ਚੰਡੀਗੜ੍ਹ: ਪੰਜਾਬ ਵਿੱਚ ਹੜ੍ਹਾਂ ਨੇ ਲੋਕਾਂ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਉਜਾੜ ਦਿੱਤਾ ਹੈ। ਪੀੜਤ ਲੋਕ ਸਰਕਾਰ ਤੋਂ ਮਦਦ ਦੀਆਂ ਅਪੀਲਾਂ ਕਰ ਰਹੇ ਹਨ, ਅਤੇ ਹੁਣ ਪੰਜਾਬ ਸਰਕਾਰ ਨੇ ਸਹਾਇਤਾ ਦੇ ਐਲਾਨ ਦੀ ਉਮੀਦ ਜਗਾਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਰਾਹੀਂ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਅਤੇ ਹੜ੍ਹ ਪੀੜਤਾਂ ਦੀ ਮਦਦ ਲਈ ਵਿਸ਼ੇਸ਼ ਕਦਮ ਚੁੱਕਣ ਦਾ ਐਲਾਨ ਕੀਤਾ।
ਪੰਜਾਬ ਸਰਕਾਰ ਨੇ 26 ਤੋਂ 29 ਸਤੰਬਰ 2025 ਤੱਕ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਉਣ ਦਾ ਫੈਸਲਾ ਕੀਤਾ ਹੈ। ਇਹ ਇਜਲਾਸ 26 ਅਤੇ 29 ਸਤੰਬਰ ਨੂੰ ਚੱਲੇਗਾ, ਜਦਕਿ 27 ਅਤੇ 28 ਸਤੰਬਰ ਨੂੰ ਛੁੱਟੀ ਰਹੇਗੀ।
ਮੁੱਖ ਮੰਤਰੀ ਦਾ ਬਿਆਨ
ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਬਿਆਨ ’ਚ ਕਿਹਾ ਕਿ ਇਹ ਵਿਸ਼ੇਸ਼ ਸੈਸ਼ਨ ਹੜ੍ਹਾਂ ਕਾਰਨ ਹੋਏ ਨੁਕਸਾਨ ਨੂੰ ਲੈ ਕੇ ਨੀਤੀਆਂ ’ਚ ਲੋਕ-ਪੱਖੀ ਸੋਧਾਂ ਲਿਆਉਣ ’ਤੇ ਕੇਂਦਰਿਤ ਹੋਵੇਗਾ। ਉਹਨਾਂ ਨੇ ਦੱਸਿਆ ਕਿ ਹੜ੍ਹ ਪੀੜਤਾਂ ਲਈ ਮੁਆਵਜ਼ੇ ਸਬੰਧੀ ਨਵੇਂ ਕਾਨੂੰਨ ਸਦਨ ’ਚ ਪੇਸ਼ ਕੀਤੇ ਜਾਣਗੇ ਅਤੇ ਮਨਜ਼ੂਰੀ ਲਈ ਜਾਣਗੇ। ਮਾਨ ਨੇ ਹੜ੍ਹਾਂ ਦੀ ਤਬਾਹੀ ਦਾ ਜ਼ਿਕਰ ਕਰਦਿਆਂ ਕਿਹਾ ਕਿ 2,300 ਤੋਂ ਵੱਧ ਪਿੰਡ ਡੁੱਬ ਗਏ, 20 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ, ਅਤੇ 5 ਲੱਖ ਏਕੜ ’ਚ ਫਸਲਾਂ ਬਰਬਾਦ ਹੋ ਗਈਆਂ।
ਹੜ੍ਹਾਂ ਦੀ ਤਬਾਹੀ ਦੇ ਅੰਕੜੇ
ਸਰਕਾਰੀ ਅੰਕੜਿਆਂ ਅਨੁਸਾਰ, ਹੜ੍ਹਾਂ ਕਾਰਨ 56 ਜਾਨਾਂ ਗਈਆਂ, ਲਗਭਗ 7 ਲੱਖ ਲੋਕ ਬੇਘਰ ਹੋਏ, 3,200 ਸਰਕਾਰੀ ਸਕੂਲ ਨੁਕਸਾਨੇ, 19 ਕਾਲਜ ਖੰਡਰ ਬਣ ਗਏ, 1,400 ਕਲੀਨਿਕ ਅਤੇ ਹਸਪਤਾਲ ਤਬਾਹ ਹੋਏ, 8,500 ਕਿਲੋਮੀਟਰ ਸੜਕਾਂ ਉਜੜ ਗਈਆਂ, ਅਤੇ 2,500 ਪੁਲ ਢਹਿ ਗਏ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।