ਚੰਡੀਗੜ੍ਹ: ”ਸੂਬੇ ਦੇ ਸਰਕਾਰੀ ਹਸਪਤਾਲਾਂ ਅਤੇ ਕੋਰੋਨਾ ਕੇਅਰ ਸੈਂਟਰਾਂ ‘ਚ ਸਟਾਫ਼ ਅਤੇ ਸਹੂਲਤਾਂ ਦੀ ਵੱਡੇ ਪੱਧਰ ‘ਤੇ ਕਮੀ ਕਾਰਨ ਮਰੀਜ਼ਾਂ ਖ਼ਾਸ ਕਰਕੇ ਕੋਰੋਨਾ ਦੇ ਮਰੀਜ਼ਾਂ ਦੀਆਂ ਸ਼ਿਕਾਇਤਾਂ ਅਤੇ ਸ਼ਿਕਵੇ ਬੇਹੱਦ ਗੰਭੀਰ ਹਨ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕੋਰੋਨਾ ਮਹਾਂਮਾਰੀ ਨਾਲ ਨਿਪਟਣ ਲਈ ਦਿੱਲੀ ਦੀ ਕੇਜਰੀਵਾਲ ਸਰਕਾਰ ਦੇ ਦੇਖੇ-ਪਰਖੇ ਮਾਡਲ ਨੂੰ ਅਪਣਾਉਣ ‘ਚ ਕੋਈ ਝਿਜਕ ਨਾ ਦਿਖਾਵੇ।”
ਸ਼ਨੀਵਾਰ ਨੂੰ ਇਹ ਮੰਗ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂਆਂ ਅਤੇ ਵਿਧਾਇਕਾਂ ਨੇ ਸਾਂਝੇ ਤੌਰ ‘ਤੇ ਉਠਾਈ ਹੈ। ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ, ਮੁੱਖ ਬੁਲਾਰਾ ਅਤੇ ਵਿਧਾਇਕ ਪ੍ਰੋ. ਬਲਜਿੰਦਰ ਕੌਰ ਅਤੇ ਵਿਧਾਇਕ ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਕੋਰੋਨਾ ਦੇ ਲਗਾਤਾਰ ਵਧ ਰਹੇ ਕੇਸਾਂ ਕਾਰਨ ਜਿੱਥੇ ਸਰਕਾਰ ਦੇ ਹਸਪਤਾਲਾਂ ਅਤੇ ਪ੍ਰਬੰਧਾਂ ਦਾ ਜਲੂਸ ਨਿਕਲ ਰਿਹਾ ਹੈ, ਉੱਥੇ ਲੋਕਾਂ ਖ਼ਾਸ ਕਰਕੇ ਕੋਰੋਨਾ ਕੇਅਰ ਸੈਂਟਰਾਂ ‘ਚ ਭਰਤੀ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਸਬਰ ਦਾ ਬੰਨ੍ਹ ਟੁੱਟਦੇ ਜਾ ਰਹੇ ਹਨ।
ਹਰਪਾਲ ਸਿੰਘ ਚੀਮਾ ਨੇ ਬਠਿੰਡਾ ਦੇ ਕੋਰੋਨਾ ਕੇਅਰ ਸੈਂਟਰ ਦੇ ਮਰੀਜ਼ਾਂ ਵੱਲੋਂ ਛੱਤ ‘ਤੇ ਚੜ ਕੇ ਬਣਾਈ ਵਾਇਰਲ ਵੀਡੀਓ ਨੂੰ ਟਵਿੱਟਰ ‘ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਸਾਂਝਾ ਕਰਦੇ ਹੋਏ ਪੁੱਛਿਆ ਕਿ ਕੋਰੋਨਾ ਮਰੀਜ਼ਾਂ ਨੂੰ ਕੇਅਰ ਸੈਂਟਰਾਂ ‘ਚ ਖਾਣਾ ਤੱਕ ਨਸੀਬ ਨਹੀਂ ਹੋ ਰਿਹਾ। ਉਹ ਛੱਤਾਂ ‘ਤੇ ਚੜ ਕੇ ਆਵਾਜ਼ ਉਠਾਉਣ ਲਈ ਮਜਬੂਰ ਹਨ। ਕੋਰੋਨਾ (ਕੋਵਿਡ) ਨਾਲ ਨਿਪਟਣ ਲਈ ਸਰਕਾਰ ਦੇ ਇਹ ਕਿਹੋ ਜਿਹੇ ਪ੍ਰਬੰਧ ਹਨ? ਉੱਪਰੋਂ ਤੁਸੀਂ (ਮੁੱਖ ਮੰਤਰੀ) ਕੋਵਿਡ ਮਰੀਜ਼ਾਂ ਨੂੰ ਅਪੀਲ ਕਰਕੇ ਕਹਿ ਰਹੇ ਹੋ ਕਿ ਸਰਕਾਰੀ ਹਸਪਤਾਲਾਂ ‘ਚ ਕੋਰੋਨਾ ਦਾ ਇਲਾਜ ਕਰਾਓ ਪ੍ਰਬੰਧ ਬਹੁਤ ਵਧੀਆ ਹਨ। ਸਿਰਫ਼ ਬਠਿੰਡਾ ਹੀ ਨਹੀਂ ਬਾਕੀ ਕੋਰੋਨਾ ਕੇਅਰ ਸੈਂਟਰਾਂ ਦੇ ਪ੍ਰਬੰਧ ਵੀ ਇਸੇ ਤਰਾਂ ਤਰਸਯੋਗ ਹਨ। ਪੰਜਾਬ ਭਰ ਤੋਂ ਆ ਰਹੀਆਂ ਰਿਪੋਰਟਾਂ ਇਸ ਦੀ ਪੁਸ਼ਟੀ ਕਰਦੀਆਂ ਹਨ।
ਪ੍ਰੋ. ਬਲਜਿੰਦਰ ਕੌਰ ਅਤੇ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਪੰਜਾਬ ਸਰਕਾਰ ਸਰਕਾਰੀ ਹਸਪਤਾਲਾਂ ਖ਼ਾਸ ਕਰਕੇ ਕੋਰੋਨਾ ਕੇਅਰ ਸੈਂਟਰਾਂ ਦੀ ਤਰਸਯੋਗ ਹਾਲਤ ਸੁਧਾਰਨ ਲਈ ਲੋੜੀਂਦੇ ਬਜਟ 24 ਘੰਟੇ ਹੈਲਪ ਲਾਇਨ ਡੈਸਕ ਦਾ ਪ੍ਰਬੰਧ ਕਰੇ ਤਾਂ ਕਿ ਕਿਸੇ ਵੀ ਸਮੱਸਿਆ ਦਾ ਤੁਰੰਤ ਹੇਠਾਂ ਤੋਂ ਉੱਪਰ ਤੱਕ ਪਤਾ ਚੱਲੇ ਅਤੇ ਲੋੜੀਂਦੇ ਕਦਮ ਉਠਾਏ ਜਾ ਸਕਣ। ‘ਆਪ’ ਵਿਧਾਇਕਾਵਾਂ ਮੁਤਾਬਿਕ, ”ਪੰਜਾਬ ਸਰਕਾਰ ਕੇਜਰੀਵਾਲ ਸਰਕਾਰ ਦੀ ਤਰਜ਼ ‘ਤੇ ‘ਹੋਮ ਕੋਵਿਡ ਕੇਅਰ ਸੈਂਟਰ’ ਨੂੰ ਨਿਰਧਾਰਿਤ ਦਿਸ਼ਾ ਨਿਰਦੇਸ਼ਾਂ ਤਹਿਤ ਪ੍ਰਵਾਨਗੀ ਦੇਵੇ। ਦਿੱਲੀ ‘ਚ ਮਰੀਜ਼ ਦੀ ਇੱਛਾ ਅਤੇ ਆਲੇ-ਦੁਆਲੇ ਦੀ ਸੁਰੱਖਿਆ ਲਈ ਨਿਰਧਾਰਿਤ ਦਿਸ਼ਾ-ਨਿਰਦੇਸ਼ਾਂ ਦੀ ਸ਼ਰਤ ‘ਤੇ ਕੋਰੋਨਾ ਪਾਜੇਟਿਵ ਮਰੀਜ਼ਾਂ ਨੂੰ ਘਰਾਂ ‘ਚ ਰਹਿ ਕੇ ਹੀ ਇਲਾਜ ਕਰਾਉਣ ਦੀ ਪੂਰੀ ਖੁੱਲ ਹੈ। ਸਰਕਾਰ ਉਨ੍ਹਾਂ ਮਰੀਜ਼ਾਂ ਨੂੰ ਲੋੜੀਂਦੀਆਂ ਦਵਾਈਆਂ ਸਮੇਤ ਔਕਸੀਮੀਟਰ ਤੱਕ ਦੀ ਸਹੂਲਤ ਪ੍ਰਦਾਨ ਕਰਦੀ ਹੈ। ਦਿੱਲੀ ਸਰਕਾਰ ਦਾ ਇਹ ਮਾਡਲ ਬੇਹੱਦ ਸਫਲ ਰਿਹਾ ਹੈ। ਜਿਸ ਨੂੰ ਪੰਜਾਬ ਸਰਕਾਰ ਵੀ ਅਪਣਾ ਸਕਦੀ ਹੈ।”
ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਬਠਿੰਡਾ ਦੇ ਸਰਕਾਰੀ ਹਸਪਤਾਲ ਸਮੇਤ ਕੋਰੋਨਾ ਕੇਅਰ ਸੈਂਟਰ ‘ਚ ਸਟਾਫ਼ ਦੀ ਕਮੀ ਅਤੇ ਸਹੂਲਤਾਂ ਦਾ ਬੁਰਾ ਹਾਲ ਹੈ।