ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਪੂਰੇ ਸੂਬੇ ਵਿਚ ਜਾਇਦਾਦਾਂ ਦੀ ਰਜਿਸਟਰੀ ਨੂੰ ਆਨਲਾਈਨ ਤਸਦੀਕ ਕਰਨ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤਹਿਤ ਸੂਬੇ ਵਿਚ ਹਰ ਕਿਸਮ ਦੀ ਪ੍ਰਾਪਰਟੀ ਨੂੰ ਆਨਲਾਈਨ ਪ੍ਰਕਿਰਿਆ ਰਾਹੀਂ ਰਜਿਸਟਰ ਕੀਤਾ ਜਾ ਸਕੇਗਾ। ਹਾਲਾਂਕਿ ਇਸ ਲਈ ਸਬ-ਰਜਿਸਟਰਾਰ, ਵਸੀਕਾ ਨਵੀਸ, ਰੈਵੇਨਿਊ (ਮਾਲ) ਸਬੰਧੀ ਕੰਮ ਕਰਨ ਵਾਲੇ ਵਕੀਲਾਂ ਦੀ ਭੂਮਿਕਾ ਪਹਿਲਾਂ ਦੀ ਤਰ੍ਹਾਂ ਰਹੇਗੀ। ਇਸ ਲਈ ਸਾਰੇ ਕੰਮ ਆਨਲਾਈਨ ਪੋਰਟਲ ਰਾਹੀਂ ਕੀਤੇ ਜਾਣਗੇ। ਇਸ ਸਬੰਧੀ ਸੋਮਵਾਰ ਨੂੰ ਸੂਬੇ ਵਿਚ ਵਰਚੁਅਲ ਮੀਟਿੰਗ ਕੀਤੀ ਗਈ, ਜਿਸ ਵਿਚ ਫਾਈਨਾਂਸ਼ੀਅਲ ਕਮਿਸ਼ਨਰ ਰੇਵੈਨਿਊ (ਐੱਸਫਸੀਆਰ) ਅਨੁਰਾਗ ਵਰਮਾ ਤੋਂ ਲੈ ਕੇ ਜ਼ਿਲ੍ਹਿਆਂ ਦੇ ਡੀਸੀ, ਵਸੀਕਾ ਨਵੀਸ, ਮਾਲ ਮਾਮਲਿਆਂ ਸਬੰਧੀ ਕੰਮ ਕਰਨ ਵਾਲੇ ਵਕੀਲ, ਤਹਿਸੀਲਦਾਰ ਤੇ ਸਬ-ਰਜਿਸਟਰਾਰ ਜੁੜੇ।
ਸਵੇਰੇ 9 ਵਜੇ ਸ਼ੁਰੂ ਹੋਈ ਵਰਚੁਅਲ ਮੀਟਿੰਗ ਦੋ ਘੰਟੇ, ਯਾਨੀ ਸਵੇਰੇ 11 ਵਜੇ ਤੱਕ ਜਾਰੀ ਰਹੀ। ਅਸਲ ਵਿਚ, ਸਰਕਾਰ ਨੂੰ ਜਾਇਦਾਦਾਂ ਦੀ ਰਜਿਸਟਰੀ ਕਰਨ ਦੌਰਾਨ ਭ੍ਰਿਸ਼ਟਾਚਾਰ ਸਬੰਧੀ ਸ਼ਿਕਾਇਤਾਂ ਮਿਲ ਰਹੀਆਂ ਸਨ। ਇਹ ਨੈੱਟਵਰਕ ਤੋੜਨ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਾਪਰਟੀ ਦੀ ਰਜਿਸਟਰੀ ਨੂੰ ਆਨਲਾਈਨ ਪ੍ਰਕਿਰਿਆ ਤਹਿਤ ਕਰਨ ਦਾ ਐਲਾਨ ਕੀਤਾ ਸੀ। ਇਸ ਸਬੰਧੀ ਸੋਮਵਾਰ ਨੂੰ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਸ਼ੁਰੂਆਤ ਵਿਚ ਮਾਲ ਮਾਮਲਿਆਂ ਨਾਲ ਜੁੜੇ ਸਾਰੇ ਅਧਿਕਾਰੀ, ਮੁਲਾਜ਼ਮ, ਵਸੀਕਾ ਨਵੀਸ ਅਤੇ ਰੈਵੇਨਿਊ ਸਬੰਧੀ ਕੰਮ ਕਰਨ ਵਾਲੇ ਵਕੀਲਾਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਲਈ ਇਸ ਦੇ ਦੂਜੇ ਪੜਾਅ ਵਿਚ ਪਟਵਾਰੀ, ਕਾਨੂੰਨਗੋ, ਨੰਬਰਦਾਰ ਅਤੇ ਗਿਰਦੌਰਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਜਾਣਕਾਰੀ ਮੁਤਾਬਕ ਇਸ ਪ੍ਰਕਿਰਿਆ ਤੋਂ ਬਾਅਦ ਮਹੀਨੇ ਵਿਚ ਆਨਲਾਈਨ ਪ੍ਰਕਿਰਿਆ ਰਾਹੀਂ ਪ੍ਰਾਪਰਟੀ ਦੀ ਰਜਿਸਟਰੀ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।
