ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਸੁਤੰਤਰਤਾ ਸੈਨਾਨੀਆਂ ਦੇ ਸਾਰੇ ਯੋਗ ਵਾਰਸਾਂ ਨੂੰ ਮੁਫ਼ਤ ਸਫਰ ਸਹੂਲਤ ਦੇਣ ਦਾ ਫੈਸਲਾ ਕੀਤਾ ਗਿਆ ਹੈ। ਉਕਤ ਜਾਣਕਾਰੀ ਪੰਜਾਬ ਦੇ ਸੁਤੰਤਰਤਾ ਸੈਨਾਨੀਆਂ ਬਾਰੇ ਮੰਤਰੀ ਓਮ ਪ੍ਰਕਾਸ਼ ਸੋਨੀ ਵੱਲੋਂ ਦਿੱਤੀ ਗਈ।
ਸੋਨੀ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੁਤੰਤਰਤਾ ਸੈਨਾਨੀਆਂ ਦੇ ਪਰਿਵਾਰਾਂ ਦੀ ਭਲਾਈ ਲਈ ਹਮੇਸ਼ਾ ਤਤਪਰ ਰਹਿੰਦੀ ਹੈ। ਉਨਾਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਸੱਤਾ ਸੰਭਾਲਣ ਤੋਂ ਬਾਅਦ ਕਈ ਅਹਿਮ ਫੈਸਲੇ ਸੁਤੰਤਰਤਾ ਸੈਨਾਨੀਆਂ ਅਤੇ ਉਨਾਂ ਦੇ ਯੋਗ ਵਾਰਸਾਂ ਦੀ ਭਲਾਈ ਹਿੱਤ ਕੀਤੇ ਗਏ ਹਨ।
ਉਨਾਂ ਦੱਸਿਆ ਕਿ ਨਵੇਂ ਫੈਸਲੇ ਅਨੁਸਾਰ ਸੁਤੰਤਰਤਾ ਸੈਨਾਨੀਆਂ ਨੂੰ ਪੰਜਾਬ ਰੋਡਵੇਜ਼ ਅਤੇ ਪੀ.ਆਰ.ਟੀ.ਸੀ. ਦੀਆਂ ਸਾਧਾਰਨ/ਏ.ਸੀ. ਬੱਸਾਂ ਵਿੱਚ ਮਿਲਣ ਵਾਲੀ ਮੁਫ਼ਤ ਸਫਰ ਸਹੂਲਤ ਦਾ ਦਾਇਰਾ ਵਧਾਉਂਦੇ ਹੋਏ ਇਸ ਮੁਫ਼ਤ ਸਫਰ ਸਹੂਲਤ ਵਿੱਚ ਉਨਾਂ ਦੀਆਂ ਵਿਧਵਾਵਾਂ, ਅਣਵਿਆਹੀਆਂ ਅਤੇ ਬੇਰੁਜ਼ਗਾਰ ਲੜਕੀਆਂ ਸਮੇਤ ਸੁਤੰਤਰਤਾ ਸੈਨਾਨੀਆਂ ਦੇ ਤੀਸਰੀ ਪੀੜੀ ਤੱਕ ਦੇ ਸਾਰੇ ਯੋਗ ਵਾਰਸਾਂ ਲੜਕਾ/ਲੜਕੀ, ਪੋਤਾ/ਪੋਤੀ, ਦੋਹਤਾ/ਦੋਹਤੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਸੋਨੀ ਨੇ ਦੱਸਿਆ ਕਿ ਇਸ ਸਬੰਧੀ ਸੁਤੰਤਰਤਾ ਸੈਨਾਨੀ ਵਿਭਾਗ ਵੱਲੋਂ ਸਬੰਧਤ ਵਿਭਾਗਾਂ ਨੂੰ ਹੁਕਮ ਵੀ ਜਾਰੀ ਕਰ ਦਿੱਤੇ ਹਨ।