ਜਲੰਧਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਵਾਸੀਆਂ ਨੂੰ ਸਾਫ਼-ਸੁਥਰੀਆਂ, ਪਾਰਦਰਸ਼ੀ ਅਤੇ ਜਵਾਬਦੇਹ ਸੇਵਾਵਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ 504 ਨਵੇਂ ਭਰਤੀ ਪਟਵਾਰੀਆਂ ਨੂੰ 18 ਮਹੀਨਿਆਂ ਦੀ ਲਾਜ਼ਮੀ ਸਿਖਲਾਈ ਪੂਰੀ ਕਰਨ ਉਪਰੰਤ ਫ਼ੀਲਡ ਵਿੱਚ ਬਤੌਰ ਰੈਗੂਲਰ ਪਟਵਾਰੀ ਤੈਨਾਤ ਕੀਤਾ ਗਿਆ ਹੈ।
ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਸਾਫ਼-ਸੁਥਰੀਆਂ, ਪਾਰਦਰਸ਼ੀ ਅਤੇ ਜਵਾਬਦੇਹ ਨਾਗਰਿਕ ਕੇਂਦਰਿਤ ਸੇਵਾਵਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਇਨ੍ਹਾਂ ਪਟਵਾਰੀਆਂ ਦੀ ਨਿਯੁਕਤੀ ਕੀਤੀ ਗਈ ਹੈ। ਉਨ੍ਹਾਂ ਉਮੀਦ ਜਤਾਈ ਕਿ ਨੌਜਵਾਨ ਉਮੀਦਵਾਰਾਂ ਦੀ ਭਰਤੀ ਆਉਣ ਵਾਲੇ ਦਿਨਾਂ ਵਿੱਚ ਭ੍ਰਿਸ਼ਟਾਚਾਰ-ਮੁਕਤ ਸਮਾਜ ਦੀ ਸਿਰਜਣਾ ਲਈ ਅਹਿਮ ਸਾਬਤ ਹੋਵੇਗੀ ਅਤੇ ਉੱਚ ਵਿੱਦਿਅਕ ਯੋਗਤਾ ਪਾਸ ਇਨ੍ਹਾਂ ਪਟਵਾਰੀਆਂ ਦੀ ਤਾਇਨਾਤੀ ਨਾਲ ਈਜ਼ੀ ਜਮ੍ਹਾਬੰਦੀ, ਈਜ਼ੀ ਰਜਿਸਟਰੀ ਜਿਹੇ ਸੁਧਾਰਾਂ ਨੂੰ ਹੇਠਲੇ ਪੱਧਰ ਉੱਤੇ ਹੋਰ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਹੋ ਸਕੇਗੀ।
ਚੇਅਰਮੈਨ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਰਾਜ ਸਰਕਾਰ ਵੱਲੋਂ ਇਨ੍ਹਾਂ ਨਵੇਂ ਭਰਤੀ ਪਟਵਾਰੀਆਂ ਨੂੰ ਟਰੇਨਿੰਗ ਦੌਰਾਨ ਲੈਂਡ ਰਿਕਾਰਡ, ਪੈਮਾਇਸ਼, ਰਿਕਾਰਡ ਦੀ ਤਿਆਰੀ, ਮੁਰੱਬੇਬੰਦੀ, ਖੇਤੀਬਾੜੀ ਅਤੇ ਕੰਪਿਊਟਰ ਵਿਸ਼ਿਆਂ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਇਨ੍ਹਾਂ ਵਿਸ਼ਿਆਂ ਵਿਚੋਂ ਇਲੈੱਕਸ਼ਨ ਅਤੇ ਖੇਤੀਬਾੜੀ ਸਬੰਧੀ ਵਿਸ਼ੇਸ਼ ਟਰੇਨਿੰਗ ਦਿੱਤੀ ਗਈ। ਇਲੈੱਕਸ਼ਨ ਵਿਸ਼ੇ ਵਿਚ ਮੁੱਖ ਤੌਰ ‘ਤੇ ਵੋਟਰ ਸੂਚੀਆਂ ਤਿਆਰ ਕਰਨ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਖੇਤੀਬਾੜੀ ਵਿਸ਼ੇ ਵਿੱਚ ਹਾੜੀ ਅਤੇ ਸਾਉਣੀ ਦੀਆਂ ਫ਼ਸਲਾਂ, ਕੀੜੇ ਮਾਰ ਦਵਾਈਆਂ, ਖਾਦ ਅਤੇ ਫ਼ਸਲਾਂ ਦੇ ਬੀਜ ਸਬੰਧੀ ਪੂਰਨ ਤੌਰ ‘ਤੇ ਜਾਣਕਾਰੀ ਦਿੱਤੀ ਗਈ। ਆਈ.ਐੱਲ.ਐੱਮ.ਐੱਸ. (ਇਨਟੈੱਗਰੇਟਿਡ ਲੈਂਡ ਮੈਨੇਜਮੈਂਟ ਸਿਸਟਮ) ਸਾਫ਼ਟਵੇਅਰ ‘ਤੇ ਇਨ੍ਹਾਂ ਉਮੀਦਵਾਰਾਂ ਨੂੰ ਪ੍ਰੈਕਟੀਕਲ ਤੌਰ ‘ਤੇ ਜਮ੍ਹਾਬੰਦੀ ਦੀ ਡਾਟਾ ਐਂਟਰੀ, ਇੰਤਕਾਲ ਦਰਜ ਕਰਨਾ, ਰੋਜ਼ਨਾਮਚਾ, ਫ਼ਰਦ ਬਦਰ ਆਦਿ ਦੀ ਸਿਖਲਾਈ ਦਿੱਤੀ ਗਈ ਹੈ।
ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਸਾਢੇ ਤਿੰਨ ਸਾਲਾਂ ਦੌਰਾਨ 55000 ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਕੇ ਆਪਣਾ ਚੋਣ ਵਾਅਦਾ ਨਿਭਾਇਆ ਹੈ। ਉਨ੍ਹਾਂ ਕਿਹਾ ਕਿ ਆਉਂਦੇ ਸਮੇਂ ਵਿੱਚ ਰਾਜ ਸਰਕਾਰ ਵੱਲੋਂ ਹੋਰ ਵਿਭਾਗਾਂ ਵਿੱਚ ਵੀ ਸਰਕਾਰੀ ਭਰਤੀ ਕੀਤੀ ਜਾਵੇਗੀ।