ਆਨਲਾਈਨ ਪ੍ਰਬੰਧ ਤਹਿਤ ਕਿਸੇ ਵੀ ਪ੍ਰਾਪਰਟੀ ਦੀ ਰਜਿਸਟਰੀ ਕਰਨ ਲਈ 48 ਘੰਟੇ ਪਹਿਲਾਂ ਇਸ ਨੂੰ ਮਾਲ ਵਿਭਾਗ ਵੱਲੋਂ ਤਿਆਰ ਕੀਤੇ ਜਾਣ ਵਾਲੇ ਪੋਰਟਲ ‘ਤੇ ਅਪਲੋਡ ਕਰਨਾ ਹੋਵੇਗਾ। ਇਸ ਸਮੇਂ ਦੌਰਾਨ ਸਬ-ਰਜਿਸਟਰਾਰ ਸਾਰੇ ਦਸਤਾਵੇਜ਼ਾਂ ਦੀ ਜਾਂਚ ਕਰਨ ਤੋਂ ਬਾਅਦ ਇਸ ਨੂੰ ਰਿਪੋਰਟ ਕਰਨਗੇ। ਜਿਸ ਦੇ ਅਧਾਰ ‘ਤੇ ਰਜਿਸਟਰੀ ਦੀ ਤਸਦੀਕ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜੇ ਰਜਿਸਟਰੀ ਵਿਚ ਕਿਸੇ ਤਰ੍ਹਾਂ ਦੀ ਖ਼ਾਮੀ ਹੋਵੇਗੀ ਤਾਂ ਸਬ-ਰਜਿਸਟਰਾਰ ਨੂੰ ਇਸ ਬਾਰੇ ਦੱਸਣਾ ਪਵੇਗਾ, ਜਿਸ ਦੇ ਆਧਾਰ ‘ਤੇ ਖ਼ਾਮੀਆਂ ਦੂਰ ਕਰਨ ਲਈ ਅਰਜ਼ੀਕਰਤਾ ਨੂੰ ਜਾਣਕਾਰੀ ਦਿੱਤੀ ਜਾਵੇਗੀ।
ਜਾਇਦਾਦ ਦੀ ਆਨਲਾਈਨ ਰਜਿਸਟਰੀ ਕਰਨ ਦੀ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਸੇਵਾ ਕੇਂਦਰਾਂ ਦੀ ਤਰ੍ਹਾਂ ਕਾਊਂਟਰ ਲਗਾਏ ਜਾਣਗੇ। ਜਿੱਥੇ ਰਜਿਸਟਰੀ ਲਿਖਣ, ਦਸਤਾਵੇਜ਼ ਜੁੜਨ ਤੋਂ ਲੈ ਕੇ ਅਸ਼ਟਾਮ ਤੱਕ ਇਨ੍ਹਾਂ ਕਾਊਂਟਰਾਂ ਰਾਹੀਂ ਸੇਵਾਵਾਂ ਦਿੱਤੀਆਂ ਜਾਣਗੀਆਂ, ਜਿਸ ਨਾਲ ਲੋਕਾਂ ਨੂੰ ਇੱਕੋ ਛੱਤ ਹੇਠਾਂ ਜਾਇਦਾਦ ਦੀ ਰਜਿਸਟਰੀ ਕਰਨ ਦੀਆਂ ਸੇਵਾਵਾਂ ਮਿਲ ਸਕਣਗੀਆਂ।
ਜਾਇਦਾਦ ਦੀ ਰਜਿਸਟਰੀ ਨੂੰ ਆਨਲਾਈਨ ਪ੍ਰਕਿਰਿਆ ਤਹਿਤ ਆਸਾਨ ਬਣਾਉਣ ਲਈ ਸਰਕਾਰ ਵੱਲੋਂ ਸੇਵਾ ਮੁਕਤ ਪਟਵਾਰੀ, ਕਾਨੂੰਨਗੋ ਅਤੇ ਮਾਲ ਮਾਮਲਿਆਂ ਨਾਲ ਜੁੜੇ ਵਕੀਲਾਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ। ਇਨ੍ਹਾਂ ਦੀਆਂ ਸੇਵਾਵਾਂ ਨਾਲ ਰਜਿਸਟਰੀ ਲਿਖਣ, ਪੋਰਟਲ ‘ਤੇ ਅਪਲੋਡ ਕਰਨ ਤੇ ਸਬ-ਰਜਿਸਟਰਾਰ ਵੱਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਅਗਲੀ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ।
ਸੋਮਵਾਰ ਨੂੰ ਸਵੇਰੇ 9 ਵਜੇ ਤੋਂ 11 ਵਜੇ ਤੱਕ ਹੋਈ ਵਰਚੁਅਲ ਮੀਟਿੰਗ ਵਿਚ ਮਾਲ ਵਿਭਾਗ ਨਾਲ ਜੁੜੇ ਸਾਰੇ ਅਧਿਕਾਰੀ, ਮੁਲਾਜ਼ਮ ਅਤੇ ਵਸੀਕਾ ਨਵੀਸ ਜੁੜੇ ਸਨ। ਇਸ ਦੌਰਾਨ ਮਾਲ ਸਬੰਧੀ ਕੋਈ ਕੰਮ ਨਹੀਂ ਕੀਤਾ ਗਿਆ। ਵਜ੍ਹਾ ਇਹ ਸੀ ਕਿ ਤਹਸੀਲਾਂ ਵਿਚ ਕੰਮ ਕਰਨ ਪਹੁੰਚੇ ਲੋਕਾਂ ਨੂੰ 11 ਵਜੇ ਤੱਕ ਵਰਚੁਅਲ ਮੀਟਿੰਗ ਖ਼ਤਮ ਹੋਣ ਦਾ ਇੰਤਜ਼ਾਰ ਕਰਨਾ ਪਿਆ।