ਰੇਲ ਪਟੜੀਆਂ ਖਾਲੀ ਕਰਵਾਉਣ ਦਾ ਪੰਜਾਬ ਸਰਕਾਰ ਨੇ ਰੇਲਵੇ ਨੂੰ ਦਿੱਤਾ ਲਿਖਤੀ ਭਰੋਸਾ, ਕਾਰਵਾਈ ਸ਼ੁਰੂ

TeamGlobalPunjab
2 Min Read

ਚੰਡੀਗੜ੍ਹ: ਖੇਤੀ ਕਾਨੂੰਨਾਂ ਦੇ ਵਿਵਾਦ ਵਿਚਾਲੇ ਕਾਂਗਰਸ ਦੇ ਸੰਸਦ ਮੈਂਬਰਾਂ ਦੀ ਦਿੱਲੀ ਵਿੱਚ ਹੋਈ ਰੇਲ ਮੰਤਰੀ ਪਿਊਸ਼ ਗੋਇਲ ਨਾਲ ਮੀਟਿੰਗ ਬੇਸਿੱਟਾ ਰਹੀ। ਜਿਸ ਤੋਂ ਬਾਅਦ ਰੇਲਵੇ ਬੋਰਡ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਨੇ ਰੇਲਵੇ ਨੂੰ ਭਰੋਸਾ ਦਿੱਤਾ ਹੈ ਕਿ ਸਾਰੇ ਰੇਲ ਟਰੈਕਾਂ ਤੋਂ ਪ੍ਰਦਰਸ਼ਨਕਾਰੀ ਅੱਜ ਸਵੇਰ ਤੋਂ ਹਟ ਜਾਣਗੇ। ਪੰਜਾਬ ਸਰਕਾਰ ਵੱਲੋਂ ਲਿਖਤੀ ਰੂਪ ਵਿੱਚ ਰੇਲਵੇ ਵਿਭਾਗ ਨੂੰ ਇਹ ਯਕੀਨੀ ਬਣਾਇਆ ਹੈ ਕਿ ਰੇਲਵੇ ਟਰੈਕ ਖਾਲੀ ਕਰ ਦਿੱਤੇ ਜਾਣਗੇ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਕਿਹਾ ਕਿ ਜੇਕਰ ਰੇਲਵੇ ਪਲੇਟਫਾਰਮ ‘ਤੇ ਪੁਲਿਸ ਸੁਰੱਖਿਆ ਵੀ ਲਗਾਉਣੀ ਪਈ ਤਾਂ ਉਸ ਨੂੰ ਵੀ ਲਗਾਇਆ ਜਾਵੇਗਾ।

ਰੇਲਵੇ ਬੋਰਡ ਦੇ ਚੇਅਰਮੈਨ ਵੀ.ਕੇ ਯਾਦਵ ਨੇ ਕਿਹਾ ਕਿ 31 ਰੇਲ ਮਾਰਗਾਂ ‘ਚੋਂ 14 ਬੀਤੀ ਸ਼ਾਮ ਖਾਲੀ ਹੋ ਗਏ ਸਨ। ਚੇਅਰਮੈਨ ਵੀ.ਕੇ ਯਾਦਵ ਨੇ ਇਹ ਵੀ ਦੱਸਿਆ ਕਿ ਸੂਬਾ ਅਧਿਕਾਰੀਆਂ ਅਤੇ ਆਰਪੀਐਫ ਦੀ ਸਾਂਝੀ ਟੀਮ ਬਣਾਈ ਗਈ ਹੈ ਜੋ ਪੰਜਾਬ ‘ਚ ਟਰੇਨਾਂ ਸੁਰੱਖਿਅਤ ਚਲਾਉਣ ਦੇ ਹਾਲਾਤਾਂ ਦਾ ਜਾਇਜ਼ਾ ਲਵੇਗੀ। ਉਨ੍ਹਾਂ ਕਿਹਾ ਕਿ ਰੇਲਵੇ ਦੀ ਦੇਖ ਰੇਖ ਟੀਮਾਂ ਤਿਆਰ ਹਨ ਅਤੇ ਜਿਵੇਂ ਹੀ ਪਟੜੀਆਂ ਰੇਲਵੇ ਦੇ ਕੰਟਰੋਲ ‘ਚ ਆਉਂਦੀਆਂ ਹਨ ਤਾਂ ਗੱਡੀਆਂ ਨੂੰ ਚਲਾ ਦਿੱਤਾ ਜਾਵੇਗਾ।

ਪੰਜਾਬ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਖੇਤੀ ਕਾਨੂੰਨ ਖ਼ਿਲਾਫ਼ ਰੇਲਵੇ ਟਰੈਕ ‘ਤੇ ਧਰਨਾ ਦਿੱਤਾ ਜਾ ਰਿਹਾ ਹੈ। ਕਿਸਾਨਾਂ ਨੇ ਯਾਤਰੀ ਗੱਡੀਆਂ ਨੂੰ ਰੋਕਿਆ ਹੋਇਆ ਹੈ ਅਤੇ ਮਾਲ ਗੱਡੀਆਂ ਨੂੰ ਹੀ ਸਿਰਫ਼ ਲਾਂਘਾ ਦੇਣ ਦਾ ਐਲਾਨ ਕੀਤਾ ਗਿਆ ਹੈ। ਜਿਸ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ 24 ਅਕਤੂਬਰ ਨੂੰ ਮਾਲ ਗੱਡੀਆਂ ‘ਤੇ ਵੀ ਰੋਕ ਲਗਾ ਦਿੱਤੀ ਸੀ। ਮਾਲ ਗੱਡੀਆਂ ਨਾ ਚੱਲਣ ਦੇ ਨਾਲ ਪੰਜਾਬ ਵਿੱਚ ਕੋਲੇ ਦੀ ਘਾਟ ਪੈ ਗਈ ਸੀ। ਜਿਸ ਕਾਰਨ ਪੰਜਾਬ ਸਰਕਾਰ ਨੂੰ ਪੰਜ ਦੇ ਪੰਜ ਥਰਮਲ ਪਲਾਂਟ ਬੰਦ ਕਰਨੇ ਪਏ ਸਨ।

Share This Article
Leave a Comment