ਚੰਡੀਗੜ੍ਹ (ਦਰਸ਼ਨ ਸਿੰਘ ਖੋਖਰ ): ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਕਿਹਾ ਹਰ ਕਿ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੰਨੀ ਨੇ ਕਿਹਾ ਕਿ ਕਿਸਾਨਾਂ ਨੂੰ ਹੁਣ ਨਰਮੇ ਦੇ ਖ਼ਰਾਬੇ ਦਾ ਪ੍ਰਤੀ ਏਕੜ 12 ਹਜ਼ਾਰ ਦੀ ਬਜਾਏ 17 ਹਜ਼ਾਰ ਦਿੱਤਾ ਜਾਵੇਗਾ। ਨਰਮੇ ਦੀ ਚੁਗਾਈ ਵਾਲਿਆਂ ਨੂੰ ਪਹਿਲਾਂ ਨਾਲੋਂ 10 ਫੀਸਦੀ ਵੱਧ ਮਿਹਨਤਾਨਾ ਵੀ ਦਿੱਤਾ ਜਾਵੇਗਾ। ਹੁਣ ਤੱਕ ਕਿਸਾਨਾਂ ਉੱਤੇ ਜੋ ਵੀ ਕੇਸ ਦਰਜ ਹੋਏ ਹਨ ਉਹ ਸਾਰੇ ਰੱਦ ਕਰ ਦਿੱਤੇ ਜਾਣਗੇ। ਚੰਨੇ ਨੇ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਅੱਗੇ ਤੋਂ ਪਰਾਲੀ ਨੂੰ ਨਾ ਜਲਾਇਆ ਜਾਵੇ। ਉਨ੍ਹਾਂ ਕਿਹਾ ਕਿ ਗੰਨੇ ਦੀ ਅਦਾਇਗੀ ਵੀ ਜਲਦੀ ਕਰ ਦਿੱਤੀ ਜਾਵੇਗੀ।
ਚੰਨੀ ਨੇ ਇਹ ਜਾਣਕਾਰੀ ਵੀ ਦਿੱਤੀ ਕਿ ਜਿਹੜੇ ਕਿਸਾਨ ਦਿੱਲੀ ਦੇ ਬਾਰਡਰਾਂ ‘ਤੇ ਸ਼ਹੀਦ ਹੋਏ ਹਨ ਉਨ੍ਹਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ। ਚੰਨੀ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਦੇ ਆਗੂ ਪਹਿਲੀ ਵਾਰ ਸੰਤੁਸ਼ਟ ਹੋਏ ਹਨ ਕਿ ਇਹੋ ਜਿਹੀ ਮੀਟਿੰਗ ਪਹਿਲਾਂ ਕਦੇ ਵੀ ਨਹੀਂ ਹੋਈ। ਕਰਤਾਰਪੁਰ ਸਾਹਿਬ ਕੌਰੀਡੋਰ ਖੋਲ੍ਹੇ ਜਾਣ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਉਹ ਪ੍ਰਧਾਨ ਮੰਤਰੀ ਨੂੰ ਮਿਲੇ ਸਨ ਤਾਂ ਪਹਿਲੀ ਮੰਗ ਕੋਰੀਡੋਰ ਖੋਲ੍ਹਣ ਦੀ ਰੱਖੀ ਸੀ ਜਿਸ ਕਾਰਨ ਉਹ ਇਸ ਫ਼ੈਸਲੇ ਦਾ ਸਵਾਗਤ ਕਰਦੇ ਹਨ।