ਚੰਡੀਗੜ੍ਹ: ਪੰਜਾਬ ਸਰਕਾਰ ਨਵੇਂ ਸਾਲ ਮੌਕੇ ਪੰਜਾਬੀਆਂ ਨੂੰ ਬਿਜਲੀ ਦਾ ਝਟਕਾ ਦੇਣ ਜਾ ਰਹੀ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਬਿਜਲੀ ਦੀਆਂ ਦਰਾਂ ਵਿੱਚ ਵਾਧਾ ਕਰਨ ਜਾ ਰਹੀ ਹੈ। ਪਾਵਰਕੌਮ ਅਗਲੇ ਵਿੱਤੀ ਸਾਲ ਲਈ ਬਿਜਲੀ ਦੀਆਂ ਦਰਾਂ ‘ਚ ਅਨੁਮਾਨਤ 8 ਫੀਸਦੀ ਵਾਧਾ ਕਰੇਗੀ। ਪਾਵਰਕੌਮ ਵੱਲੋਂ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੂੰ ਮੰਗ ਕੀਤੀ ਗਈ ਸੀ ਕਿ ਬਿਜਲੀ ਦੀਆਂ ਕੀਮਤਾਂ ‘ਚ ਵਾਧਾ ਕੀਤਾ ਜਾਵੇ ਜਿਸ ਨੂੰ ਪ੍ਰਵਾਨ ਕਰ ਲਿਆ ਗਿਆ ਹੈ।
ਸੂਬੇ ਵਿੱਚ ਪਹਿਲਾਂ ਹੀ ਬਾਕੀ ਰਾਜਾਂ ਨਾਲੋਂ ਬਿਜਲੀ ਮਹਿੰਗੀ ਹੈ ਤੇ ਹੁਣ ਨਵੇਂ ਸਾਲ ਮੌਕੇ ਪਾਵਰਕੌਮ ਵੱਲੋਂ ਬਿਜਲੀ ਦੀਆਂ ਦਰਾਂ ਚ ਕੀਤੇ ਜਾਣ ਵਾਲੇ ਵਾਧੇ ਦਾ ਖਪਤਕਾਰਾਂ ਨੇ ਤਿੱਖਾ ਰੋਸ ਜ਼ਾਹਰ ਕੀਤਾ ਹੈ।
ਖਪਤਕਾਰਾਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਘਰੇਲੂ ਬਿਜਲੀ ਪੰਜ ਰੁਪਏ ਪ੍ਰਤੀ ਏਕੜ ਦੇਣ ਦਾ ਵਾਅਦਾ ਕੀਤਾ ਸੀ ਪਰ ਚਾਰ ਸਾਲ ਬੀਤ ਗਏ ਹਨ ਪਰ ਹਾਲੇ ਤੱਕ ਪੰਜਾਬ ਦੇ ਲੋਕਾਂ ਨੂੰ ਸਸਤੀ ਬਿਜਲੀ ਨਹੀਂ ਮਿਲ ਸਕੀ ਤੇ ਹੁਣ ਉੱਪਰੋਂ ਪਾਵਰਕੌਮ ਵਾਧੂ ਦਾ ਬੋਝ ਪਾਉਣ ਜਾ ਰਹੀ ਹੈ।