ਪੰਜਾਬ ਸਰਕਾਰ ਨੇ ਸੂਬੇ ‘ਚ ਕੋਵਿਡ-19 ਦੇ ਪਹਿਲੇ ਇਲਾਜ ਲਈ ਪਲਾਜ਼ਮਾ ਥੈਰੇਪੀ ਨੂੰ ਦਿੱਤੀ ਮਨਜ਼ੂਰੀ

TeamGlobalPunjab
2 Min Read

ਚੰਡੀਗੜ : ਪੰਜਾਬ ਸਰਕਾਰ ਵੱਲੋਂ ਕੋਵਿਡ-19 ਦੇ ਪਹਿਲੇ ਇਲਾਜ ਲਈ ਪਲਾਜ਼ਮਾ ਥੈਰੇਪੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤਕਨੀਕ ਲਈ ਪੰਜਾਬ ਸਰਕਾਰ ਐਸ.ਪੀ.ਐਸ. ਹਸਪਤਾਲ ਲੁਧਿਆਣਾ ਦੀ ਮੈਡੀਕਲ ਟੀਮ ਨੂੰ ਸਹਿਯੋਗ ਦੇਵੇਗੀ। ਪੰਜਾਬ ਸਰਕਾਰ ਨੇ ਕੁਝ ਦਿਨ ਪਹਿਲਾ ਕੋਰੋਨਾਵਾਇਰਸ ਨਾਲ ਸੰਕਰਮਿਤ ਪਾਏ ਗਏ ਪੰਜਾਬ ਪੁਲੀਸ ਦੇ ਏ.ਸੀ.ਪੀ. ਅਨਿਲ ਕੋਹਲੀ ਦੀ ਪਲਾਜ਼ਮਾ ਥੈਰੇਪੀ ਕਰਵਾਉਣ ਦਾ ਫੈਸਲਾ ਕੀਤਾ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਵਿੱਚ ਕੋਵਿਡ-19 ਸਥਿਤੀ ਦੀ ਸਮੀਖਿਆ ਕਰਨ ਵਾਸਤੇ ਸੱਦੀ ਵੀਡਿਓ ਕਾਨਫਰੰਸ ਤੋਂ ਬਾਅਦ ਇਸ ਦੀ ਜਾਣਕਾਰੀ ਦਿੱਤੀ ਗਈ ਹੈ।ਪੰਜਾਬ ਪੁਲਿਸ ਦੇ ਏ.ਸੀ.ਪੀ. ਅਨਿਲ ਕੋਹਲੀ  ਲੁਧਿਆਣਾ ਦੇ ਅਪੋਲੋ ਹਸਪਤਾਲ ਵਿੱਚ ਇਲਾਜ ਜੇਰੇ ਹਨ। ਪਲਾਜ਼ਮਾ ਥੈਰੇਪੀ ਵਿੱਚ ਆਧੁਨਿਕ ਤਕਨਾਲੋਜੀ ਦੀ ਵਰਤੋਂ ਕੀਤੀ ਜਾਵੇਗੀ। ਇਸ ਥੈਰੇਪੀ ਦਾ ਪ੍ਰਬੰਧ ਸੂਬਾ ਸਰਕਾਰ ਦੇ ਸਿਹਤ ਸਲਾਹਕਾਰ ਅਤੇ ਪੀ.ਜੀ.ਆਈ. ਦੇ ਸਾਬਕਾ ਡਾਇਰੈਕਟਰ ਡਾ.ਕੇ.ਕੇ.ਤਲਵਾੜ ਵੱਲੋਂ ਕੀਤਾ ਜਾਵੇਗਾ ਤੇ ਪੀਜੀਆਈ ਦੇ ਬਲੱਡ ਟਰਾਂਸਫਿਊਜ਼ਨ ਵਿਭਾਗ ਦੇ ਸਾਬਕਾ ਮੁਖੀ ਡਾ.ਨੀਲਮ ਮਰਵਾਹਾ ਨੇ ਪਲਾਜ਼ਮਾ ਥੈਰੇਪੀ ‘ਚ ਮਦਦ ਕਰਨਗੇ।

ਦੱਸ ਦਈਏ ਕਿ ਪੰਜਾਬ ਪੁਲੀਸ ਦੇ ਏਸੀਪੀ ਅਨਿਲ ਕੋਹਲੀ ਦੇ ਸੰਪਰਕ ‘ਚ ਆਉਣ ਵਾਲੇ ਤਿੰਨ ਜਣਿਆਂ ਦੇ ਕੋਵਿਡ-19 ਦੇ ਟੈਸਟ ਕੀਤੇ ਗਏ ਸਨ। ਜਿਨ੍ਹਾਂ ‘ਚ ਅਨਿਲ ਕੋਹਲੀ ਦੀ ਪਤਨੀ ਪਲਕ ਕੋਹਲੀ, ਡਰਾਇਵਰ ਸਿਪਾਹੀ ਪ੍ਰਭਜੋਤ ਸਿੰਘ (ਫਿਰੋਜ਼ਪੁਰ) ਤੇ ਅਨਿਲ ਕੋਹਲੀ ਜੋਧੇਵਾਲ ਦਾ ਸਬ ਇੰਸਪੈਕਟਰ ਅਰਸ਼ਪ੍ਰੀਤ ਗਰੇਵਾਲ ਸ਼ਾਮਲ ਹਨ।

ਪੰਜਾਬ ‘ਚ ਕੋਰੋਨਾ ਮਹਾਮਾਰੀ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਜਿਸ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਫਿਊ ਦੀ ਮਿਆਦ 3 ਮਈ ਤੱਕ ਵਧਾ ਦਿੱਤੀ ਹੈ। ਪੰਜਾਬ ‘ਚ ਹੁਣ ਤੱਕ ਕੋਰੋਨਾ ਦੇ 214 ਮਾਮਲੇ ਸਾਹਮਣੇ ਆ ਚੁੱਕੇ ਹਨ। ਅੱਜ ਜ਼ਿਲ੍ਹਾ ਲੁਧਿਆਣਾ ਦੇ ਕਾਨੂੰਗੋ ਗੁਰਮੇਲ ਸਿੰਘ (58) ਨੇ ਕੋਰੋਨਾ ਬਿਮਾਰੀ ਕਾਰਨ ਦਮ ਤੋੜ ਦਿੱਤਾ। ਦਸਣਯੋਗ ਹੈ ਕਿ ਸੂਬੇ ਵਿੱਚ ਕੋਰੋਨਾ ਨਾਲ ਹੁਣ ਤੱਕ  15 ਮੌਤਾਂ ਹੋ ਚੁੱਕੀਆਂ ਹਨ।

Share This Article
Leave a Comment