facebook.com/ShiromaniAkaliDal/videos/644673082927454/
ਇਨ੍ਹਾਂ ਆਗੂਆਂ ਨੇ ਇਹ ਵੀ ਦੋਸ਼ ਲਗਾ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਘਾਟੇ ਸਬੰਧੀ ਗਲਤ ਅੰਕੜੇ ਪੇਸ਼ ਕਰਕੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। ਇਨ੍ਹਾਂ ਆਗੂਆਂ ਨੇ ਇਹ ਸਵਾਲ ਵੀ ਖੜ੍ਹਾ ਕੀਤਾ ਕਿ ਟਵੀਟ ਉੱਤੇ ਮਾਮਲੇ ਨੂੰ ਗਰਮਾਉਣ ਵਾਲੇ ਕਾਂਗਰਸੀ ਵਿਧਾਇਕ ਹੁਣ ਚੁੱਪ ਕਿਉਂ ਹੋ ਗਏ ਹਨ।