ਲੁਧਿਆਣਾ: ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਮੰਗਲਵਾਰ ਨੂੰ ਲੁਧਿਆਣਾ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਰਫੋਂ ਕੌਮਾਂਤਰੀ ਮੁੱਕੇਬਾਜ਼ ਸਿਮਰਨਜੀਤ ਕੌਰ ਨੂੰ ਪੰਜ ਲੱਖ ਰੁਪਏ ਦਾ ਚੈਕ ਸੌਂਪਿਆ। ਇਹ ਚੈਕ ਸਿਮਰਨਜੀਤ ਕੌਰ ਦੀ ਮਾਤਾ ਰਾਜਪਾਲ ਕੌਰ ਨੇ ਰਿਸੀਵ ਕੀਤਾ।
ਜ਼ਿਕਰਯੋਗ ਹੈ ਕਿ ਸਿਮਰਨਜੀਤ ਕੌਰ ਓਲੰਪਿਕ ਖੇਡਾਂ ਲਈ ਕੁਆਲੀਫਾਈ ਕਰਨ ਵਾਲੀ ਪੰਜਾਬ ਦੀ ਪਹਿਲੀ ਮੁੱਕੇਬਾਜ਼ ਹੈ ਜਿਸ ਦੀ ਇਸ ਪ੍ਰਾਪਤੀ ‘ਤੇ ਮੁੱਖ ਮੰਤਰੀ ਨੇ ਉਸ ਨੂੰ ਪੰਜ ਲੱਖ ਰੁਪਏ ਦਾ ਇਨਾਮ ਦੇਣ ਦਾ ਫੈਸਲਾ ਕੀਤਾ ਸੀ, ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਸੀ ਕਿ ਓਲੰਪਿਕ ਦੀਆਂ ਤਿਆਰੀਆਂ ਲਈ ਸਿਮਰਨਜੀਤ ਦਾ ਪੂਰਾ ਖਰਚ ਸਰਕਾਰ ਚੁੱਕੇਗੀ। ਸਿਮਰਨਜੀਤ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਵੀ ਕਾਂਸੀ ਦਾ ਤਮਗਾ ਜਿੱਤਣ ਵਾਲੀ ਪਹਿਲੀ ਪੰਜਾਬਣ ਮੁੱਕੇਬਾਜ਼ ਹੈ।
ਖੇਲ ਮੰਤਰੀ ਸੋਢੀ ਨੇ ਇਸ ਮੌਕੇ ਸਿਮਰਨਜੀਤ ਦੀ ਮਾਂ ਰਾਜਪਾਲ ਕੌਰ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਿਮਰਨਜੀਤ ਦੀ ਉਪਲਬਧੀ ਪੰਜਾਬ ਹੀ ਨਹੀਂ, ਪੂਰੇ ਭਾਰਤ ਲਈ ਗੌਰਵ ਪੂਰਵ ਉਪਲਬਧੀ ਹੈ। ਉਨ੍ਹਾਂ ਨੇ ਕਿਹਾ ਕਿ ਜੋ ਲੜਕੀਆਂ ਖੇਡਾਂ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦੀਆਂ ਹਨ, ਉਨ੍ਹਾਂ ਲਈ ਮੁੱਕੇਬਾਜ਼ੀ ਵਿੱਚ ਬਹੁਤ ਮੌਕੇ ਹਨ। ਉਨ੍ਹਾਂ ਨੇ ਕਿਹਾ ਕਿ ਜਿਸ ਪਰਿਵਾਰ ਤੋਂ ਸਿਮਰਨਜੀਤ ਅੱਗੇ ਆਈ ਹੈ , ਉਸਦੇ ਲਈ ਇਹ ਉਪਲਬਧੀ ਗ਼ੈਰ-ਮਾਮੂਲੀ ਹੈ।